
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਆਪਣਾ 92ਵਾਂ ਜਨਮਦਿਨ ਹੈ । ਸੁਰਿੰਦਰ ਕੌਰ ਦੇ ਜਨਮਦਿਨ ਮੌਕੇ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ਇੱਕ ਖ਼ਾਸ ਪ੍ਰੋਗਰਾਮ, "ਇੱਕ ਸੁਰੀਲੀ ਸ਼ਾਮ,ਪੰਜਾਬ ਦੀ ਕੋਇਲ ਦੇ ਨਾਮ"। ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਤੇ ਦੋਤੀ ਸੁਨੈਨੀ ਸ਼ਰਮਾ ਵੱਲੋਂ ਇਹ ਪ੍ਰੋਗਰਾਮ ਉਨ੍ਹਾਂ ਦੇ ਗਾਇਕੀ ਦੇ ਸਫ਼ਰ ਨੂੰ ਸਮਰਪਿਤ ਕੀਤਾ ਗਿਆ ਹੈ।
ਪੰਜਾਬ ਦੀ ਮਸ਼ਹੂਰ ਗਾਇਕਾ ਸੁਰਿੰਦਰ ਕੌਰ ਦੇ ਜਨਮਦਿਨ ਮੌਕੇ ਇਹ ਖ਼ਾਸ ਪ੍ਰੋਗਰਾਮ ਅੱਜ ਪੀਟੀਸੀ ਗੋਲਡ 'ਤੇ ਸ਼ਾਮ 6 ਵਜੇ,ਪੀਟੀਸੀ ਚੱਕਦੇ 'ਤੇ ਸ਼ਾਮ 7 ਵਜੇ, ਪੀਟੀਸੀ ਪੰਜਾਬੀ ਤੇ ਰਾਤ 8 ਵਜੇ, ਪੀਟੀਸੀ ਮਿਊਜ਼ਿਕ 'ਤੇ ਰਾਤ 9 ਵਜੇ ਪ੍ਰਸਾਰਿਤ ਹੋਵੇਗਾ।

ਦੱਸਣਯੋਗ ਹੈ ਕਿ ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਵਿਖੇ ਹੋਇਆ ਸੀ। 1947 'ਚ ਦੇਸ਼ ਦੀ ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਭਾਰਤ ਦੇ ਦਿੱਲੀ ਨੇੜੇ ਗਾਜ਼ਿਆਬਾਦ ਵਿਖੇ ਆ ਕੇ ਰਹਿਣ ਲੱਗਾ। ਸੁਰਿੰਦਰ ਕੌਰ ਨੇ ਆਪਣੀ ਵੱਡੀ ਭੈਣ ਨਾਲ ਸੰਗੀਤ ਦੀ ਸਿੱਖਿਆ ਲਈ। ਉਨ੍ਹਾਂ ਨੇ ਇਨਾਇਤ ਹੁਸੈਨ ਤੇ ਪੰਡਤ ਮਾਨੀ ਪ੍ਰਸਾਦ ਕੋਲੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ।

ਆਪਣੇ ਗਾਇਕੀ ਦੇ ਸਫ਼ਰ ਵਿੱਚ ਸੁਰਿੰਦਰ ਕੌਰ ਨੇ ਕਈ ਪੰਜਾਬੀ ਲੋਕ ਗੀਤ ਤੇ ਸੱਭਿਆਚਾਰਕ ਗੀਤ ਗਾਏ। ਉਨ੍ਹਾਂ ਨੇ 1948 ਤੋਂ ਲੈ ਕੇ 1952 ਤੱਕ ਬਤੌਰ ਪਲੇਅਬੈਕ ਸਿੰਗਰ ਬਾਲੀਵੁੱਡ ਦੀਆਂ ਕਈ ਹਿੰਦੀ ਫਿਲਮਾਂ ਲਈ ਵੀ ਗੀਤ ਗਾਏ।
ਸੁਰਿੰਦਰ ਕੌਰ ਨੇ ਆਪਣੀ ਗਾਇਕੀ ਦੇ ਜ਼ਰੀਏ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ। ਸੰਗੀਤ ਜਗਤ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਸੁਰਿੰਦਰ ਕੌਰ ਨੂੰ ਸਾਲ 1984 'ਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ 2006 ਵਿੱਚ ਦੀ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬ ਦੀ ਧੀ ਸੁਰਿੰਦਰ ਕੌਰ ਨੇ ਆਪਣੇ ਪੂਰੇ ਜੀਵਨ ਵਿੱਚ ਆਪਣੀ ਗਾਇਕੀ ਰਾਹੀਂ ਪੰਜਾਬ ਦੀ ਮਿੱਟੀ ਤੇ ਪੰਜਾਬੀ ਸੱਭਿਆਚਾਰ ਦੀ ਰੂਹਾਨੀਅਤ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸੁਰਿੰਦਰ ਕੌਰ ਦੀ ਅਗਲੀ ਪੀੜੀ ਯਾਨੀ ਉਨ੍ਹਾਂ ਦੀ ਧੀ ਤੇ ਹੋਰਨਾਂ ਕਈ ਪਰਿਵਾਰਕ ਮੈਂਬਰ ਵੀ ਸੰਗੀਤ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ।