ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਦਿਵਿਆ ਦੱਤਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਫ਼ਿਲਮਾਂ ਵਿੱਚ ਦਿਵਿਆ ਨੇ ਕਈ ਕਿਰਦਾਰ ਨਿਭਾਏ ਹਨ ਜਿਹੜੇ ਯਾਦਗਾਰ ਹੋ ਨਿੱਬੜੇ ਹਨ । ਦਿਵਿਆ ਨੂੰ ਫ਼ਿਲਮ ਇਰਾਦਾ ਲਈ ਨੈਸ਼ਨਲ ਅਵਾਰਡ ਮਿਲਿਆ ਹੈ । ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ 1994 ਵਿੱਚ ਉਹਨਾਂ ਨੇ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ ਤੇ ਉਦੋਂ ਤੋਂ ਉਹਨਾਂ ਦਾ ਫ਼ਿਲਮੀ ਸਫ਼ਰ ਜਾਰੀ ਹੈ ।
7 ਸਾਲ ਦੀ ਉਮਰ ਵਿੱਚ ਦਿਵਿਆ ਦੱਤਾ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ ਤੇ ਮਾਂ ਨੇ ਹੀ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ । ਦਿਵਿਆ ਦੀ ਮਾਂ ਡਾ. ਨਲਿਨੀ ਇੱਕ ਸਰਕਾਰੀ ਅਧਿਕਾਰੀ ਸਨ ਤੇ ਉਹਨਾਂ ਨੇ ਸਿੰਗਲ ਮਦਰ ਰਹਿੰਦੇ ਹੋਏ ਦਿਵਿਆ ਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕੀਤਾ ਸੀ ।
ਇਹੀ ਕਾਰਨ ਹੈ ਕਿ ਦਿਵਿਆ ਆਪਣੀ ਮਾਂ ਦੇ ਬਹੁਤ ਕਰੀਬ ਹੈ । ਦਿਵਿਆ ਨੇ ਆਪਣੀ ਮਾਂ ਤੇ ਇੱਕ ਕਿਤਾਬ ਮੀ ਐਂਡ ਮਾਂ ਕਿਤਾਬ ਲਿਖੀ ਹੈ । ਪੰਜਾਬ ਦੇ ਲੁਧਿਆਣਾ ਵਿੱਚ ਜਨਮੀ ਦਿਵਿਆ ਦੱਤਾ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਟੀਵੀ ਤੇ ਵਿਗਿਆਪਨ ਜਗਤ ਵਿੱਚ ਵੀ ਚੰਗਾ ਨਾਂਅ ਬਣਾਇਆ ਹੈ, ਤੇ ਉਹ ਲਗਾਤਾਰ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਹਨ ।