
Lawrence Bishnoi admits Salman Khan murder plot: ਸੁਪਰਸਟਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਸ ਨੇ ਸੁਪਰਸਟਾਰ ਨੂੰ ਮਾਰਨ ਲਈ 4 ਲੱਖ ਰੁਪਏ ਦੀ ਰਾਈਫਲ ਖਰੀਦੀ ਸੀ। ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਉਹੀ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ ਰਚੀ ਸੀ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜੂਨ ਮਹੀਨੇ ‘ਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਭਰਿਆ ਖਤ ਭੇਜਿਆ ਸੀ।
ਦੱਸ ਦਈਏ ਲਾਰੈਂਸ ਦਾ ਸਪੱਸ਼ਟ ਕਹਿਣਾ ਹੈ ਕਿ ਅਦਾਲਤ ਨੇ ਭਾਵੇਂ ਆਪਣਾ ਫੈਸਲਾ ਸਲਮਾਨ ਖ਼ਾਨ ਦੇ ਹੱਕ ‘ਚ ਸੁਣਾ ਦਿੱਤਾ ਹੋਵੇ ਪਰ ਉਹ ਇਸ ਨੂੰ ਅੰਤਿਮ ਫੈਸਲਾ ਨਹੀਂ ਮੰਨਦਾ। ਲਾਰੈਂਸ ਨੇ ਇਹ ਵੀ ਦੱਸਿਆ ਕਿ ਉਹ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਫਸੇ ਸਲਮਾਨ ਖ਼ਾਨ ਨੂੰ ਦੋਸ਼ੀ ਕਿਉਂ ਮੰਨਦਾ ਹੈ ਅਤੇ ਉਸ ਦਾ ਸਮਾਜ ਉਸ ਦੇ ਪਿੱਛੇ ਕਿਉਂ ਹੈ।
ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਆਪਣਾ ਫੈਸਲਾ ‘ਤੇ ਗੌਰ ਤੱਦ ਹੀ ਕਰੇਗਾ, ਜੇਕਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਬਿਸ਼ਨੋਈ ਸਮਾਜ ਤੋਂ ਮੁਆਫੀ ਮੰਗਣਗੇ। ਪੁੱਛ-ਪੜਤਾਲ ਦੌਰਾਨ ਉਸ ਨੇ ਕਿਹਾ ਕਿ ਕਿਉਂਕਿ ਬਿਸ਼ਨੋਈ ਲੋਕ ਕਾਲੇ ਹਿਰਨ ਨੂੰ ਆਪਣੇ ਧਾਰਮਿਕ ਗੁਰੂ ਭਗਵਾਨ ਜੰਬੇਸ਼ਵਰ ਦਾ ਪੁਨਰ ਜਨਮ ਮੰਨਦੇ ਹਨ, ਜਿਸ ਨੂੰ ਜੰਬਾਜੀ ਵੀ ਕਿਹਾ ਜਾਂਦਾ ਹੈ, ਅਦਾਲਤ ਤੋਂ ਬਰੀ ਜਾਂ ਸਜ਼ਾ ਉਨ੍ਹਾਂ ਲਈ ਅੰਤਿਮ ਫੈਸਲਾ ਨਹੀਂ ਹੋਵੇਗਾ। ਦੱਸ ਦੇਈਏ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਤੋਂ ਬਾਅਦ ਬਿਸ਼ਨੋਈ ਸਮਾਜ ਵਿੱਚ ਸਲਮਾਨ ਖਾਨ ਪ੍ਰਤੀ ਕਾਫੀ ਗੁੱਸਾ ਹੈ।
ਇੱਕ ਰਿਪੋਰਟ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਸਨੇ ਸਾਲ 2018 ਵਿੱਚ ਸਲਮਾਨ ਖ਼ਾਨ ਨੂੰ ਮਾਰਨ ਲਈ 4 ਲੱਖ ਰੁਪਏ ਦੀ ਆਰਕੇ ਸਪਰਿੰਗ ਰਾਈਫਲ ਖਰੀਦੀ ਸੀ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਬਿਸ਼ਨੋਈ ਨੇ ਸੰਪਤ ਦੇ ਹੀ ਪਿੰਡ ਦੇ ਦਿਨੇਸ਼ ਡਾਗਰ ਤੋਂ 4 ਲੱਖ ਰੁਪਏ ਦੀ ਆਰਕੇ ਸਪਰਿੰਗ ਰਾਈਫਲ ਖਰੀਦੀ ਸੀ। ਇਸ ਰਾਈਫਲ ਲਈ ਉਸ ਨੇ ਡਾਗਰ ਦੇ ਜਾਣਕਾਰ ਅਨਿਲ ਪਾਂਡੇ ਨੂੰ ਪੈਸੇ ਦੇਣੇ ਸਨ। ਇਹ ਰਾਈਫਲ ਬਾਅਦ ਵਿਚ ਡਾਗਰ ਤੋਂ ਹੀ ਬਰਾਮਦ ਕੀਤੀ ਗਈ ਸੀ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਗੈਂਗਸਟਰਾਂ ਦਾ ਦਾਅਵਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਉਨ੍ਹਾਂ ਦਾ ਭਾਈਚਾਰਾ ਸਲਮਾਨ ਨੂੰ ਕਦੇ ਮੁਆਫ਼ ਨਹੀਂ ਕਰੇਗਾ।