ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਖਿਲਾਫ ਦਰਜ ਕਰਵਾਈ FIR, ਜਾਣੋ ਕਾਰਨ

written by Pushp Raj | January 27, 2022

ਇਸ ਸਾਲ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਹਾਸਲ ਕਰਨ ਵਾਲੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਹੁਣ ਮੁਸੀਬਤ ਵਿੱਚ ਫਸ ਗਏ ਹਨ। ਦਰਅਸਲ, ਸੁੰਦਰ ਪਿਚਾਈ ਦੇ ਖਿਲਾਫ ਮੁੰਬਈ ਵਿੱਚ ਕਾਪੀਰਾਈਟ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਹਐਫਆਈਆਰ ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਕਰਵਾਈ ਹੈ।


ਮਹਾਰਾਸ਼ਟਰ ਦੀ ਇੱਕ ਅਦਾਲਤ ਦੇ ਨਿਰਦੇਸ਼ਾਂ 'ਤੇ ਸੁੰਦਰ ਪਿਚਾਈ ਅਤੇ ਕੰਪਨੀ ਦੇ ਪੰਜ ਹੋਰ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਆਪਣੀ ਸ਼ਿਕਾਇਤ 'ਚ ਫਿਲਮ ਨਿਰਦੇਸ਼ਕ ਨੇ ਕਿਹਾ ਕਿ ਗੂਗਲ ਨੇ ਬਿਨਾਂ ਕਾਪੀਰਾਈਟ ਦੇ ਉਨ੍ਹਾਂ ਦੀ ਫ਼ਿਲਮ 'ਏਕ ਹਸੀਨਾ ਥੀ ਏਕ ਦੀਵਾਨਾ ਥਾ' ਯੂਟਿਊਬ 'ਤੇ ਅਪਲੋਡ ਕਰ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਯੂਟਿਊਬ 'ਤੇ ਬਹੁਤ ਸਾਰੇ ਯੂਜ਼ਰਸ ਫ਼ਿਲਮ ਦੇ ਅਪਲੋਡ ਹੋਣ ਤੋਂ ਬਾਅਦ ਉਸ ਦੀ ਵਿਸ਼ੇਸ਼ ਸਮੱਗਰੀ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾੰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।

ਫ਼ਿਲਮ ਨਿਰਮਾਤਾ ਸੁਨੀਲ ਦਰਸ਼ਨ ਨੇ ਕਾਪੀਰਾਈਟ ਮਾਮਲੇ 'ਚ ਅਦਾਲਤ ਦਾ ਰੁਖ ਕਰਦੇ ਹੋਏ ਅੰਧੇਰੀ ਈਸਟ ਐੱਮਆਈਡੀਸੀ ਥਾਣੇ 'ਚ ਕਾਪੀਰਾਈਟ ਐਕਟ ਦੀ ਧਾਰਾ 51, 63 ਅਤੇ 59 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।ਇਸ ਮਾਮਲੇ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਦਰਸ਼ਨ ਨੇ ਦੱਸਿਆ ਕਿ ਮੇਰੀ ਫ਼ਿਲਮ, ਜਿਸ ਨੂੰ ਮੈਂ ਕਿਤੇ ਵੀ ਅਪਲੋਡ ਨਹੀਂ ਕੀਤਾ ਅਤੇ ਨਾਂ ਹੀ ਦੁਨੀਆ 'ਚ ਕਿਸੇ ਨੂੰ ਵੇਚਿਆ ਹੈ, ਇਸ ਨੂੰ ਯੂਟਿਊਬ 'ਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਮੈਂ ਪਿਛਲੇ ਕਈ ਸਾਲਾਂ ਤੋਂ ਯੂ-ਟਿਊਬ ਖਿਲਾਫ ਜੰਗ ਲੜ ਰਿਹਾ ਹਾਂ ਪਰ ਹੁਣ ਤੱਕ ਮੈਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਹੈ।

ਹੋਰ ਪੜ੍ਹੋ : ਸੰਨੀ ਦਿਓਲ ਨੇ ਛੋਟੇ ਭਰਾ ਬੌਬੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਅਣਦੇਖੀ ਤਸਵੀਰ

ਉਨ੍ਹਾਂ ਨੇ ਅੱਗੇ ਕਿਹਾ ਕਿ ਫਿਲਮ ਨੂੰ ਯੂਟਿਊਬ 'ਤੇ ਅਪਲੋਡ ਹੋਣ ਕਾਰਨ ਇਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਕਾਰਨ ਮੇਰਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਮੈਂ ਗੂਗਲ ਨੂੰ ਇਸ ਫ਼ਿਲਮ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਲਈ ਬੇਨਤੀ ਕਰਦਾ ਰਿਹਾ ਅਤੇ ਘਰ-ਘਰ ਭਟਕਦਾ ਰਿਹਾ। ਪਰ ਅੰਤ ਵਿੱਚ ਮੇਰੇ ਕੋਲ ਕੋਈ ਜਵਾਬ ਨਾ ਆਇਆ ਅਤੇ ਮੈਨੂੰ ਅਦਾਲਤ ਤੱਕ ਪਹੁੰਚ ਕਰਨੀ ਪਈ।


ਦੱਸ ਦਈਏ ਕਿ ਸੁਨੀਲ ਦਰਸ਼ਨ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਹਨ। ਉਨ੍ਹਾਂ ਦੇ ਵਕੀਲ ਦੇ ਮੁਤਾਬਕ ਸਾਲ 2017 ਵਿੱਚ ਉਨ੍ਹਾਂ ਦੀ ਆਖ਼ਰੀ ਫ਼ਿਲਮ ਫ਼ਿਲਮ 'ਏਕ ਹਸੀਨਾ ਥੀ ਏਕ ਦੀਵਾਨਾ ਥਾ' ਦੇ ਕਾਪੀਰਾਈਟਸ ਸੁਨੀਲ ਕੋਲ ਹਨ। ਅਜਿਹੇ ਵਿੱਚ ਕੋਈ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਉਨ੍ਹਾਂ ਤੋਂ ਇਜਾਜ਼ਤ ਲਏ ਬਿਨਾਂ ਇਸ ਨੂੰ ਅਪਲੋਡ ਨਹੀਂ ਕਰ ਸਕਦਾ ਹੈ। ਕਿਉਂਕਿ ਅਜਿਹਾ ਕਰਨਾ ਕਾਨੂੰਨ ਦੇ ਖਿਲਾਫ ਹੈ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਸੁਨੀਲ ਦੇ ਪੱਖ ਵਿੱਚ ਨਿਰਦੇਸ਼ ਦਿੱਤੇ ਹਨ।

You may also like