ਹਰਭਜਨ ਸਿੰਘ ਨੇ ਕ੍ਰਿਕਟ ਜਗਤ ਤੋਂ ਲਿਆ ਸੰਨਿਆਸ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾਣਕਾਰੀ

Written by  Pushp Raj   |  December 24th 2021 05:03 PM  |  Updated: December 24th 2021 05:03 PM

ਹਰਭਜਨ ਸਿੰਘ ਨੇ ਕ੍ਰਿਕਟ ਜਗਤ ਤੋਂ ਲਿਆ ਸੰਨਿਆਸ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾਣਕਾਰੀ

ਭਾਰਤ ਦੇ ਦਿੱਗਜ ਕ੍ਰਿਕਟ ਤੇ ਸਪਿਨਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਹੈ। ਫੈਨਜ਼ ਉਨ੍ਹਾਂ ਦੇ ਸੰਨਿਆਸ ਦੀ ਗੱਲ ਸੁਣ ਕੇ ਬੇਹੱਦ ਨਿਰਾਸ਼ ਹਨ, ਪਰ ਇਹ ਉਮੀਂਦ ਕੀਤੀ ਜਾ ਰਹੀ ਹੈ ਕਿ ਹਰਭਜਨ ਜਲਦ ਹੀ ਕਿਸੇ ਆਈਪੀਅਲ ਟੀਮ ਦੇ ਕੋਚ ਬਣ ਸਕਦੇ ਹਨ।

ਭਾਰਤ ਦੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਅਤੇ ਯੂਟਿਊਬ ਉੱਤੇ ਸਾਂਝੀ ਕੀਤੀ ਹੈ।

HARBHAJAN SINGH DURING MATCH Image Source : Google

ਟਵਿੱਟਰ ਉੱਤੇ ਹਰਭਜਨ ਸਿੰਘ ਨੇ ਇੱਕ ਭਾਵੁਕ ਪੋਸਟ ਪਾਈ ਹੈ। ਆਪਣੀ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, " ਜਲੰਧਰ ਦੀਆਂ ਤੰਗ ਗਲੀਆਂ ਤੋਂ ਟੀਮ ਇੰਡੀਆ ਦੇ ਟਰਬਨੇਟਰ ਵਜੋਂ 25 ਦਾ ਇਹ ਸਫ਼ਰ ਬਹੁਤ ਸ਼ਾਨਦਾਰ ਰਿਹਾ। ਜਦ ਵੀ ਮੈਂ ਇੰਡੀਆ ਦੀ ਜਰਸੀ ਪਾ ਕੇ ਮੈਦਾਨ ਵਿੱਚ ਉੱਤਰਿਆ ਹਾਂ, ਉਸ ਤੋਂ ਵੱਡੀ ਪ੍ਰੇਰਣਾ ਮੇਰੇ ਲਈ ਹੋਰ ਕੁੱਝ ਵੀ ਨਹੀਂ ਹੈ। ਕਦੇ-ਕਦੇ ਜ਼ਿੰਦਗੀ ਵਿੱਚ ਕੁਝ ਅਜਿਹੇ ਮੁਕਾਮ ਆਉਂਦੇ ਹਨ ਜਦੋਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਲਈ ਕੜੇ ਫੈਸਲੇ ਲੈਣੇ ਪੈਂਦੇ ਹਨ ਤੇ ਅੱਗੇ ਵੱਧਣਾ ਪੈਂਦਾ ਹੈ। ਮੈਂ ਬੀਤੇ ਕਈ ਸਾਲਾਂ ਤੋਂ ਇਹ ਐਲਾਨ ਕਰਨਾ ਚਾਹੁੰਦਾ ਸੀ ਪਰ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਮੈਂ ਇਹ ਗੱਲ ਸ਼ੇਅਰ ਕਰਾਂ। ਮੈਂ ਅੱਜ ਕ੍ਰਿਕਟ ਦੇ ਹਰ ਫਾਰਮੈਟ ਤੋਂ ਸੰਨਿਆਸ ਲੈ ਰਿਹਾ ਹਾਂ। ਆਤਮਿਕ ਤੌਰ 'ਤੇ ਮੈਂ ਪਹਿਲਾਂ ਹੀ ਸਨਿਆਸ ਲੈ ਚੁੱਕਿਆ ਸੀ, ਉਂਝ ਵੀ ਮੈਂ ਲੰਮੇਂ ਸਮੇਂ ਤੋਂ ਜ਼ਿਆਦਾ ਕ੍ਰਿਕਟ ਨਹੀਂ ਖੇਡ ਰਿਹਾ ਹਾਂ। "

ਉਨ੍ਹਾਂ ਨੇ ਅੱਗੇ ਲਿਖਿਆ ਕਿ ਹਰ ਕ੍ਰਿਕਟਰ ਵਾਂਗ ਮੈਂ ਵੀ ਜਰਸੀ ਵਿੱਚ ਕ੍ਰਿਕਟ ਨੂੰ ਅਲਵਿਦਾ ਆਖਣਾ ਚਾਹੁੰਦਾ ਸੀ, ਪਰ ਸ਼ਾਇਦ ਜ਼ਿੰਦਗੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਮੈਂ ਜਿਸ ਵੀ ਟੀਮ ਦੇ ਲਈ ਖੇਡਿਆ ਮੈਂ ਆਪਣਾ ਸਭ ਕੁਝ ਦਿੱਤਾ। ਮੈਂ ਉਨ੍ਹਾਂ ਸਭ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੇ ਇਸ ਸਫ਼ਰ ਨੂੰ ਸੋਹਣਾ ਤੇ ਯਾਦਗਾਰ ਬਣਾਇਆ। ਇਸ ਪੋਸਟ ਵਿੱਚ ਹਰਭਜਨ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਪਣੀ ਭੈਂਣ ਨੂੰ ਵੀ ਯਾਦ ਕੀਤਾ।

ਹੋਰ ਪੜ੍ਹੋ : 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ, ਜਾਣੋ ਕੀ ਹੈ ਸਾਂਤਾ ਕਲਾਜ਼ ਦੀ ਕਹਾਣੀ

ਦੱਸਣਯੋਗ ਹੈ ਕਿ ਕ੍ਰਿਕਟ ਜਗਤ ਦੇ ਟਰਬਨੇਟਰ ਭੱਜੀ ਆਪਣੇ ਕ੍ਰਿਕਟ ਕਰਿਅਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਰਹੇ ਹਨ। ਉਨ੍ਹਾਂ ਨੇ ਆਪਣੇ 23 ਸਾਲਾਂ ਦੇ ਕ੍ਰਿਕਟ ਦੇ ਸਫਰ ਵਿੱਚ ਭਾਰਤ ਦੇ ਲਈ 711 ਵਿਕਟ ਲਏ ਹਨ। ਹਰਭਜਨ ਸਿੰਘ ਦੋ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਹਨ। ਹਰਭਜਨ ਸਾਲ 2007 ਵਿੱਚ ਟੀ-20 ਅਤੇ ਸਾਲ 2011 ਵਿੱਚ ਵਨਡੇਅ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹੇ ਹਨ।

HARBHAJAN SINGH WORLD CUP Image Source : Google

ਮੀਡੀਆ ਰਿਪੋਰਟਾਂ ਮੁਤਾਬਕ ਹਰਭਜਨ ਆਈਪੀਐਲ ਟੀਮ ਦੇ ਕੋਚਿੰਗ ਸਟਾਫ ਦਾ ਹਿੱਸਾ ਬਣ ਸਕਦੇ ਹਨ। ਹਰਭਜਨ ਸਿੰਘ ਨੇ ਭਾਵੇਂ ਹੀ 41 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੋਵੇ, ਪਰ ਉਹ ਲੰਬੇ ਸਮੇਂ ਤੋਂ ਭਾਰਤ ਲਈ ਕੋਈ ਮੈਚ ਨਹੀਂ ਖੇਡ ਰਹੇ ਸੀ। ਉਨ੍ਹਾਂ ਨੇ ਭਾਰਤ ਦੇ ਲਈ ਆਖਰੀ ਮੈਚ ਸਾਲ 2016 ਵਿੱਚ ਖੇਡਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network