ਅੱਜ ਹੈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜਨਮ ਦਿਨ, ਇਸ ਤਰ੍ਹਾਂ ਲਤੀਫ਼ ਮੁਹੰਮਦ ਬਣਿਆ ਕੁਲਦੀਪ ਮਾਣਕ, ਜਾਣੋਂ ਪੂਰੀ ਕਹਾਣੀ

Written by  Rupinder Kaler   |  November 15th 2019 11:20 AM  |  Updated: November 15th 2019 11:20 AM

ਅੱਜ ਹੈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜਨਮ ਦਿਨ, ਇਸ ਤਰ੍ਹਾਂ ਲਤੀਫ਼ ਮੁਹੰਮਦ ਬਣਿਆ ਕੁਲਦੀਪ ਮਾਣਕ, ਜਾਣੋਂ ਪੂਰੀ ਕਹਾਣੀ

ਅੱਜ ਪੰਜਾਬ ਦੀਆਂ ਲੋਕ ਗਥਾਵਾਂ ਗਾਉਣ ਵਾਲੇ ਗਾਇਕ ਕੁਲਦੀਪ ਮਾਣਕ ਦਾ ਜਨਮ ਦਿਨ ਹੈ । ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਮਹਾਨ ਗਾਇਕ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ । ਕੁਲਦੀਪ ਮਾਣਕ ਦੇ ਜਨਮ ਦਿਨ ’ਤੇ ਤੁਹਾਨੂੰ ਇਸ ਆਰਟੀਕਲ ਵਿੱਚ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਕੁਝ ਪਤਾ ਹੋਵੇ ।

https://www.instagram.com/p/B43yEvuBqo0/?utm_source=ig_web_copy_link

ਇਸ ਮਹਾਨ ਗਾਇਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ 1951 ਨੂੰ ਹੋਇਆ ਸੀ । ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ । ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ ।

https://www.instagram.com/p/BU_cdWdjKZz/

ਪਰ ਇਸ ਦੇ ਬਾਵਜੂਦ ਉਹਨਾਂ ਨੇ ਫ਼ਿਰੋਜ਼ਪੁਰ ਦੇ ਕੱਵਾਲ ਖ਼ੁਸ਼ੀ ਮੁਹੰਮਦ ਤੋਂ ਸੰਗੀਤ ਦੀ ਸਿੱਖਿਆ ਲਈ ।ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਬਣਨ ਪਿੱਛੇ ਵੀ ਇੱਕ ਕਹਾਣੀ ਹੈ । ਮਾਣਕ ਕਿਸੇ ਪ੍ਰੋਗਰਾਮ ਵਿੱਚ ਗਾ ਰਹੇ ਸਨ ਇਸ ਪ੍ਰੋਗਰਾਮ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਪਹੁੰਚੇ ਹੋਏ ਸਨ, ਜਦੋਂ ਉਹਨਾਂ ਨੇ ਲਤੀਫ਼ ਮੁਹੰਮਦ ਉਰਫ਼ ਕੁਲਦੀਪ ਮਣਕਾ ਦੀ ਅਵਾਜ਼ ਸੁਣੀ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਨਾ ਸਿਰਫ ਉਹਨਾਂ ਨੂੰ 1੦੦ ਰੁਪਏ ਇਨਾਮ ਦਿੱਤਾ ਬਲਕਿ ਮਣਕਾ ਤੋਂ ਉਹਨਾਂ ਦਾ ਨਾਂ ਮਾਣਕ ਰੱਖ ਦਿੱਤਾ ।

ਕੁਝ ਸਾਲ ਸੰਘਰਸ਼ ਕਰਨ ਤੋਂ ਬਾਅਦ ਕੁਲਦੀਪ ਮਾਣਕ ਬਠਿੰਡਾ ਨੂੰ ਛੱਡ ਗਾਇਕਾਂ ਦੇ ਗੜ੍ਹ ਲੁਧਿਆਣਾ ਪਹੁੰਚ ਗਏ । ਇੱਥੇ ਪਹੁੰਚ ਕੇ ਉਹਨਾਂ ਨੇ ਹਰਚਰਨ ਗਰੇਵਾਲ ਅਤੇ ਸੀਮਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ । ਕੁਲਦੀਪ ਮਾਣਕ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ 1968 ਵਿੱਚ ਐੱਚ ਅੱੈਮ ਵੀ ਕੰਪਨੀ ਵਿੱਚ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਜੀਜਾ ਅੱਖੀਆਂ ਨਾ ਮਾਰ ਵੇ ਮੈ ਕੱਲ੍ਹ ਦੀ ਕੁੜੀ ਰਿਕਾਰਡ ਕਰਵਾਇਆ ਸੀ । ਇਸ ਤੋਂ ਬਾਅਦ ਉਹਨਾਂ ਨੇ ਸੀਮਾਂ ਨਾਲ ਡਿਊਟ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਂਣਗੇ ਮਾਪੇ” ਰਿਕਾਰਡ ਕਰਵਾਇਆ । ਇਹ ਗੀਤ ਏਨੇ ਕੁ ਹਿੱਟ ਹੋਏ ਕਿ ਹਰ ਪਾਸੇ ਮਾਣਕ ਮਾਣਕ ਹੋਣ ਲੱਗ ਗਈ ।

https://www.instagram.com/p/BU_cXiDDere/

ਇਸ ਤੋਂ ਬਾਅਦ ਮਾਣਕ ਦੀ ਮੁਲਾਕਾਤ ਗੀਤਕਾਰ ਦੇਵ ਥਰੀਕੇਵਾਲੇ ਨਾਲ ਹੋ ਗਈ । ਦੇਵ ਨੇ ਪੰਜਾਬ ਦੀਆਂ ਕਈ ਲੋਕ ਗਾਥਾਵਾਂ ਨੂੰ ਗੀਤਾਂ ਵਿੱਚ ਪਿਰੋਇਆ ਤੇ ਕੁਲਦੀਪ ਮਾਣਕ ਨੇ ਉਹਨਾਂ ਗਥਾਵਾਂ ਨੂੰ ਆਪਣੀ ਅਵਾਜ਼ ਦਿੱਤੀ । ਮਾਣਕ ਦਾ ਪਹਿਲਾ ਈ ਪੀ ਪੰਜਾਬ ਦੀਆਂ ਲੋਕ ਗਾਥਾਵਾਂ 1973 ਵਿੱਚ ਰਿਕਾਰਡ ਹੋਇਆ । 1976 ਵਿੱਚ ਮਾਣਕ ਨੇ “ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ” ਗਾਇਆ । ਇਹ ਗਾਣਾ ਏਨਾਂ ਮਕਬੂਲ ਹੋਇਆ ਕਿ ਮਾਣਕ ਦੇ ਨਾਂ ਨਾਲ ਕਲੀਆਂ ਦਾ ਬਾਦਸ਼ਾਹ ਜੁੜ ਗਿਆ ।

https://www.instagram.com/p/BTg8mfZj2p4/

ਸ਼ੌਹਰਤ ਦੇ ਇਸ ਮੁਕਾਮ ਤੇ ਪਹੁੰਚ ਕੇ ਕੁਲਦੀਪ ਮਾਣਕ ਨੇ ਸਰਬਜੀਤ ਕੌਰ ਨਾਲ ਵਿਆਹ ਕਰਵਾਇਆ ਤੇ ਉਹਨਾਂ ਦੇ ਘਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਦਾ ਜਨਮ ਹੋਇਆ । ਮਾਣਕ ਨੇ ਆਪਣੀ ਅਵਾਜ਼ ਵਿੱਚ 41 ਧਾਰਮਿਕ ਟੇਪਾਂ, ਈ ਪੀ, ਐੱਲ ਪੀ ਸਮੇਤ ਲੱਗਪਗ 198 ਟੇਪਾਂ ਰਿਕਾਰਡ ਹੋਈਆਂ । ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ 1996 ਵਿੱਚ ਬਠਿੰਡਾ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਵੀ ਲੜੀ ਪਰ ਸਫਲਤਾ ਨਾ ਮਿਲੀ । ਕੁਲਦੀਪ ਮਾਣਕ ਨੂੰ ਫੇਫੜਿਆਂ ਵਿੱਚ ਤਕਲੀਫ ਰਹਿੰਦੀ ਸੀ ਜਿਸ ਕਰਕੇ ਉਹਨਾਂ ਦਾ 30 ਨਵੰਬਰ 2011 ਨੂੰ ਦਿਹਾਂਤ ਹੋ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network