ਗੰਭੀਰ ਬਿਮਾਰੀ ਨਾਲ ਜੂਝ ਰਹੇ ਗਾਇਕ ਕੇ ਦੀਪ ਦਾ ਹੰਸ ਰਾਜ ਹੰਸ ਨੇ ਜਾਣਿਆ ਹਾਲ, ਕੀਤੀ ਆਰਥਿਕ ਮਦਦ

Written by  Rupinder Kaler   |  June 08th 2020 11:27 AM  |  Updated: June 08th 2020 11:27 AM

ਗੰਭੀਰ ਬਿਮਾਰੀ ਨਾਲ ਜੂਝ ਰਹੇ ਗਾਇਕ ਕੇ ਦੀਪ ਦਾ ਹੰਸ ਰਾਜ ਹੰਸ ਨੇ ਜਾਣਿਆ ਹਾਲ, ਕੀਤੀ ਆਰਥਿਕ ਮਦਦ

ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਗਾਇਕ ਕੇ ਦੀਪ ਦਾ ਹਾਲ ਜਾਨਣ ਲਈ ਬੀਤੇ ਦਿਨ ਹੰਸ ਰਾਜ ਹੰਸ ਉਹਨਾਂ ਦੇ ਘਰ ਪਹੁੰਚੇ । ਇਸ ਮੌਕੇ ਉਹਨਾਂ ਨੇ ਕੇ ਦੀਪ ਤੇ ਉਹਨਾਂ ਦੀ ਧੀ ਨਾਲ ਕੇ ਦੀਪ ਦੀ ਸਿਹਤ ਨੂੰ ਲੈ ਕੇ ਗੱਲਬਾਤ ਕੀਤੀ । ਇਸ ਦੌਰਾਨ ਹੰਸ ਰਾਜ ਹੰਸ ਨੇ ਕੇ ਦੀਪ ਦੀ ਆਰਥਿਕ ਸਹਾਇਤਾ ਲਈ ਉਹਨਾਂ ਦੀ ਬੇਟੀ ਨੂੰ ਚੈੱਕ ਦਿੱਤਾ । ਹੰਸ ਰਾਜ ਹੰਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇ ਦੀਪ ਦੀ ਮਦਦ ਕਰਨ ।

ਉਹਨਾਂ ਨੇ ਕਿਹਾ ਕਿ ਉਹ ਅਕਸਰ ਕੇ ਦੀਪ ਨੂੰ ਫੋਨ ਕਰਕੇ ਉਹਨਾਂ ਦਾ ਹਾਲ ਜਾਣਦੇ ਰਹਿੰਦੇ ਸਨ ਪਰ ਸਿਆਸਤ ਵਿੱਚ ਸਰਗਰਮ ਹੋਣ ਕਰਕੇ ਉਹ ਪਿਛਲੇ ਕੁਝ ਦਿਨਾਂ ਤੋਂ ਕੇ ਦੀਪ ਦੇ ਸੰਪਰਕ ਵਿੱਚ ਨਹੀਂ ਸਨ, ਪਰ ਸੋਸ਼ਲ ਮੀਡੀਆ ਤੇ ਜਦੋਂ ਹੀ ਉਹਨਾਂ ਨੇ ਕੇ ਦੀਪ ਦੀ ਅਜਿਹੀ ਹਾਲਤ ਦੇਖੀ ਤਾਂ ਉਹ ਤੁਰੰਤ ਉਹਨਾਂ ਦਾ ਹਾਲ ਜਾਨਣ ਲਈ ਪਹੁੰਚ ਗਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਬਾ ਵੇ ਕਲਾ ਮਰੋੜ, ਤੇਰਾ ਬੜਾ ਕਰਾਰਾ ਪੂਦਨਾ ਵਰਗੇ ਮਸ਼ਹੂਰ ਗੀਤ ਗਾ ਚੁੱਕੇ ਪੰਜਾਬੀ ਗਾਇਕ ਕੇ ਦੀਪ ਇਨੀਂ ਦਿਨੀਂ ਬੀਮਾਰੀ ਨਾਲ ਜੂਝ ਰਹੇ ਹਨ ।

ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ । ਉਹਨਾਂ ਦੀ ਬੇਟੀ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਿਸ ਪਰਤੀ ਹੈ ਤੇ ਉਹ ਹੀ ਉਨ੍ਹਾਂ ਦੀ ਸਾਂਭ ਸੰਭਾਲ ਕਰ ਰਹੀ ਹੈ । ਕੇ ਦੀਪ ਦੀ ਬੇਟੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਪਾਪਾ ਦੀ ਬਿਮਾਰੀ ਬਾਰੇ ਪਤਾ ਚੱਲਿਆ ਸੀ ਜਿਸ ਤੋਂ ਬਾਅਦ ਤੁਰੰਤ ਆਪਰੇਸ਼ਨ ਦੇ ਅਗਲੇ ਦਿਨ ਉਹ ਲੁਧਿਆਣਾ ਪਹੁੰਚ ਗਏ ।

ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਹਾਲੇ ਵੀ ਉਨ੍ਹਾਂ ਦੀ ਬੀਮਾਰੀ ਤੇ ਕਾਫੀ ਖਰਚਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਪੈਸੇ ਦੀ ਤਾਂ ਲੋੜ ਨਹੀਂ ਪਰ ਇਸ ਗੱਲ ਦਾ ਜ਼ਰੂਰ ਮਲਾਲ ਹੈ ਕਿ ਇੰਨੇ ਵੱਡੇ ਗਾਇਕ ਹੋਣ ਦੇ ਬਾਵਜੂਦ ਸਟੇਟ ਅਵਾਰਡੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਨੇ ਪੁੱਛ ਗਿੱਛ ਨਹੀਂ ਕੀਤੀ, ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਜਾਂ ਹੌਸਲਾ ਅਫਜ਼ਾਈ ਜ਼ਰੂਰ ਕਰਨੀ ਚਾਹੀਦੀ ਸੀ ।

ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਉਨ੍ਹਾਂ ਦੇ ਨਾਲ ਆ ਕੇ ਨਹੀਂ ਖੜ੍ਹਿਆ ਪਰ ਕੁਝ ਗਾਇਕਾਂ ਵੱਲੋਂ ਜ਼ਰੂਰ ਉਨ੍ਹਾਂ ਨੂੰ ਫੋਨ ਕਰਕੇ ਹਾਲ ਚਾਲ ਜਾਣਿਆ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network