
ਗਿੱਪੀ ਗਰੇਵਾਲ ( Gippy Grewal) ਦੀ ਮੋਸਟ ਅਵੇਟਡ ਫ਼ਿਲਮ ਵਾਰਨਿੰਗ (Warning) ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਜੀ ਹਾਂ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ। ਕਾਫੀ ਸਮੇਂ ਤੋਂ ਦਰਸ਼ਕ ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਮੰਗ ਕਰ ਰਹੇ ਸੀ। ਜਦੋਂ ਵੀ ਕਦੇ ਗਿੱਪੀ ਗਰੇਵਾਲ ਲਾਈਵ ਆਉਂਦੇ ਸੀ ਤਾਂ ਪ੍ਰਸ਼ੰਸਕ ਵਾਰਨਿੰਗ ਦੇ ਟ੍ਰੇਲਰ ਬਾਰੇ ਪੁੱਛਦੇ ਸੀ। ਲਓ ਜੀ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ, ਟ੍ਰੇਲਰ ਹੁਣ ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ।
2 ਮਿੰਟ 19 ਸੈਕਿੰਡ ਦਾ ਟ੍ਰੇਲਰ ਪੂਰੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਜ਼ਬਰਦਸਤ ਐਕਸ਼ਨ ਅਤੇ ਪੰਮੇ (ਪ੍ਰਿੰਸ ਕੰਵਲਜੀਤ) ਦੇ ਦਮਦਾਰ ਡਾਇਲਾਗਜ਼ ਟ੍ਰੇਲਰ ਨੂੰ ਚਾਰ ਚੰਨ ਲਗਾ ਰਹੇ ਹਨ। ਟ੍ਰੇਲਰ ਦੇ ਅਖੀਰਲੇ ਭਾਗ ‘ਚ ਗਿੱਪੀ ਗਰੇਵਾਲ ਯਾਨੀ ਕਿ ਗੇਜਾ ਦੀ ਸ਼ਾਨਦਾਰ ਐਂਟਰੀ ਹੁੰਦੀ ਹੈ। ਇਹ ਫ਼ਿਲਮ ਤਿੰਨ ਮੁੱਖ ਕਿਰਦਾਰਾਂ ਪੰਮਾ, ਸ਼ਿੰਦਾ ਅਤੇ ਗੇਜਾ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਹ ਫ਼ਿਲਮ 19 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦਈਏ ਸਾਲ 2020 ‘ਚ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਵੈੱਬ ਸੀਰੀਜ਼ ਵਾਰਨਿੰਗ (Warning) ਲੈ ਕੇ ਆਏ ਸੀ । ਜਿਸ ‘ਚ ਕਲਾਕਾਰ ਪ੍ਰਿੰਸ ਕੰਵਲਜੀਤ ਸਿੰਘ ਤੇ ਧੀਰਜ ਕੁਮਾਰ ਅਹਿਮ ਭੂਮਿਕਾ ‘ਚ ਨਜ਼ਰ ਆਏ ਸੀ । ਇਸ ਵੈੱਬ ਸੀਰੀਜ਼ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਸੀ । ਡਿਜੀਟਲ ਦੁਨੀਆ ‘ਚ ਗਿੱਪੀ ਗਰੇਵਾਲ ਦਾ ਰੱਖਿਆ ਕਦਮ ਕਾਮਯਾਬ ਰਿਹਾ ਸੀ ਇਸ ਵੈੱਬ ਸੀਰੀਜ਼ ਨੂੰ ਚੰਗਾ ਹੁੰਗਾਰਾ ਮਿਲੀਆ ਸੀ । ਜਿਸ ਦੇ ਚੱਲਦੇ ਗਿੱਪੀ ਗਰੇਵਾਲ ਖੁਦ ਇਸ ਫ਼ਿਲਮ ਦੇ ਅਗਲੇ ਭਾਗ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਵਾਰਨਿੰਗ ‘ਚ ਗਿੱਪੀ ਗਰੇਵਾਲ ਗੇਜਾ ਨਾਂਅ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਵਾਰਨਿੰਗ ਨੂੰ ਖੁਦ ਗਿੱਪੀ ਗਰੇਵਾਲ ਨੇ ਹੀ ਲਿਖਿਆ ਹੈ। ਅਮਰ ਹੁੰਦਲ ਵੱਲੋਂ ਹੀ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ 'ਚ ਕਈ ਹੋਰ ਕਲਾਕਾਰ ਜਿਵੇਂ ਮਹਾਵੀਰ ਭੁੱਲਰ, ਆਸ਼ੀਸ ਦੁੱਗਲ, ਮਲਕੀਤ ਰੌਣੀ, ਰਾਣਾ ਜੰਗ ਬਹਾਦੁਰ ਤੋਂ ਇਲਾਵਾ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।