ਬਰਕਤ ਸਿੱਧੂ ਉਹ ਗਾਇਕ ਜਿਸ ਨੂੰ ਸੂਫ਼ੀ ਗਾਇਕੀ ਦਾ ਕਿਹਾ ਜਾਂਦਾ ਸੀ ਥੰਮ, ਮਾਸਟਰ ਸਲੀਮ ਦੇ ਪਰਿਵਾਰ ਨਾਲ ਰਿਹਾ ਇਹ ਰਿਸ਼ਤਾ 

written by Rupinder Kaler | July 12, 2019

ਬਰਕਤ ਸਿੱਧੂ ਉਹ ਸੂਫ਼ੀ ਗਾਇਕ ਜਿਸ ਦਾ ਸੰਗੀਤ ਹਰ ਇੱਕ ਦੀ ਰੂਹ ਨੂੰ ਸਕੂਨ ਦਿੰਦਾ ਹੈ । ਪੂਰਨ ਸ਼ਾਹ ਕੋਟੀ ਦੇ ਚਚੇਰਾ ਭਰਾ ਬਰਕਤ ਸਿੱਧੂ ਦਾ ਜਨਮ 18 ਸਤੰਬਰ 1946 ਨੂੰ ਜਲੰਧਰ ਦੇ ਪਿੰਡ ਕਨੀਆ ਦੇ ਰਹਿਣ ਵਾਲੇ ਲਾਲ ਚੰਦ ਦੇ ਘਰ ਤੇ ਮਾਤਾ ਪਠਾਣੀ ਦੀ ਕੁੱਖੋਂ ਹੋਇਆ ਸੀ । ਪਰ ਬਾਅਦ ਵਿੱਚ ਬਰਕਤ ਸਿੱਧੂ ਆਪਣੀ ਪਤਨੀ ਹੰਸੋ ਦੇਵੀ ਅਤੇ ਤਿੰਨ ਪੁੱਤਾਂ ਤੇ ਦੋ ਧੀਆਂ ਨਾਲ ਮੋਗਾ ਆ ਵੱਸਿਆ ਸੀ । ਬਰਕਤ ਸਿੱਧੂ ਨੇ ਪੂਰਨ ਸ਼ਾਹ ਕੋਟੀ ਦੇ ਪਿਤਾ ਉਸਤਾਦ ਨਿਰੰਜਨ ਦਾਸ ਨੂੰ ਹੀ ਆਪਣਾ ਗੁਰੂ ਧਾਰਿਆ ਤੇ ਉਹਨਾਂ ਪਾਸੋਂ ਹੀ ਗਾਇਕੀ ਦਾ ਹਰ ਗੁਰ ਸਿੱਖਿਆ । ਉਹਨਾਂ ਨੇ ਕੁਝ ਸਮਾਂ ਕੇਸਰ ਚੰਦ ਨਾਰੰਗ ਨਕੋਦਰ ਵਾਲਿਆਂ ਤੋਂ ਗਾਇਕੀ ਦਾ ਹਰ ਵਲ ਸਿੱਖਿਆ । ਬਰਕਤ ਸਿੱਧੂ ਆਪਣੀ ਰੂਹ ਦੇ ਸਕੂਨ ਲਈ ਹੀ ਗਾਉਂਦੇ ਸਨ ਉਹਨਾਂ ਨੇ ਕਦੇ ਵੀ ਆਪਣੇ ਸੰਗੀਤ ਨੂੰ ਵਪਾਰ ਨਹੀਂ ਬਣਾਇਆ ।

barkat-sidhu barkat-sidhu
ਕਿਹਾ ਜਾਂਦਾ ਹੈ ਕਿ ਟੀ-ਸੀਰੀਜ਼ ਕੰਪਨੀ ਦੇ ਮਾਲਕ ਮਰਹੂਮ ਗੁਲਸ਼ਨ ਕੁਮਾਰ ਨੇ ਉਹਨਾਂ ਨੂੰ 60  ਲੱਖ ਦੀ ਪੇਸ਼ਕਸ਼ ਕੀਤੀ ਸੀ, ਤੇ ਉਹਨਾਂ ਨੂੰ ਵਪਾਰਕ ਗੀਤ ਗਾੳੁਣ ਨੂੰ ਕਿਹਾ ਸੀ ਪਰ ਉਹਨਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ । ਬਰਕਤ ਸਿੱਧੂ ਨੇ ਜ਼ਿਆਦਾਤਰ ਮੇਲਿਆਂ ਤੇ ਮਹਿਫਿਲਾਂ ਵਿੱਚ ਹੀ ਗਾਇਆ ਹੈ, ਇਸੇ ਲਈ ਉਹਨਾਂ ਦੇ ਗਾਣਿਆਂ ਦੀ ਰਿਕਾਰਡਿੰਗ ਬਹੁਤ ਘੱਟ ਮਿਲਦੀ ਹੈ । ਬਰਕਤ ਸਿੱਧੂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਮਿਊਜ਼ਕ ਟੂਡੇ ਕੰਪਨੀ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ । ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਬਾਲੀਵੁੱਡ ਦੇ ਕਲਾਕਾਰਾਂ ਦੇ ਨਾਲ-ਨਾਲ ਗੁਲਾਮ ਅਲੀ, ਰੇਸ਼ਮਾ, ਅਜੇ ਚੱਕਰਵਰਤੀ, ਬਿੱਸਮਿਲ੍ਹਾ ਖਾਂ ਨਾਲ ਸਟੇਜ ਸਾਂਝੀ ਕੀਤੀ ਸੀ ।ਇਹ ਉਹਨਾਂ ਲਈ ਯਾਦਗਾਰ ਪਲ ਸੀ । ਬਰਕਤ ਸਿੱਧੂ ਆਲ ਇੰਡੀਆ ਰੇਡੀਓ ਅਤੇ ਦਿੱਲੀ ਤੇ ਜਲੰਧਰ ਦੂਰਦਰਸ਼ਨ ਤੇ ਅਕਸਰ ਗੀਤ ਗਾਉਂਦੇ ਸਨ । ਉਹਨਾਂ ਦੇ ਕੁਝ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਗੋਰੀਏ ਨੀਂ ਮੈਂ ਜਾਣਾ ਪ੍ਰਦੇਸ', 'ਰੱਬਾ ਮੇਰੇ ਹਾਲ ਦਾ ਮਹਿਰਮ ਤੂੰ', 'ਦੇਖੋ ਨੀ ਕੀ ਕਰ ਗਿਆ ਮਾਹੀ', 'ਹਰ ਸੂਰਤ ਵਿੱਚ ਵੱਸਦਾ ਢੋਲਣ ਮਾਹੀ' ਅਤੇ ਬੁੱਲ੍ਹੇ ਸ਼ਾਹ ਦਾ 'ਉਠ ਗਏ ਨੇ ਗਵਾਢੋਂ ਯਾਰ' ਵਰਗੇ ਗੀਤ ਆਉਂਦੇ ਹਨ । ਬਰਕਤ ਸਿੱਧੂ ਨੂੰ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੇ ਘੇਰ ਲਿਆ ਸੀ ਜਿਸ ਕਰਕੇ ਸੂਫੀ ਗਾਇਕੀ ਦਾ ਇਹ ਧਰੂ ਤਾਰਾ ਹਮੇਸ਼ਾ ਲਈ 17  ਅਗਸਤ 2014 ਨੂੰ ਕਿੱਤੇ ਗਵਾਚ ਗਿਆ ।

0 Comments
0

You may also like