ਇਹ ਖੇਡਾਂ ਲੈ ਜਾਣਗੀਆਂ ਤੁਹਾਨੂੰ ਤੁਹਾਡੇ ਬਚਪਨ 'ਚ

Written by  Gourav Kochhar   |  October 23rd 2017 01:01 PM  |  Updated: October 26th 2017 11:21 AM

ਇਹ ਖੇਡਾਂ ਲੈ ਜਾਣਗੀਆਂ ਤੁਹਾਨੂੰ ਤੁਹਾਡੇ ਬਚਪਨ 'ਚ

ਪੰਜਾਬੀ ਸੱਭਿਆਚਾਰ, ਵਿਰਸਾ ਤੇ ਪੰਜਾਬੀ ਬੋਲੀ ਦੁਨੀਆਂ 'ਚ ਇਕ ਸੱਜਰੀ ਨਵੀਂ ਵਿਲੱਖਣਤਾ ਰੱਖਦੀ ਹੈ। ਪੰਜਾਬੀ ਵਿਰਸੇ ਵਿਚ ਤਰ੍ਹਾਂ - ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲਦੇ ਹਨ | ਇਥੋਂ ਦੇ ਬੱਚਿਆਂ ਦੀਆਂ ਖੇਡਾਂ ਵੀ ਵੱਖਰੀਆਂ ਹਨ | ਖੇਡਾਂ ਜੋ ਕਈ ਸਾਲਾਂ ਤੋਂ ਪੰਜਾਬ ਵਿਚ ਖੇਡੀਆਂ ਜਾ ਰਹੀਆਂ ਹਨ:

ਸਟਾਪੂ:

ਇਹ ਖੇਡ ਮੁੰਡੇ ਅਤੇ ਕੁੜੀਆਂ ਦੋਵੇਂ ਖੇਡ ਸਕਦੇ ਹਨ | ਇਹ ਖੇਡ ਖੇਡਣ ਲਈ ਪਹਿਲਾਂ ਜਮੀਨ ਤੇ ਚਾਰੋ ਪਾਸੇ ਇਕ ਸੀਮਾ ਖਿੱਚ ਦਿੱਤੀ ਜਾਂਦੀ ਹੈ ਅਤੇ ਇਸ ਪੱਥਰ ਦੇ ਟੁਕੜੇ ਨਾਲ ਇਸਨੂੰ ਖੇਡਿਆ ਜਾਂਦਾ ਹੈ |

ਕਿੱਕਲੀ:

ਇਹ ਖੇਡ ਆਮ ਤੌਰ ਤੇ ਕੁੜੀਆਂ ਖੇਡਦਿਆਂ ਨੇ | ਦੋ ਜਾਂ ਚਾਰ ਕੁੜੀਆਂ ਇਕ ਦੂਜੇ ਦਾ ਹੱਥ ਫੱੜ ਕੇ ਇਕ ਗੋਲੇ ਵਿਚ ਚੱਕਰ ਲਗਾਉਂਦੀਆਂ ਹਨ ਤੇ ਨਾਲ-ਨਾਲ ਗਾਉਂਦੀਆਂ ਨੇ:

ਕਿੱਕਲੀ ਕਲੀਰ ਦੀ

ਪੱਗ ਮੇਰੇ ਵੀਰ ਦੀ

ਦੁਪੱਟਾ ਮੇਰੇ ਭਾਈ ਦਾ

ਫਿੱਟੇ ਮੂੰਹ ਜਵਾਈ ਦਾ

ਕੌਕਲਾ ਛਪਾਕੀ:

ਇਹ ਖੇਡ ਅੱਜ ਵੀ ਬੱਚਿਆਂ ਵਿਚ ਬਹੁਤ ਮਸ਼ਹੂਰ ਹੈ, ਇਸਨੂੰ ਮੁੰਡੇ ਅਤੇ ਕੁੜੀਆਂ ਦੋਵੇ ਖੇਡਦੇ ਹਨ | ਬੱਚੇ ਇਕ ਗੋਲ-ਚੱਕਰ ਬਣਾ ਕੇ ਬੈਠ ਜਾਂਦੇ ਹਨ ਤੇ ਇਕ ਬੱਚਾ ਹੱਥ 'ਚ ਰੁਮਾਲ ਫੱੜ ਉਨ੍ਹਾਂ ਦੇ ਆਲੇ-ਦੁਆਲੇ ਚੱਕਰ ਲਗਾਉਂਦਾ ਹੈ ਤੇ ਗਾਉਂਦਾ ਹੈ:

"ਕੌਕਲਾ ਛਪਾਕੀ ਜੁੱਮੇ ਰਾਤ ਆਈ ਏ, ਜਿਹੜਾ ਅਗੇ ਪਿੱਛੇ ਵੇਖੇ ਓਹਦੀ ਸ਼ਾਮਤ ਆਈ ਏ |"

ਇਸ ਵਿਚ ਬੈਠੇ ਹੋਏ ਬੱਚਿਆਂ ਨੂੰ ਚੇਤਾਵਨੀ ਹੁੰਦੀ ਹੈ ਕਿ ਉਹ ਅਗੇ ਜਾਂ ਪਿੱਛੇ ਮੂੜ੍ਹ ਕੇ ਨਹੀਂ ਵੇਖ ਸਕਦੇ ਤੇ ਖੜ੍ਹਾ ਬੱਚਾ ਜਿਸ ਕਿਸੇ ਵੀ ਬੱਚੇ ਦੀ ਪਿੱਠ ਪਿੱਛੇ ਰੁਮਾਲ ਸਿੱਟ ਦਊਗਾ ਉਹ ਬੱਚਾ ਦੂਜੇ ਬੱਚੇ ਨੂੰ ਫੜੂਗਾ ਜੱਦ ਤਕ ਉਹ ਕਿਸੀ ਦੀ ਜਗ੍ਹਾ ਤੇ ਬੈਠ ਨਹੀਂ ਜਾਂਦਾ |

ਲੁਕਣ ਮੀਟੀ:

ਇਹ ਖੇਡ ਵੀ ਮੁੰਡੇ ਅਤੇ ਕੁੜੀਆਂ ਇਕੱਠੇ ਖੇਡ ਸਕਦੇ ਨੇ, ਹੋਰ ਤਾਂ ਹੋਰ ਇਸਨੂੰ ਦੋ ਟੀਮਾਂ ਮਿਲ ਕੇ ਵੀ ਖੇਡ ਸਕਦੀਆਂ ਨੇ | ਪਹਿਲੀ ਟੀਮ ਲੁਕੇਗੀ ਤੇ ਦੂਜੀ ਟੀਮ ਉਨ੍ਹਾਂ ਨੂੰ ਲੱਭੂਗੀ, ਅਗਰ ਪਹਿਲੀ ਟੀਮ ਦਾ ਕੋਈ ਮੈਂਬਰ ਪਿੱਛੋਂ ਜਾ ਕੇ ਦੂਜੀ ਟੀਮ ਦੇ ਕਿਸੀ ਮੈਂਬਰ ਨੂੰ ਠੱਪਾ ਜਾ ਹੱਥ ਲਗਾ ਦਿੰਦਾ ਹੈ ਤਾਂ ਇਹ ਖੇਡ ਦੁਬਾਰਾ ਸ਼ੁਰੂ ਹੋ ਜਾਂਦੀ ਹੈ |

ਬਾਂਦਰ ਕਿੱਲਾ:

ਪਿੰਡਾਂ ਵਿਚ ਖੇਡੀ ਜਾਣ ਵਾਲੀ ਇਹ ਇਕ ਬਹੁਤ ਹੀ ਮਸ਼ਹੂਰ ਖੇਡਾਂ ਵਿਚੋਂ ਇੱਕ ਹੈ | ਇਸ ਖੇਡ ਨੂੰ ੨ ਜਾਂ ੩ ਤੋਂ ਵੱਧ ਬੱਚੇ ਮਿਲ ਕੇ ਖੇਡਦੇ ਹਨ ਜਿਸ ਵਿਚੋਂ ਇਕ ਬੱਚਾ ਬਾਂਦਰ ਬਣਦਾ ਹੈ ਤੇ ਉਸਨੂੰ ਇਕ ਕਿੱਲੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ | ਬਾਕੀ ਬੱਚੇ ਉਸ ਬਾਂਦਰ ਬਣੇ ਬੱਚੇ ਦੇ ਚਾਰੇ ਪਾਸੇ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਰੱਖ ਦਿੰਦੇ ਹਨ ਤੇ ਉਹ ਬਾਂਦਰ ਬਣਿਆ ਬੱਚਾ ਉਨ੍ਹਾਂ ਦੀ ਸੰਭਾਲ ਕਰਦਾ ਹੈ | ਬਾਕੀ ਬੱਚਿਆਂ ਨੇ ਉਨ੍ਹਾਂ ਜੁੱਤੀਆਂ ਨੂੰ ਚੁੱਕਣਾ ਹੁੰਦਾ ਹੈ ਤੇ ਇਸ ਮੁਕਾਬਲੇ 'ਚ ਜੇ ਬਾਂਦਰ ਬਣਿਆ ਬੱਚਾ ਕਿਸੇ ਬੱਚੇ ਨੂੰ ਛੂ ਲੈਂਦਾ ਹੈ ਤਾਂ ਫਿਰ ਉਹ ਬੱਚਾ ਬਾਂਦਰ ਬਣਦਾ ਹੈ |

ਲੱਕ ਭੰਨਣਾ:

ਇਹ ਖੇਡ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੰਦਾ ਹੈ | ਪਿੰਡਾਂ ਵਿਚ ਇਹ ਖੇਡ ਖੇਡਦੇ ਬੱਚੇ ਅਕਸਰ ਦਿੱਖ ਜਾਂਦੇ ਨੇ | ਇਸ ਖੇਡ ਨੂੰ ਖੇਡਣ ਲਈ ਕਿਸੀ ਸਪੈਸ਼ਲ ਚੀਜ਼ਾਂ ਦੀ ਜਰੂਰਤ ਨਹੀਂ ਪੈਂਦੀ ਸਿਰਫ ਇਕ ਗੇਂਦ ਨਾਲ ਖੇਡਿਆ ਜਾਂਦਾ ਹੈ | ਬੱਚੇ ਗੇਂਦ ਨੂੰ ਇਕ ਦੂਜੇ ਦੀ ਪਿੱਠ ਤੇ ਮਾਰਦੇ ਨੇ |

ਪਿੱਠੂ ਗਰਮ:

ਇਹ ਖੇਡ ਵੀ ਪੰਜਾਬੀ ਸਭਿਆਚਾਰ ਦਾ ਇਕ ਹਿੱਸਾ ਹੈ | ਇਹ ਪੰਜਾਬ ਦੇ ਪਿੰਡਾਂ 'ਚ ਖੇਡੀ ਜਾਣ ਵਾਲੀ ਇਕ ਮਸ਼ਹੂਰ ਖੇਡ ਹੈ | ਇਸ ਖੇਡ ਲਈ ਵੀ ਕਿਸੀ ਅਲੱਗ ਚੀਜ਼ਾਂ ਦੀ ਜਰੂਰਤ ਨਹੀਂ ਪੈਂਦੀ, ਚਾਹੀਦੇ ਹਨ ਤਾਂ ਸਿਰਫ਼ ਇਕ ਰੱਬੜ ਦੀ ਗੇਂਦ ਅਤੇ ਪੰਜ ਜਾਂ ਛੇ ਗੋਲ ਪੱਥਰ | ਇਸ ਖੇਡ ਦੀ ਜੋ ਖ਼ਾਸ ਮਹੱਤਤਾ ਹੈ ਤਾਂ ਉਹ ਹੈ ਏਕਤਾ |

ਲੰਗੜਾ ਸ਼ੇਰ:

ਇਹ ਖੇਡ ਪੰਜਾਬ ਦੇ ਬੱਚਿਆਂ 'ਚ ਬਹੁਤ ਮਸ਼ਹੂਰ ਹੈ | ਇਸ ਖੇਡ ਵਿਚ ਇਕ ਗੋਲ ਚੱਕਰ ਬਣਾ ਲਿਆ ਜਾਂਦਾ ਹੈ ਜਿਸ ਅੰਦਰ ਇਕ ਬੱਚਾ ਇੱਕ ਲੱਤ ਤੇ ਖੜ੍ਹਾ ਹੋ ਜਾਂਦਾ ਹੈ | ਇੱਕ ਲੱਤ ਤੇ ਸੰਤੁਲਨ ਬਣਾ ਕੇ ਗੋਲ ਚੱਕਰ ਅੰਦਰ ਖੜੇ ਰਹਿਣ ਦੇ ਨਾਲ ਨਾਲ ਬੱਚੇ ਨੇ ਦੂਜੇ ਬੱਚਿਆਂ ਨੂੰ ਹੱਥ ਲਾਉਣਾ ਹੁੰਦਾ ਹੈ | ਜੇ ਗੋਲ ਚੱਕਰ ਅੰਦਰ ਖੜ੍ਹਾ ਬੱਚਾ ਬਾਹਰ ਖੜੇ ਕਿਸੇ ਬੱਚੇ ਨੂੰ ਛੂ ਲੈਂਦਾ ਹੈ ਤਾਂ ਫਿਰ ਉਹ ਬੱਚਾ ਲੰਗੜਾ ਸ਼ੇਰ ਬਣਦਾ ਹੈ |

ਗੁੱਲੀ ਡੰਡਾ:

ਇਹ ਖੇਡ ਆਮਤੌਰ ਤੇ ਮੁੰਡੇ ਖੇਡਦੇ ਨੇ, ਇਸ ਖੇਡ ਨੂੰ ਕ੍ਰਿਕਟ ਦਾ ਸਧਾਰਨ ਰੂਪ ਵੀ ਕਹਿ ਸਕਦੇ ਹਾਂ | ਇਸਨੂੰ ਖੇਡਣ ਲਈ ਲਕੜੀ ਦੇ ਇੱਕ ਡੰਡੇ ਦੀ ਅਤੇ ਇੱਕ ਗੁੱਲੀ (ਲਕੜੀ ਦਾ ਇੱਕ ਛੋਟਾ ਟੁਕੜਾ ਜਿਸਦੇ ਦੋਵੇਂ ਸਿਰੇ ਨੋਖਿਲੇ ਹੋਣ) ਦੀ ਜਰੂਰਤ ਪੈਂਦੀ ਹੈ | ਦੋ ਟੀਮਾਂ ਬਣਾ ਦਿੱਤੀਆਂ ਜਾਂਦੀਆਂ ਹਨ, ਇੱਕ ਟੀਮ ਗੁੱਲੀ ਸੁੱਟਦੀ ਹੈ ਤੇ ਦੂਜੀ ਟੀਮ ਡੰਡੇ ਨਾਲ ਉਸਨੂੰ ਹਿੱਟ ਕਰਦੀ ਹੈ | ਇਸ ਤਰ੍ਹਾਂ ਦੀਆਂ ਕਈ ਖੇਡਾਂ ਗੁੱਲੀ ਡੰਡੇ ਨਾਲ ਖੇਡੀਆਂ ਜਾਂਦੀਆਂ ਹਨ |

ਅੱਕੜ ਬੱਕੜ:

ਅੱਕੜ ਬੱਕੜ ਬੋਮਬੈ ਬੋ

ਅੱਸੀ ਨੱਬੇ ਪੂਰੇ ਸੋ

ਸੋ ਕਲੋਟਾ ਤਿੱਤਰ ਮੋਟਾ

ਚੱਲ ਮਦਾਰੀ ਪੈਸਾ ਖੋਟਾ

ਖੋਟੇ ਦੀ ਖਟੇਆਈ

ਭਾਬੋ ਦੌੜੀ ਦੌੜੀ (ਨਸੀ ਨਸੀ) ਆਈ

ਪਰ ਬੜ੍ਹੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਚਪਨ ਦੀਆਂ ਖੇਡਾਂ ਜੋ ਕਈ ਸਾਲਾਂ ਤੋਂ ਪੰਜਾਬ ਵਿਚ ਖੇਡੀਆਂ ਜਾ ਰਹੀਆਂ ਸਨ ਉਹ ਅੱਜ ਕੱਲ ਅਲੋਪ ਹੁੰਦੀਆਂ ਜਾ ਰਹੀਆਂ ਹਨ | ਅੱਜ ਕੱਲ ਬੱਚੇ ਇਨ੍ਹਾਂ ਖੇਡਾਂ ਨੂੰ ਖੇਡਣ ਦੀ ਬਜਾਏ ਆਪਣਾ ਜ਼ਿਆਦਾ ਸਮ੍ਹਾਂ ਮੋਬਾਈਲ, ਟੀਵੀ ਜਾਂ ਕੰਪਿਊਟਰ ਉੱਤੇ ਵਿਅਸਤ ਕਰਨਾ ਉਚਿਤ ਸਮਝਦੇ ਹਨ ਜੋ ਕਿ ਪੰਜਾਬੀਆਂ ਅਤੇ ਪੰਜਾਬੀਅਤ ਲਈ ਬੜੀ ਸ਼ਰਮਨਾਕ ਗੱਲ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network