ਅਦਾਕਾਰਾ ਗੁਰਪ੍ਰੀਤ ਭੰਗੂ ਨੇ ਜਨਮ ਦਿਨ ‘ਤੇ ਵਧਾਈ ਦੇਣ ਵਾਲਿਆਂ ਦਾ ਇੰਝ ਕੀਤਾ ਧੰਨਵਾਦ, ਪ੍ਰਸ਼ੰਸਕਾਂ ਦੇ ਨਾਂਅ ਲਿਖਿਆ ਇਹ ਸੁਨੇਹਾ

Written by  Rupinder Kaler   |  May 14th 2020 03:19 PM  |  Updated: May 14th 2020 03:19 PM

ਅਦਾਕਾਰਾ ਗੁਰਪ੍ਰੀਤ ਭੰਗੂ ਨੇ ਜਨਮ ਦਿਨ ‘ਤੇ ਵਧਾਈ ਦੇਣ ਵਾਲਿਆਂ ਦਾ ਇੰਝ ਕੀਤਾ ਧੰਨਵਾਦ, ਪ੍ਰਸ਼ੰਸਕਾਂ ਦੇ ਨਾਂਅ ਲਿਖਿਆ ਇਹ ਸੁਨੇਹਾ

ਅਦਾਕਾਰਾ ਗੁਰਪ੍ਰੀਤ ਭੰਗੂ ਦਾ ਬੀਤੇ ਦਿਨ ਜਨਮ ਦਿਨ ਸੀ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਖੂਬ ਵਧਾਈਆਂ ਦਿੱਤੀਆਂ ਜਿਸ ਨੂੰ ਲੈ ਕੇ ਗੁਰਪ੍ਰੀਤ ਭੰਗੂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉਹਨਾਂ ਨੇ ਆਪਣੀ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਨਾਂਅ ਸੁਨੇਹਾ ਲਿਖਿਆ ਹੈ, ਜਿਸ ਵਿੱਚ ਉਹਨਾ ਨੇ ਕਿਹਾ ਕਿ ‘ਬਹੁਤ ਪਿਆਰ ਤੇ ਸਤਿਕਾਰ ਦੋਸਤੋ.... ਕੱਲ੍ਹ ਜਨਮ ਦਿਨ 'ਤੇ ਤੁਹਾਡਾ ਸਭ ਦਾ ਮਣਾਂ ਮੂੰਹੀਂ ਪਿਆਰ ਮਿਲਿਆ .... ਫੋਨ, ਮੈਸੇਂਜ਼ਰ 'ਤੇ ਢੇਰ ਸਾਰੇ ਸੁਨੇਹਿਆ ਜ਼ਰੀਏ ਤੁਹਾਡਾ ਪਿਆਰ ਸਤਿਕਾਰ ਪ੍ਰਾਪਤ ਹੋਇਆ ..ਮੈਂ ਤੁਹਾਡੇ ਪਿਆਰ ਦੀ ਰਿਣੀ ਹਾਂ... ਸਭ ਦੇ ਸੁਨੇਹਿਆਂ ਦਾ ਉੱਤਰ ਦੇਣਾ ਸੰਭਵ ਨਹੀਂ , ਤੁਹਾਡਾ ਸਭ ਦਾ ਪਿਆਰ ਭੇਜਣ ਲਈ ਸ਼ੁਕਰੀਆ , ਬਹੁਤ ਸਾਰਾ ਪਿਆਰ ਸਤਿਕਾਰ ਦੁਆਵਾਂ ......’

ਗੁਰਪ੍ਰੀਤ ਕੌਰ ਭੰਗੂ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 13 ਮਈ, 1959 ਨੂੰ ਬਠਿੰਡਾ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਸਿੱਧੂ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ । ਸਕੂਲ ਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਭੰਗੂ ਦਾ ਵਿਆਹ ਸਵਰਨ ਸਿੰਘ ਭੰਗੂ ਨਾਲ ਹੋ ਗਿਆ। ਵਿਆਹ ਤੋਂ ਬਾਅਦ ਉਹ ਨਾਟਕਾਂ ਵਿਚ ਵੱਖ ਵੱਖ ਕਿਰਦਾਰ ਨਿਭਾਉਂਦੀ ਰਹੀ ਪਰ ਇਸ ਸਭ ਦੇ ਚਲਦੇ 1987 ਉਹ ਸਰਕਾਰੀ ਅਧਿਆਪਕਾ ਦੇ ਤੌਰ ਤੇ ਭਰਤੀ ਹੋ ਗਏ ।

ਕਾਲਜ ਵਿੱਚ ਵਿਦਿਆਰਥੀ ਜੱਥੀਬੰਦੀ ਦੀ ਸਿਰ ਕੱਢ ਆਗੂ ਹੋਣ ਕਰਕੇ ਉਹਨਾਂ ਨੇ ਇਲਾਕੇ ਦੇ ਨੌਜਵਾਨਾਂ ਨਾਲ ਮਿਲਕੇ 1996 ਵਿੱਚ ‘ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ’ ਦੀ ਸਥਾਪਨਾ ਕੀਤੀ। ਇਸ ਦੌਰਾਨ ਗੁਰਪ੍ਰੀਤ ਭੰਗੂ ਦੀ ਮੁਲਾਕਾਤ ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨਾਲ ਹੋ ਗਈ । ਉਹਨਾਂ ਦੀ ਅਗਵਾਈ ਵਿੱਚ ਭੰਗੂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਵਿੱਚ ਵੀ ਕੰਮ ਕੀਤਾ ਤੇ ਵੱਖ ਵੱਖ ਨਾਟ ਮੰਡਲੀਆਂ ਨਾਲ ਮਿਲਕੇ ਗੁਰਸ਼ਰਨ ਸਿੰਘ, ਪ੍ਰੋ: ਅਜਮੇਰ ਸਿੰਘ ਔਲਖ ਵਰਗੇ ਵੱਡੇ ਨਾਟਕਕਾਰਾਂ ਦੇ ਨਾਟਕਾਂ ਵਿੱਚ ਕਈ ਕਿਰਦਾਰ ਨਿਭਾਏ ।

ਇਸ ਤੋਂ ਇਲਾਵਾ ਗੁਰਪ੍ਰੀਤ ਭੰਗੂ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿਖਤਾਂ ਤੇ ਬਣੀਆਂ ਫਿਲਮਾਂ ਜਿਵੇ ‘ਅੰਨੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਵਿੱਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ । ਇਸ ਤੋਂ ਇਲਾਵਾ ਉਹਨਾਂ ਨੇ ‘ਤਰਕ ਦੀ ਸਾਣ ‘ਤੇ’ ਅਤੇ ‘ਕੱਚ ਦੀਆਂ ਵੰਗਾਂ’ ਸੀਰੀਅਲਾਂ ਵਿਚ ਅਤੇ ਅਨੇਕਾਂ ਟੈਲੀ-ਫਿਲਮਾਂ ਵਿਚ ਕੰਮ ਕੀਤਾ।

ਟੈਲੀ-ਫ਼ਿਲਮਾਂ ਕਰਦੇ ਕਰਦੇ ਗੁਰਪ੍ਰੀਤ ਭੰਗੂ ਨੂੰ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ । ਹਿੰਦੀ ਫ਼ਿਲਮ ‘ਮੌਸਮ’, ‘ਮਿੱਟੀ’ ਅਤੇ ‘ਸ਼ਰੀਕ’ ਵਿੱਚ ਉਹਨਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ । ਫ਼ਿਲਮ ‘ਅਰਦਾਸ’, ‘ਅੰਬਰਸਰੀਆ’, ਅਤੇ ‘ਵਿਸਾਖੀ ਲਿਸਟ’ ਹੋਰ ਅਨੇਕਾਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਗੁਰਪ੍ਰੀਤ ਭੰਗੂ ਤੋਂ ਬਿਨ੍ਹਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਲੱਗਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network