ਬਾਲੀਵੁੱਡ ਡਾਇਰੈਕਟਰ ਗਿਰੀਸ਼ ਮਲਿਕ ਦੇ ਬੇਟੇ ਦੀ ਪੰਜਵੀ ਮੰਜ਼ਿਲ ਤੋਂ ਡਿੱਗ ਕੇ ਹੋਈ ਮੌਤ, ਪਰਿਵਾਰ 'ਚ ਛਾਈ ਸੋਗ ਲਹਿਰ

written by Pushp Raj | March 19, 2022

ਜਿਥੇ ਇੱਕ ਪਾਸੇ ਹਰ ਕੋਈ ਹੋਲੀ ਦਾ ਤਿਉਹਾਰ ਮਨਾ ਰਿਹਾ ਸੀ, ਉਥੇ ਹੀ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਗਿਰੀਸ਼ ਮਲਿਕ ਦੇ ਘਰ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਹੋਲੀ ਵਾਲੇ ਦਿਨ ਪੰਜਵੀ ਮੰਜ਼ਿਲ ਤੋਂ ਡਿੱਗ ਜਾਣ ਕਾਰਨ ਗਿਰੀਸ਼ ਮਲਿਕ ਦੇ ਬੇਟੇ ਮਨਨ ਮਲਿਕ ਦਾ ਦੇਹਾਂਤ ਹੋ ਗਿਆ। ਗਿਰੀਸ਼ ਦੇ ਕਰੀਬੀ ਦੋਸਤ ਤੇ ਅਦਾਕਾਰ ਸੰਜੇ ਦੱਤ ਨੇ ਇਸ 'ਤੇ ਸੋਗ ਪ੍ਰਗਟਾਇਆ ਹੈ।


ਮੀਡੀਆ ਰਿਪੋਰਟਸ ਦੇ ਮੁਤਾਬਕ ਸੰਜੇ ਦੱਤ ਦੀ ਫਿਲਮ 'ਤੋਰਬਾਜ਼' ਦੇ ਨਿਰਦੇਸ਼ਕ ਗਿਰੀਸ਼ ਮਲਿਕ ਦੇ ਘਰ ਹੋਲੀ ਵਾਲੇ ਦਿਨ ਉਸ ਵੇਲੇ ਮਾਤਮ ਛਾ ਗਿਆ ਜਦੋਂ ਉਨ੍ਹਾਂ ਨੂੰ ਬੇਟੇ ਮਨਨ ਦੀ ਮੌਤ ਦੀ ਖ਼ਬਰ ਮਿਲੀ। ਗਿਰੀਸ਼ ਦੇ 17 ਸਾਲਾ ਬੇਟੇ ਮਨਨ ਦੀ ਮੁੰਬਈ ਦੇ ਅੰਧੇਰੀ ਸਥਿਤ ਘਰ ਦੀ ਪੰਜਵੀਂ ਮੰਜ਼ਿਲ ਤੋਂ ਡਿੱਗ ਜਾਣ ਕਾਰਨ ਮੌਤ ਹੋ ਗਈ। ਅਜੇ ਤੱਕ ਮਨਨ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਾਮ 5 ਵਜੇ ਦੇ ਕਰੀਬ ਵਾਪਰਿਆ। ਅਜੇ ਤੱਕ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਹੈ ਕਿ ਮਨਨ ਨੇ ਖ਼ੁਦ ਆਪਣੀ ਇਮਾਰਤ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ ਜਾਂ ਉਸ ਦਾ ਡਿੱਗਣਾ ਇੱਕ ਹਾਦਸਾ ਹੈ। ਹਾਦਸਾ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਲਈ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬੇਟੇ ਦੀ ਮੌਤ ਨਾਲ ਗਿਰੀਸ਼ ਦੇ ਘਰ ਸੋਗ ਦਾ ਮਾਹੌਲ ਹੈ। ਕਈ ਬਾਲੀਵੁੱਡ ਸੈਲੇਬਸ ਗਿਰੀਸ਼ ਦੇ ਘਰ ਸੋਗ ਪ੍ਰਗਟ ਕਰਨ ਪਹੁੰਚੇ। ਗਿਰੀਸ਼ ਦੇ ਕਰੀਬੀ ਦੋਸਤ ਅਤੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਵੀ ਉਨ੍ਹਾਂ ਕੋਲ ਇਸ ਦੁਖ ਦੀ ਘੜੀ ਵਿੱਚ ਸਾਥ ਦੇਣ ਪਹੁੰਚੇ। ਸੰਜੇ ਦੱਤ ਨੇ ਮਨਨ ਦੀ ਮੌਤ ਉੱਤੇ ਸੋਗ ਪ੍ਰਗਟਾਇਆ ਅਤੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।

 

ਹੋਰ ਪੜ੍ਹੋ : ਸੰਜੇ ਦੱਤ ਦੀ ਪਤਨੀ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇਸ ਖ਼ਾਸ ਸ਼ਖਸ ਦੀ ਝਲਕ ਦਿੱਤੀ ਦਿਖਾਈ

ਫ਼ਿਲਮ ਤੋਰਬਾਜ਼ 'ਚ ਗਿਰੀਸ਼ ਦੇ ਸਾਥੀ ਰਹੇ ਪੁਨੀਤ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮਨਨ ਨਾਲ ਇਹ ਹਾਸਦਾ ਸ਼ਾਮ 5 ਵਜੇ ਦੇ ਕਰੀਬ ਵਾਪਰਿਆ। ਇਹ ਸਭ ਦੁਪਹਿਰ ਨੂੰ ਹੋਲੀ ਖੇਡਣ ਮਗਰੋਂ ਹੋਇਆ। ਉਨ੍ਹਾਂ ਕਿਹਾ ਕਿ ਮਨਨ ਦਾ ਇਸ ਨਿੱਕੀ ਉਮਰੇ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਉਸ ਦੇ ਮਾਪਿਆਂ ਲਈ ਵੱਡਾ ਸਦਮਾ ਹੈ। ਮੈਂ ਇਸ ਤੋਂ ਜਿਆਦਾ ਕੁਝ ਨਹੀਂ ਕਹਿ ਸਕਦਾ।

You may also like