
ਬਾਲੀਵੁੱਡ ਦੇ ਮਸ਼ਹੂਰ ਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਚੋਂ ਇੱਕ, ਮਨੋਜ ਬਾਜਪਾਈ ਇੰਡਸਟਰੀ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਦਾਕਾਰ ਲੰਬੇ ਸਮੇਂ ਤੋਂ ਆਪਣੀਆਂ ਫਿਲਮਾਂ ਅਤੇ ਲੜੀਵਾਰਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇੰਡਸਟਰੀ 'ਚ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਮਨੋਜ ਵਾਜਪਾਈ ਹਰ ਸਾਲ 23 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ।
ਮਨੋਜ ਬਾਜਪਾਈ ਇਸ ਸਾਲ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਮਨੋਜ ਦਾ ਜਨਮ ਬਿਹਾਰ ਦੇ ਬੇਲਵਾ ਪਿੰਡ 'ਚ 23 ਅਪ੍ਰੈਲ 1969 ਨੂੰ ਹੋਇਆ ਸੀ। ਮਨੋਜ ਵਾਜਪਾਈ ਅੱਜ ਸਫਲਤਾ ਅਤੇ ਪ੍ਰਸਿੱਧੀ ਦੇ ਅਜਿਹੇ ਮੁਕਾਮ 'ਤੇ ਹਨ, ਜਿੱਥੇ ਪਹੁੰਚਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ।
ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਮਨੋਜ ਬਾਜਪਾਈ ਨੂੰ ਇਸ ਦੇ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਨੋਜ ਦੀ ਜ਼ਿੰਦਗੀ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ, ਜਦੋਂ ਉਨ੍ਹਾਂ ਨੇ ਲਗਾਤਾਰ ਅਸਫਲਤਾ ਮਿਲਣ ਮਗਰੋਂ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਸੀ।
ਦਰਅਸਲ ਨੌਂ ਸਾਲ ਦੀ ਉਮਰ ਤੋਂ ਹੀ ਐਕਟਿੰਗ ਦਾ ਸ਼ੌਕ ਰੱਖਣ ਵਾਲੇ ਮਨੋਜ ਵਾਜਪਾਈ ਨੂੰ ਇੰਡਸਟਰੀ 'ਚ ਆਪਣੀ ਥਾਂ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਦਰਅਸਲ, ਉਸ ਸਮੇਂ, ਐਨਐਸਡੀ (ਨੈਸ਼ਨਲ ਸਕੂਲ ਆਫ਼ ਡਰਾਮਾ) ਵਿੱਚ ਦਾਖਲੇ ਲਈ ਹਰ ਕਿਸੇ ਨੂੰ ਦੋ ਤੋਂ ਤਿੰਨ ਪੜਾਵਾਂ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ ਤੇ ਇਸ ਪ੍ਰਕਿਰਿਆ ਵਿੱਚ ਲਗਾਤਾਰ ਅਸਫਲ ਰਹੇ।
ਇਸ ਦੇ ਚਲਦੇ ਉਹ ਬੇਹੱਦ ਨਿਰਾਸ਼ ਹੋ ਗਏ ਸੀ ਤੇ ਉਨ੍ਹਾਂ ਦੇ ਮਨ ਵਿੱਚ ਖੁਦਕੁਸ਼ੀ ਕਰਨ ਦੇ ਖਿਆਲ ਆਉਣ ਲੱਗ ਪਏ। ਇੱਕ ਵਾਰ ਤਾਂ ਮਨੋਜ ਨੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਆਖਿਰਕਾਰ ਪਰਿਵਾਰ ਤੇ ਨੇੜਲੇ ਰਿਸ਼ਤੇਦਾਰਾਂ ਦੇ ਸਮਝਆਉਣ 'ਤੇ ਉਨ੍ਹਾਂ ਨੇ ਬੈਰੀ ਡਰਾਮਾ ਸਕੂਲ ਤੋਂ ਬੈਰੀ ਜੌਨ ਨਾਲ ਥਿਏਟਰ ਕੀਤਾ।
ਹੋਰ ਪੜ੍ਹੋ: ਸ਼ਾਹਿਦ ਕਪੂਰ ਸਟਾਰਰ ਫਿਲਮ ਜਰਸੀ ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਮਨੋਜ ਵਾਜਪਾਈ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ 'ਤੇ ਪ੍ਰਸਾਰਿਤ ਸੀਰੀਅਲ 'ਸਵਾਭਿਮਾਨ' ਨਾਲ ਕੀਤੀ ਸੀ। ਇਸ ਤੋਂ ਬਾਅਦ ਸ਼ੇਖਰ ਕਪੂਰ ਨੇ ਉਨ੍ਹਾਂ ਨੂੰ ਫਿਲਮਾਂ 'ਚ ਪਹਿਲਾ ਮੌਕਾ ਦਿੱਤਾ। ਮਨੋਜ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1994 'ਚ ਸ਼ੇਖਰ ਕਪੂਰ ਦੀ ਫਿਲਮ 'ਬੈਂਡਿਟ ਕਵੀਨ' ਨਾਲ ਕੀਤੀ ਸੀ ਪਰ ਉਨ੍ਹਾਂ ਨੂੰ ਪਛਾਣ ਰਾਮ ਗੋਪਾਲ ਵਰਮਾ ਦੀ ਫਿਲਮ 'ਸੱਤਿਆ' ਸਾਲ 1998 'ਚ ਮਿਲੀ। ਉਨ੍ਹਾਂ ਨੂੰ ਫਿਲਮ 'ਸੱਤਿਆ' ਅਤੇ 'ਸ਼ੂਲ' ਲਈ ਫਿਲਮਫੇਅਰ ਸਰਵੋਤਮ ਅਦਾਕਾਰ ਦਾ ਪੁਰਸਕਾਰ ਵੀ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਫਿਲਮ 'ਪਿੰਜਰ' 'ਚ ਸ਼ਾਨਦਾਰ ਅਦਾਕਾਰੀ ਲਈ (ਸਪੈਸ਼ਲ ਜਿਊਰੀ) ਵੱਲੋਂ ਨੈਸ਼ਨਲ ਫਿਲਮ ਫੇਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਮਨੋਜ ਬਾਜਪਾਈ ਗੈਂਗਸ ਆਫ ਵਾਸੇਪੁਰ, ਦ ਫੈਮਿਲੀ ਮੈਨ, ਅਯਾਰੀ, ਐਲਓਸੀ ਕਾਰਗਿਲ, ਸੋਨਚਿਰਿਆ, ਡਾਇਲ 100, ਦਿ ਫੈਮਿਲੀ ਮੈਨ ਆਦਿ ਵਰਗੀਆਂ ਫਿਲਮਾਂ ਅਤੇ ਲੜੀਵਾਰਾਂ ਵਿੱਚ ਨਜ਼ਰ ਆਏ ਹਨ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਭਿਨੇਤਾ ਨੇ ਦੋ ਵਿਆਹ ਕੀਤੇ ਹਨ। ਉਨ੍ਹਾਂ ਦਾ ਪਹਿਲਾ ਵਿਆਹ 1990 'ਚ ਹੋਇਆ ਸੀ ਪਰ ਇਹ ਵਿਆਹ ਜਲਦੀ ਹੀ ਟੁੱਟ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2006 'ਚ ਬਾਲੀਵੁੱਡ ਅਦਾਕਾਰਾ ਸ਼ਬਾਨਾ ਰਜ਼ਾ ਨਾਲ ਵਿਆਹ ਕੀਤਾ। ਜਿਸ ਨਾਲ ਉਨ੍ਹਾਂ ਦੀ ਇੱਕ ਬੇਟੀ ਵੀ ਹੈ ਅਤੇ ਹੁਣ ਦੋਵੇਂ ਇਕੱਠੇ ਬਹੁਤ ਖੁਸ਼ ਹਨ।