ਪੰਜਾਬੀ ਗਾਇਕਾ ਰਣਜੀਤ ਕੌਰ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸੰਗੀਤਕ ਸਫ਼ਰ, ਇਸ ਗਾਣੇ ਨੇ ਦਿਵਾਈ ਪ੍ਰਸਿੱਧੀ 

Written by  Rupinder Kaler   |  July 05th 2019 01:25 PM  |  Updated: July 05th 2019 01:25 PM

ਪੰਜਾਬੀ ਗਾਇਕਾ ਰਣਜੀਤ ਕੌਰ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸੰਗੀਤਕ ਸਫ਼ਰ, ਇਸ ਗਾਣੇ ਨੇ ਦਿਵਾਈ ਪ੍ਰਸਿੱਧੀ 

ਤਿੰਨ ਦਹਾਕੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਆਪਣੀ ਆਵਾਜ਼ ਨਾਲ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਦੇ ਗਾਣੇ ਅੱਜ ਵੀ ਬੜੀ ਰੀਝ ਨਾਲ ਸੁਣੇ ਜਾਂਦੇ ਹਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਰਣਜੀਤ ਕੌਰ ਦੀ ਜ਼ਿੰਦਗੀ ਦੇ ਉਹ ਕਿੱਸੇ ਦੱਸਾਂਗੇ ਜਿਹੜੇ ਸ਼ਾਇਦ ਕਿਸੇ ਨੂੰ ਨਹੀਂ  ਪਤਾ ਹੋਣੇ । ਰਣਜੀਤ ਕੌਰ ਦਾ ਜਨਮ ਪਹਿਲੀ ਅਕਤੂਬਰ 1950 ਨੂੰ ਰੋਪੜ ਦੇ ਪੈਂਦੇ ਪਿੰਡ ਉੱਚਾ ਖੇੜਾ ਦੇ ਰਹਿਣ ਵਾਲੇ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ। ਗਿਆਨੀ ਆਤਮਾ ਸਿੰਘ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਸਨ, ਇਸ ਸਭ ਦੇ ਚਲਦੇ ਉਹ ਰੋਪੜ ਤੋਂ ਆਪਣੀ ਨੌਕਰੀ ਲਈ ਲੁਧਿਆਣਾ ਸ਼ਹਿਰ ਆ ਵੱਸੇ ਸਨ ।

ranjit kaur ranjit kaur

ਰਣਜੀਤ ਕੌਰ ਨੂੰ ਕੀਰਤਨ ਸੁਣਨ ਦਾ ਸ਼ੌਂਕ ਸੀ, ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਇਆ । ਸੰਗੀਤ ਪ੍ਰਤੀ ਰਣਜੀਤ ਕੌਰ ਦਾ ਸ਼ੌਂਕ ਦੇਖ ਕੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਟਿਆਲਾ ਘਰਾਣੇ ਦੇ ਉਸਤਾਦ ਬਾਕੁਰ ਹੁਸੈਨ ਤੋਂ ਸੰਗੀਤ ਦੀ ਤਾਲੀਮ ਦਿਵਾਈ । ਆਪਣੇ ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਰਣਜੀਤ ਕੌਰ ਪੰਜਾਬੀ ਲੋਕ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੀ ਸੀ, ਪਰ ਇੱਕ ਗਾਇਕਾ ਦੇ ਤੌਰ ਤੇ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਗਾਇਕ ਅਮਰ ਸਿੰਘ ਸ਼ੇਰਪੁਰੀ ਤੋਂ ਕੀਤੀ ਸੀ ਪਰ ਮੁਹੰਮਦ ਸਦੀਕ ਨਾਲ ਗਾ ਕੇ ਉਸ ਨੇ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ।

ਮੁਹੰਮਦ ਸਦੀਕ ਨਾਲ ਰਣਜੀਤ ਕੌਰ ਦੀ ਮੁਲਾਕਾਤ ਦਿੱਲੀ ਦੇ ਇੱਕ ਰਿਕਾਰਡਿੰਗ ਸਟੂਡੀਓ ਵਿੱਚ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਨੇ ਦੋਗਾਣਾ ਜੋੜੀ ਬਣਾ ਲਈ। ਰਣਜੀਤ ਕੌਰ ਨੇ ਮੁਹੰਮਦ ਸਦੀਕ ਨਾਲ ਮਲਕੀ ਕੀਮਾ ਗਾਣਾ ਗਾਇਆ ਤਾਂ ਇਹ ਗਾਣਾ ਸੁਪਰ ਹਿੱਟ ਹੋ ਗਿਆ । ਇਸ ਗਾਣੇ ਤੋਂ ਬਾਅਦ ਰਣਜੀਤ ਕੌਰ ਤੇ ਸਦੀਕ ਦੀ ਜੋੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ।

https://www.youtube.com/watch?v=4b0kDKM1Tsc

ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਅਸੀਂ ਅੱਲ੍ਹੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ, ਦਿਲ ਬੇਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ' ਸਭ ਤੋਂ ਪਹਿਲਾ ਆਉਂਦਾ ਹੈ ।

https://www.youtube.com/watch?v=0DrDOsMrKEY

ਹੋਰ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ 'ਮੁੱਕ ਗਈ 'ਫੀਮ ਡੱਬੀ 'ਚੋਂ ਯਾਰੋ', 'ਲੰਬੀ ਸੀਟੀ ਮਾਰ ਮਿੱਤਰਾ ਘਰ ਭੁੱਲ ਗਈ ਮੋੜ 'ਤੇ ਆ ਕੇ', 'ਪਹਿਲੇ ਪਹਿਰ ਨੂੰ ਚੰਦ ਚੜ੍ਹ ਜਾਂਦਾ ਪਿਛਲੇ ਪਹਿਰ ਨੂੰ ਤਾਰੇ' ਸਮੇਤ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਰਣਜੀਤ ਕੌਰ ਨੇ ਕਈ ਫ਼ਿਲਮਾਂ ਦੇ ਗਾਣਿਆਂ ਨੂੰ ਵੀ ਆਪਣੀ ਆਵਾਜ਼ ਦਿੱਤੀ ।

https://www.youtube.com/watch?v=JS241dePIIE

ਇੰਨਾਂ ਫ਼ਿਲਮਾਂ ਵਿੱਚ ਕੁੱਲੀ ਯਾਰ ਦੀ, ਸੈਦਾ ਜੋਗਣ, ਪੁੱਤ ਸਰਦਾਰਾਂ ਦਾ, ਰਾਣੋ, ਸਰਪੰਚ, ਪਟੋਲਾ, ਗੁੱਡੋ, ਤੇਰੀ ਮੇਰੀ ਇੱਕ ਜਿੰਦੜੀ ਆਦਿ ਸ਼ਾਮਲ ਹਨ। ਏਨੀ ਪ੍ਰਸਿੱਧੀ ਤੋਂ ਬਾਅਦ ਰਣਜੀਤ ਕੌਰ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ । ਪਿਤਾ ਗਿਆਨੀ ਆਤਮਾ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਕੌਰ ਨੂੰ ਡੂੰਘਾ ਸਦਮਾ ਲੱਗਾ ਜਿਸ ਦਾ ਅਸਰ ਉਹਨਾਂ ਦੀ ਆਵਾਜ਼ 'ਤੇ ਵੀ ਹੋਇਆ । ਇਸ ਤੋਂ ਬਾਅਦ ਮੁਹੰਮਦ ਸਦੀਕ ਨੇ ਰਣਜੀਤ ਕੌਰ ਦਾ ਸਾਥ ਛੱਡ ਦਿੱਤਾ । ਭਾਵੇਂ ਰਣਜੀਤ ਕੌਰ ਦੀ ਅਵਾਜ਼ ਵਿੱਚ ਥੋੜਾ ਫਰਕ ਪਿਆ ਹੈ ਪਰ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਖ-ਵੱਖ ਗਾਇਕਾਂ ਨਾਲ ਸ਼ੋਅ ਕਰਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network