21 ਦਸੰਬਰ: ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਅਤੇ ਪਰਿਵਾਰ ਵਿਛੋੜਾ

Written by  Lajwinder kaur   |  December 21st 2022 07:00 AM  |  Updated: December 20th 2022 06:58 PM

21 ਦਸੰਬਰ: ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਅਤੇ ਪਰਿਵਾਰ ਵਿਛੋੜਾ

 

.....ਉਸ ਮੁਲਕ ਏ ਵਤਨ ਕੀ ਖ਼ਿਦਮਤ ਮੇਂ

ਕਹੀਂ ਬਾਪ ਦੀਆ ਕਹੀਂ ਲਾਲ ਦੀਏ.....

1699 ਦੀ ਵਿਸਾਖੀ, ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਅਤੇ ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਅੰਦਰ ਪੰਜਾਂ ਮਰਜੀਵੜਿਆਂ ਨੂੰ ਨਵੀਂ ਪਹਿਚਾਣ ਦਿੰਦਿਆਂ ਆਪਣੇ ਪਿਆਰੇ ਬਣਾਇਆ ਤਾਂ ਕਿਸੇ ਨੂੰ ਇਹ ਇਲਮ ਵੀ ਨਹੀਂ ਸੀ ਕਿ ਅਨੰਦਾਂ ਦੀ ਇਹ ਪੁਰੀ ਤਦ ਤੋਂ ਹੀ ਪ੍ਰੇਮ ਦੀ ਇਕ ਨਵੀ ਅਜਮਾਇਸ਼ ਲਈ ਤਿਆਰ ਹੋ ਰਹੀ ਸੀ । ਦਸ਼ਮੇਸ਼ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਖਾਲਸਾ ਤਿਆਰ ਕਰਦਿਆਂ ਸਮੇਂ ਦੇ ਹੁਕਮਰਾਨ ਔਰੰਗਜ਼ੇਬ ਦੇ ਸਨਮੁੱਖ ਜ਼ਬਰ ਬਨਾਮ ਸਬਰ ਦੀ ਨਵੀਂ ਪਰਿਭਾਸ਼ਾ ਪੇਸ਼ ਕੀਤੀ । ਜਾਤ-ਪਾਤ ਦੇ ਭਰਮ ਭੇਦ ਮਿਟਾ ਇੱਕੋ ਬਾਟੇ ਵਿੱਚ ਗੁਰੂ ਦੇ ਪ੍ਰੇਮ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦਿੱਤੀ । ਆਪ ਗੁਰ-ਚੇਲਾ ਬਣ ਖੰਡੇ ਦੀ ਪਾਹੁਲ ਵੀ ਪ੍ਰਾਪਤ ਕੀਤੀ ਅਤੇ ਫ਼ਿਰ ਪਰਿਵਾਰ ਨੂੰ ਵੀ ਇਸੇ ਰਾਹ ਦੇ ਰਾਹਗੀਰ ਬਣਾਇਆ ।

inside imge of guru gobind singh ji image source: google

ਸ੍ਰੀ ਅਨੰਦਪੁਰ ਦੀ ਪਾਵਨ ਨਗਰੀ ਖਾਲਸਾਈ ਖੇੜੇ ਦੇ ਨਿੱਤ ਨਵੇਂ ਪੈਗਾਮ ਨੂੰ ਪ੍ਰਸਾਰਨ ਲੱਗੀ । ਪੰਜ ਕਕਾਰੀ ਖਾਲਸਾ, ਤੇਗਾਂ, ਢਾਲਾਂ, ਕਿਰਪਾਨ ਦਾ ਸੰਗ ਕਰਨ ਲੱਗਾ । ਰਣਜੀਤ ਨਗਾਰੇ ਦੀ ਚੋਟ ਪਹਾੜਾਂ ਵਿਚ ਗੂੰਜ ਪੈਂਦੀ ਤਾਂ ਜ਼ਾਲਮ ਹਕੂਮਤ ਦੇ ਥੰਮ ਥਿੜਕ ਜਾਂਦੇ । ਖਾਲਸਾ ਅਨੰਦਪੁਰ ਨੂੰ ਵਹੀਰਾਂ ਘੱਤਣ ਲੱਗਾ । ਤੇ ਆਖਰ ਇਸ ਸਭ ਨੂੰ ਨਾ ਬਰਦਾਸ਼ਤ ਕਰਦਿਆਂ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਕਈ ਨਿੱਕੀਆਂ ਮੋਟੀਆਂ ਜੰਗਾਂ ਤੋਂ ਬਾਦ ਆਪਣੇ ਜਰਨੈਲਾਂ ਨੂੰ ਇਸ ਖਾਲਸਈ ਤਾਕਤ ਨੂੰ ਰੋਕਣ ਦਾ ਸਖਤ ਫੁਰਮਾਨ ਜਾਰੀ ਕਰ ਦਿੱਤਾ । ਪੁਰੀ ਅਨੰਦ ਦੀ ਚੁਫੇਰਿਓਂ ਘਿਰ ਗਈ । ਕਈ ਮਹੀਨੇ ਜੰਗ ਦਾ ਚਲਣ ਚਲਦਾ ਰਿਹਾ । ਰਸਦ ਪਾਣੀ ਖਤਮ ਹੋਣ ਲੱਗਾ । ਸਿੰਘ ਗੁਰੂ ਦੇ ਪ੍ਰੇਮ ਵਿੱਚ ਜੂਝਦੇ ਗਏ । ਤੇ ਆਖਰ 20 ਦਸੰਬਰ 1704 ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ । ਦਸ਼ਮੇਸ਼ ਪਿਤਾ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ । ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਕਹਿਰ ਦੀ ਸਰਦੀ ਵਿੱਚ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਅਣਡਿੱਠੇ ਪੈਂਡਿਆਂ ਦੇ ਰਾਹੀ ਬਣ ਗਏ । ਦੁਸ਼ਮਣ ਦਲਾਂ ਦੀ ਮਾਰੋ ਮਾਰ ਕਰਦੀ ਆ ਰਹੀ ਫ਼ੌਜ ਸਿੰਘਾਂ ਦੇ ਹੌਸਲੇ ਨੂੰ ਪਸਤ ਨਾ ਕਰ ਸਕੀ । ਸ੍ਰੀ ਦਸਮੇਸ਼ ਆਪਣੇ ਦੋਹਾਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਅਤੇ ਕੁਝ ਸਿੰਘਾਂ ਨਾਲ ਜ਼ੁਲਮ ਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ਲਈ ਨਵੇਂ ਸਵੇਰੇ ਲਈ ਅਗਾਂਹ ਵੱਧਦੇ ਗਏ । ਆਖ਼ਰ ਗੁਰੂ ਸਾਹਿਬ ਨੇ ਅਕਾਲ ਦੀ ਰਜ਼ਾ ਵਿੱਚ, ਸਰਸਾ ਦੇ ਕੰਢੇ, ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਅਤੇ ਆਸਾ ਦੀ ਵਾਰ ਦਾ ਗਾਇਨ ਕੀਤਾ । ਅਤੇ ਅਗਲੇ ਪਿੜ੍ਹ ਦੀ ਤਿਆਰੀ ਬੰਨੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network