
ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਸੁਰਖ਼ੀ ਬਿੰਦੀ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ : ਗੁੱਡੀਆਂ ਪਟੋਲੇ ਦੀ ਸਫਲਤਾ ਤੋਂ ਬਾਅਦ ਗੁਰਨਾਮ ਭੁੱਲਰ ਇੱਕ ਵਾਰ ਫਿਰ ਆਪਣੀ ਆਉਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਦਿਖਾਈ ਦੇਣਗੇ। ਜੀ ਹਾਂ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ਸੁਰਖ਼ੀ ਬਿੰਦੀ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ, ਜਿਸ ਦੇ ਸੈੱਟ ਤੋਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।

ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਕਿਸਮਤ ਫ਼ਿਲਮ ਲਈ ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ 'ਚ ਬੈਸਟ ਡੈਬਿਊ ਡਾਇਰੈਕਟਰ ਦਾ ਖਿਤਾਬ ਆਪਣੇ ਨਾਮ ਕਰਨ ਵਾਲੇ ਜਗਦੀਪ ਸਿੱਧੂ।

ਸੁਰਖ਼ੀ ਬਿੰਦੀ ਦੀ ਕਹਾਣੀ ਨੂੰ ਲਿਖਿਆ ਹੈ ਰੁਪਿੰਦਰ ਇੰਦਰਜੀਤ ਹੋਰਾਂ ਨੇ ਤੇ ਫ਼ਿਲਮ ਸ਼੍ਰੀ ਨਰੋਤਮ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ। ਦੱਸ ਦਈਏ ਸੁਰਖ਼ੀ ਬਿੰਦੀ ਫ਼ਿਲਮ 'ਚ ਸਰਗੁਣ ਮਹਿਤਾ ਦਾ ਨਾਮ ਹੋਣ ਵਾਲਾ ਹੈ ਰਾਣੋ ਅਤੇ ਉੱਥੇ ਹੀ ਗੁਰਨਾਮ ਭੁੱਲਰ ਦਾ ਨਾਮ ਹੋਵੇਗਾ ਸੁਖਨਾ।

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਫ਼ਿਲਮ 'ਚ ਨਿਸ਼ਾ ਬਾਨੋ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਅਗਸਤ ਦੇ ਮਹੀਨੇ 'ਚ ਰਿਲੀਜ਼ ਹੋਣ ਵਾਲੀ ਹੈ।
ਹੋਰ ਵੇਖੋ : ਗੁਰਨਾਮ ਭੁੱਲਰ ਸੋਨਮ ਬਾਜਵਾ ਜਾਂ ਤਾਨੀਆ 'ਚੋਂ ਕਿਸ ਨਾਲ ਕਰ ਰਹੇ ਨੇ 'ਇਸ਼ਕ ਦੀਆਂ ਸ਼ੁਰੂਆਤਾਂ', ਦੇਖੋ ਵੀਡੀਓ

ਲਗਾਤਾਰ 4 ਵਾਰ ਪੀਟੀਸੀ ਪੰਜਾਬੀ ਫ਼ਿਲਮ ਐਵਾਰਡ 'ਚ ਬੈਸਟ ਐਕਟਰੈੱਸ ਦਾ ਖਿਤਾਬ ਆਪਣੇ ਨਾਮ ਕਰਨ ਵਾਲੀ ਸਰਗੁਣ ਮਹਿਤਾ ਨਾਲ ਗੁਰਨਾਮ ਭੁੱਲਰ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾ ਕੁ ਪਸੰਦ ਕਰਦੇ ਹਨ ਇਹ ਤਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਇਸ ਤੋਂ ਇਲਾਵਾ ਸਰਗੁਣ ਮਹਿਤਾ ਗਿੱਪੀ ਗਰੇਵਾਲ ਦੀ ਫ਼ਿਲਮ ਚੰਡੀਗੜ੍ਹ ਅੰਬਰਸਰ ਚੰਡੀਗੜ੍ਹ 'ਚ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ।