
Happy Birthday Himesh Reshammiya: ਭਾਰਤੀ ਅਤੇ ਬਾਲੀਵੁੱਡ ਸੰਗੀਤ ਜਗਤ ਦੀ ਉੱਘੀ ਹਸਤੀ ਹਿਮੇਸ਼ ਰੇਸ਼ਮੀਆ ਦਾ ਜਨਮ 23 ਜੁਲਾਈ ਨੂੰ ਮੁੰਬਈ ਵਿਖੇ ਹੋਇਆ। ਉਹਨਾਂ ਦੇ ਪਿਤਾ ਵਿਪਿਨ ਰੇਸ਼ਮੀਆ ਖ਼ੁਦ ਵੀ ਇੱਕ ਸੰਗੀਤਕਾਰ ਸਨ, ਅਤੇ ਸੰਗੀਤ ਹਿਮੇਸ਼ ਨੂੰ ਵਿਰਾਸਤ 'ਚ ਮਿਲਿਆ। ਆਪਣੇ ਕਰੀਅਰ ਦੀ ਸ਼ੁਰੂਆਤ ਹਿਮੇਸ਼ ਨੇ ਅੰਦਾਜ਼, ਅਮਰ ਪ੍ਰੇਮ, ਆਸ਼ਿਕੀ ਅਤੇ ਜਾਨ ਵਰਗੇ ਸੀਰੀਅਲਾਂ ਦੇ ਪ੍ਰੋਡਿਊਸਰ ਵਜੋਂ ਕੀਤੀ, ਅਤੇ ਇਹਨਾਂ ਵਿੱਚੋਂ ਕਈਆਂ ਲਈ ਸੰਗੀਤ ਵੀ ਬਣਾਇਆ।
ਸਲਮਾਨ ਖ਼ਾਨ ਨੂੰ ਹਿਮੇਸ਼ ਦੀਆਂ ਧੁਨਾਂ ਪਸੰਦ ਆਈਆਂ, ਅਤੇ 1998 'ਚ ਹਿਮੇਸ਼ ਨੇ ਸਲਮਾਨ ਦੀ ਫ਼ਿਲਮ 'ਪਿਆਰ ਕੀਆ ਤੋਂ ਡਰਨਾ ਕਿਆ' ਲਈ ਦੋ ਗੀਤਾਂ ਨੂੰ ਸੰਗੀਤਬੱਧ ਕੀਤਾ ਅਤੇ ਉਹ ਦੋਵੇਂ ਹਿੱਟ ਰਹੇ।
ALSO READ: Gippy Grewal pays obeisance at Golden Temple in Amritsar

'ਹਮਰਾਜ਼' ਉਹ ਫ਼ਿਲਮ ਸੀ ਜਿਸ ਦੇ ਸੰਗੀਤ ਨੇ ਹਿਮੇਸ਼ ਦਾ ਨਾਂਅ ਬਾਲੀਵੁੱਡ 'ਚ ਸਥਾਪਿਤ ਕੀਤਾ, ਅਤੇ ਇਸ ਫ਼ਿਲਮ ਦੇ ਸੰਗੀਤ ਲਈ ਹਿਮੇਸ਼ ਨੇ ਫ਼ਿਲਮ ਫ਼ੇਅਰ ਐਵਾਰਡ ਵੀ ਹਾਸਲ ਕੀਤਾ, ਨਾਲ ਹੀ 'ਤੇਰੇ ਨਾਮ' ਫ਼ਿਲਮ ਦੇ ਸੁਪਰਹਿੱਟ ਰਹੇ ਸੰਗੀਤ ਨੇ ਹਿਮੇਸ਼ ਦਾ ਨਾਂਅ ਬਾਲੀਵੁੱਡ ਦੇ ਮੂਹਰਲੀ ਕਤਾਰ ਦੇ ਸੰਗੀਤ ਨਿਰਦੇਸ਼ਕਾਂ 'ਚ ਸ਼ਾਮਲ ਕਰ ਦਿੱਤਾ।
'ਆਸ਼ਿਕ ਬਨਾਇਆ ਆਪਨੇ' ਫ਼ਿਲਮ ਤੋਂ ਹਿਮੇਸ਼ ਦਾ ਇੱਕ ਗਾਇਕ ਵਜੋਂ ਸਫ਼ਰ ਸ਼ੁਰੂ ਹੋਇਆ, ਜੋ ਕਿ ਬਹੁਤ ਕਾਮਯਾਬ ਰਿਹਾ ਅਤੇ ਇਸ ਫ਼ਿਲਮ ਨੇ ਬਹੁਤ ਸਾਰੇ ਐਵਾਰਡ ਹਾਸਲ ਕੀਤੇ। 'ਆਸ਼ਿਕ ਬਨਾਇਆ ਆਪਨੇ', 'ਤੇਰਾ ਸੁਰੂਰ', 'ਝਲਕ ਦਿਖਲਾ ਜਾ', 'ਹੁੱਕਾ ਬਾਰ' ਅਤੇ ਹੋਰ ਬਹੁਤ ਸਾਰੇ ਗੀਤ ਹਿਮੇਸ਼ ਦੀ ਵੱਖਰੇ ਕਿਸਮ ਦੀ ਗਾਇਕੀ ਅਤੇ ਅੰਦਾਜ਼ ਦੀ ਵਜ੍ਹਾ ਨਾਲ ਸੁਪਰਹਿੱਟ ਰਹੇ।

ਹਿਮੇਸ਼ ਦੀ ਅਦਾਕਾਰ ਵਜੋਂ ਪਹਿਲੀ ਫ਼ਿਲਮ ਸੀ 'ਆਪ ਕਾ ਸੁਰੂਰ', ਅਤੇ 'ਕਰਜ਼', 'ਖਿਲਾੜੀ 786' ਵਰਗੀਆਂ ਫ਼ਿਲਮਾਂ ਦੇ ਨਾਂਅ ਇਸ ਲੜੀ 'ਚ ਸ਼ਾਮਲ ਹੁੰਦੇ ਰਹੇ। ਚੰਗੇ ਸਾਥੀ ਅਦਾਕਾਰਾਂ ਨਾਲ ਵੱਖੋ-ਵੱਖ ਕਿਸਮ ਦੇ ਰੋਲ ਨਿਭਾਉਣ ਸਦਕਾ ਹਿਮੇਸ਼ ਨੇ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਇੱਕ ਵੱਡਾ ਪ੍ਰਸ਼ੰਸਕ ਵਰਗ ਸਿਰਜਿਆ। ਇਹਨਾਂ ਤੋਂ ਇਲਾਵਾ ਕਈ ਨਵੀਆਂ ਫ਼ਿਲਮਾਂ ਦਾ ਜ਼ਿਕਰ ਮਿਲਦਾ ਹੈ ਜਿਹਨਾਂ ਵਿੱਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਹਿਮੇਸ਼ ਦੀ ਅਦਾਕਾਰੀ ਦੇ ਜਲਵੇ ਦੇਖਣ ਨੂੰ ਮਿਲਣ ਦੀ ਆਸ ਹੈ।

ਪ੍ਰੋਡਿਊਸਰ, ਸੰਗੀਤ ਨਿਰਦੇਸ਼ਕ ਅਤੇ ਅਦਾਕਾਰ ਤੋਂ ਇਲਾਵਾ ਹਿਮੇਸ਼ ਨੇ ਛੋਟੇ ਪਰਦੇ 'ਤੇ ਵੀ ਕੰਮ ਕੀਤਾ ਹੈ ਜੋ ਬਦਸਤੂਰ ਜਾਰੀ ਹੈ। 'ਸਾ ਰੇ ਗਾ ਮਾ ਪਾ ਚੈਲੇਂਜ', 'ਮਿਊਜ਼ਿਕ ਕਾ ਮਹਾ ਮੁਕਾਬਲਾ', 'ਸੁਰ ਕਸ਼ੇਤਰਾ' ਵਰਗੇ ਅਨੇਕਾਂ ਰਿਐਲਿਟੀ ਸ਼ੋਅ ਵਿੱਚ ਹਿਮੇਸ਼ ਬਤੌਰ ਜੱਜ ਕੰਮ ਕਰ ਚੁੱਕੇ ਹਨ, ਅਤੇ ਸੰਗੀਤ ਆਧਾਰਿਤ ਅਜਿਹੇ ਕਈ ਸ਼ੋਅ ਇਸ ਵੇਲੇ ਵੀ ਛੋਟੇ ਪਰਦੇ 'ਤੇ ਜਾਰੀ ਹਨ, ਜਿਹਨਾਂ 'ਚ ਹਿਮੇਸ਼ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਅੰਦਾਜ਼ ਨਾਲ ਖ਼ੁਸ਼ੀਆਂ ਵੰਡਦੇ ਨਜ਼ਰ ਆਉਂਦੇ ਹਨ।
ਇਸ 'ਚ ਕੋਈ ਸ਼ੱਕ ਨਹੀਂ ਕਿ ਮੁੰਬਈ ਫ਼ਿਲਮ ਜਗਤ 'ਚ ਹਿਮੇਸ਼ ਨੇ ਆਪਣੀ ਕਾਬਲੀਅਤ ਨਾਲ ਖ਼ੁਦ ਨੂੰ ਸਥਾਪਿਤ ਕੀਤਾ ਹੈ। ਬਹੁ-ਪੱਖੀ ਕਲਾਕਾਰ ਤੇ ਸੰਗੀਤ ਦੇ ਗਿਆਤਾ ਹਿਮੇਸ਼ ਰੇਸ਼ਮੀਆ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਹਿਮੇਸ਼ ਦੇ ਜਨਮਦਿਨ ਦੀਆਂ ਬਹੁਤ ਮੁਬਾਰਕਾਂ।
Happy Birthday Himesh Reshammiya!