ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅਮਰਿੰਦਰ ਗਿੱਲ ਬਹੁਤ ਵਧੀਆ ਭੰਗੜਾ ਪਾਉਂਦੇ ਨੇ ਅਤੇ ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਬਿੰਨੂ ਢਿੱਲੋਂ ਵੀ ਬਿਹਤਰੀਨ ਭੰਗੜਚੀ ਰਹੇ ਹਨ ।
ਅਮਰਿੰਦਰ ਗਿੱਲ ਉਹ ਗਾਇਕ ਹਨ, ਜਿੰਨ੍ਹਾਂ ਦੇ ਗਾਣਿਆਂ ਵਿੱਚ ਹਥਿਆਰਾਂ ਦੀ ਥਾਂ ਤੇ ਪਿਆਰ ਦੀ ਗੱਲ ਹੁੰਦੀ ਹੈ । ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਖੇਤੀਬਾੜੀ ਵਿੱਚ ਡਿਗਰੀ ਕਰਨ ਵਾਲਾ ਅਮਰਿੰਦਰ ਗਿੱਲ ਕਾਲਜ ਵਿੱਚ ਭੰਗੜੇ ਦਾ ਸ਼ੁਕੀਨ ਸੀ ।
ਇਸੇ ਲਈ ਉਹ ਅਕਸਰ ਸਰਬਜੀਤ ਚੀਮਾ ਦੇ ਗਾਣਿਆਂ ਵਿੱਚ ਭੰਗੜਾ ਪਾਉਂਦੇ ਹੁੰਦੇ ਸਨ, ਇੱਥੋਂ ਹੀ ਉਹਨਾਂ ਨੂੰ ਗਾਉਣ ਦਾ ਸ਼ੌਂਕ ਹੋ ਗਿਆ । ਅਮਰਿੰਦਰ ਗਿੱਲ ਦੀ ਪਹਿਲੀ ਕੈਸੇਟ 2000 ਵਿੱਚ ਆਈ, ਪਰ ਇਹ ਕੁਝ ਕਮਾਲ ਨਾ ਕਰ ਸਕੀ ।
ਅਮਰਿੰਦਰ ਗਿੱਲ ਆਪਣੀ ਗਾਇਕੀ ਦੇ ਨਾਲ ਨਾਲ ਫ਼ਿਰੋਜ਼ਪੁਰ ਦੇ ਇੱਕ ਬੈਂਕ ਵਿੱਚ ਨੌਕਰੀ ਵੀ ਕਰਦੇ ਰਹੇ । ਇਸੇ ਦੌਰਾਨ ਉਹਨਾਂ ਨੂੰ ਦੂਰਦਰਸ਼ਨ ਦੇ ਪ੍ਰੋਗਰਾਮ ‘ਕਾਲਾ ਡੋਰੀਆ’ ਵਿੱਚ ਗਾਉਣ ਦਾ ਮੌਕਾ ਮਿਲਿਆ, ਜੋ ਗਾਣਾ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਗਾਇਆ ਉਹ ਲੋਕਾਂ ਨੇ ਕਾਫੀ ਪਸੰਦ ਕੀਤਾ ।2001 ਵਿੱਚ ਅਮਰਿੰਦਰ ਦੀ ਦੂਜੀ ਐਲਬਮ ‘ਚੰਨ ਦਾ ਟੁਕੜਾ’ ਆਈ ਜਿਸ ਦਾ ਗਾਣਾ ‘ਮਧਾਣੀਆਂ’ ਪੰਜਾਬੀ ਸਰੋਤਿਆਂ ਨੂੰ ਬਹੁਤ ਪਸੰਦ ਆਇਆ ।