ਦਲੇਰੀ ਦੀ ਮਿਸਾਲ ਰਸ਼ਪਾਲ ,  ਰਸ਼ਪਾਲ ਨੇ ਰੋਣਾ ਨਹੀਂ ਸਿੱਖਿਆ 

Written by  Shaminder   |  September 08th 2018 05:35 AM  |  Updated: September 08th 2018 05:35 AM

  ਦਲੇਰੀ ਦੀ ਮਿਸਾਲ ਰਸ਼ਪਾਲ ,  ਰਸ਼ਪਾਲ ਨੇ ਰੋਣਾ ਨਹੀਂ ਸਿੱਖਿਆ 

ਦਿਲ 'ਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਇਹ ਸਾਬਿਤ ਕਰ ਵਿਖਾਇਆ ਹੈ ਰਸ਼ਪਾਲ ਕੌਰ Rashpal Kaur ਨੇ।ਜਿਨਾਂ ਨੇ ਜ਼ਿੰਦਗੀ 'ਚ ਕਦੇ ਵੀ ਹਾਰ ਮੰਨਣਾ ਨਹੀਂ ਸਿੱਖਿਆ । ਚੰਡੀਗੜ ਦੀ ਜੰਮਪਲ ਰਸ਼ਪਾਲ ਨੇ ਵਿਰੋਧੀ ਹਾਲਾਤਾਂ 'ਚ ਵੀ ਹਾਰ ਨਹੀਂ ਮੰਨੀ।ਭਾਵੇਂ ਕੁਦਰਤ ਨੇ ਉਸ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਪਰ ਪ੍ਰਮਾਤਮਾ ਦਾ ਓਟ ਆਸਰਾ ਲੈਣ ਵਾਲੀ ਰਸ਼ਪਾਲ ਨੇ ਆਪਣੀ ਹਿੰਮਤ ਕਦੇ ਵੀ ਨਹੀਂ ਹਾਰੀ ,ਇਹ ਉਸਦਾ ਜਜ਼ਬਾ ਹੀ ਸੀ ਜਿਸਨੇ ਉਸਨੂੰ ਉਸ ਜਗਾ 'ਤੇ ਪਹੁੰਚਾ ਦਿੱਤਾ ਸੀ ਜਿੱਥੇ ਪਹੁੰਚਣ ਲਈ ਸ਼ਾਇਦ ਇੱਕ ਤੰਦਰੁਸਤ ਇਨਸਾਨ ਨੂੰ ਵੀ ਬਹੁਤ ਮਿਹਨਤ ਕਰਨੀ ਪੈਂਦੀ । ਪਰ ਰਸ਼ਪਾਲ ਨੇ ਇਹ ਸਾਬਿਤ ਕਰ ਦਿੱਤਾ ਕਿ ਜ਼ਿੰਦਗੀ ਦੇ ਮੁਸ਼ਕਿਲ ਹਾਲਾਤ ਕਿਸੇ ਦਾ ਰਸਤਾ ਨਹੀਂ ਰੋਕ ਸਕਦੇ ।ਸਿੱਖ ਮਾਰਸ਼ਲ ਆਰਟਸ Sikh Marshal Arts ਲਈ ਪ੍ਰਸਿੱਧ ਰਸ਼ਪਾਲ ਦਾ ਗਤਕੇ ਨਾਲ ਮੋਹ ਉਸ ਸਮੇਂ ਜਾਗਿਆ ਜਦੋਂ ਉਸਦੀ ਵੱਡੀ ਭੈਣ ਕੁਲਦੀਪ ਕੌਰ ਨੇ ਬਾਬਾ ਦੀਪ ਸਿੰਘ ਅਖਾੜੇ 'ਚ ਜਾਣਾ ਸ਼ੁਰੂ ਕੀਤਾ ।ਉਹ ਆਪਣੀ ਵੱਡੀ ਭੈਣ ਨਾਲ ਅਖਾੜੇ 'ਚ ਜਾਂਦੀ 'ਤੇ ਉੱਥੇ ਉਸਨੂੰ ਗਤਕੇ ਦੇ ਦਾਅ ਪੇਚ ਸਿੱਖਦੀ ਹੋਈ ਵੇਖਦੀ।

ਜਿਸ ਤੋਂ ਬਾਅਦ ਉਸਦੇ ਮਨ 'ਚ ਵੀ ਗਤਕਾ ਸਿੱਖਣ ਦਾ ਸ਼ੌਂਕ ਪੈਦਾ ਹੋਇਆ ।ਉਸ ਨੇ ੧੯੯੬ 'ਚ ਚੰਡੀਗੜ ਦੇ ਇੱਕ ਸਥਾਨਕ ਗੁਰਦੁਆਰਾ ਸਾਹਿਬ 'ਚ ਗਤਕੇ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ।ਗਤਕੇ ਪ੍ਰਤੀ ਉਸਦਾ ਮੋਹ ਇਨਾਂ ਜਿਆਦਾ ਸੀ ਕਿ ਉਹ ਕੁਝ ਹੀ ਦਿਨਾਂ 'ਚ ਗਤਕੇ ਦੇ ਕਾਫੀ ਦਾਅ ਪੇਚ ਸਿੱਖ ਗਈ ।ਉਹ ਘੰਟਿਆਂ ਬੱਧੀ ਗਤਕਾ ਸਿੱਖਦੀ 'ਤੇ ਆਪਣੇ ਇਸ ਸ਼ੌਂਕ ਨੂੰ ਕਾਫੀ ਸਮਾਂ ਦੇਂਦੀ ਸੀ।ਇਹੀ ਕਾਰਨ ਸੀ ਕਿ ਉਹ ਕੁਝ ਹੀ ਦਿਨਾਂ 'ਚ ਗਤਕੇ 'ਚ ਮਾਹਿਰ ਹੋ ਗਈ 'ਤੇ ਉੇਸਨੇ ਗੱਤਕਾ ਮਾਰਸ਼ਲ ਆਰਟਸ 'ਚ ਮਹਾਰਤ ਹਾਸਿਲ ਕਰਨ ਵਾਲਿਆਂ ਨੂੰ ਚਿੱਤ ਕਰ ਦਿੱਤਾ ਸੀ। ਰਸ਼ਪਾਲ ਦੀ ਜ਼ਿੰਦਗੀ 'ਚ ਉਹ ਦਿਨ ਵੀ ਆਇਆ ਜਿਸਦੀ ਉਡੀਕ ਹਰੇਕ ਕੁੜੀ ਨੂੰ ਬੜੀ ਹੀ ਬੇਸਬਰੀ ਨਾਲ ਹੁੰਦੀ ਹੈ।ਉਸਦਾ ਵਿਆਹ ਹੋ ਗਿਆ 'ਤੇ ਉਹ ਬਾਬਲ ਦੇ ਘਰੋਂ ਡੋਲੀ ਚ ਬੈਠ ਕੇ ਸਹੁਰੇ ਘਰ ਚਲੀ ਗਈ ।ਉਹ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬਹੁਤ ਹੀ ਖੁਸ਼ ਸੀ।ਸਹੁਰਾ ਪਰਿਵਾਰ ਵੀ ਬਹੁਤ ਚੰਗਾ ਸੀ ਉੱਥੇ ਉਸਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਦਿਨ ਬੀਤਦੇ ਗਏ 'ਤੇ ਰਸ਼ਪਾਲ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ । ਫਿਰ ਉਸਦੀ ਜ਼ਿੰਦਗੀ 'ਚ ਉਹ ਦਿਨ ਵੀ ਆਇਆ ਜਦੋਂ ਇੱਕ ਔਰਤ ਨੂੰ ਸੰਪੂਰਨ ਔਰਤ ਬਣਨ ਦਾ ਮਾਣ ਮਿਲਦਾ ਹੈ।ਉਹ ਗਰਭਵਤੀ ਹੋ ਗਈ ਪਰ ਇਹ ਖੁਸ਼ੀ ਦੀ ਖਬਰ ਜਿਆਦਾ ਦੇਰ ਤੱਕ ਟਿਕ ਨਹੀਂ ਸਕੀ ,ਗਰਭਵਤੀ ਹੋਣ ਦੋਰਾਨ ਹੀ ਉਸਨੂੰ ਬਰੇਨ ਟਿਊਮਰ ਹੋ ਗਿਆ'ਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਇੱਕ ਪਾਸੇ ਜਿੱਥੇ ਉਹ ਬੱਚੇ ਦੇ ਜਨਮ ਦੇਣ ਨੂੰ ਲੈ ਕੇ ਖੁਸ਼ ਸੀ ਉੱਥੇ ਹੀ ਉਹ ਆਪਣੀਆਂ ਅੱਖਾਂ ਦੀ ਰੋਸ਼ਨੀ ਚਲੇ ਜਾਣ ਦਾ ਗਮ ਵੀ ਸੀ । ਬੇਸ਼ੱਕ ਉਸਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਸੀ , ਪਰ ਉਸਨੇ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ।ਪਰ ਇਸ ਗੱਲ ਦਾ ਅਫਸੋਸ ਵੀ ਸੀ ਕਿ ਉਹ ਆਪਣੇ ਬੱਚੇ ਨੂੰ ਵੇਖ ਨਹੀਂ ਸੀ ਸਕਦੀ।ਉਸਨੂੰ ਬੜੀ ਹੀ ਰੀਝ ਸੀ ਕਿ ਕਾਸ਼ ਪ੍ਰਮਾਤਮਾ ਉਸਨੂੰ ਕੁਝ ਪਲਾਂ ਲਈ ਅੱਖਾਂ ਦੀ ਰੋਸ਼ਨੀ ਦੇ ਦੇਵੇ ਤਾਂ ਕਿ ਉਹ ਆਪਣੇ ਬੱਚੇ ਨੂੰ ਵੇਖ ਸਕੇ ਪਰ ਇਹ ਸੰਭਵ ਨਹੀਂ ਸੀ । ਉਸਨੇ ਹੌਂਸਲਾ ਨਹੀਂ ਹਾਰਿਆ 'ਤੇ ਜ਼ਿੰਦਗੀ 'ਚ ਉਹ ਅੱਗੇ ਵੱਧਦੀ ਗਈ।ਉਸਨੇ ੨੦੦੦ 'ਚ ਥੀਏਟਰ 'ਚ ਕੰਮ ਕਰਨ ਵਾਲੀ ਬਲਬੀਰ ਕੌਰ ਵਲੋਂ ਲਏ ਗਏ ਆਡੀਸ਼ਨ 'ਚ ਹਿੱਸਾ ਲਿਆ 'ਤੇ ਇੱਕ ਨਾਟਕ 'ਚ ਹਿੱਸਾ ਲਿਆ ।

ਇਸ ਤੋਂ ਬਾਅਦ ਉਸਨੇ ਟੀਵੀ ਦੇ ਪ੍ਰੋਗਰਾਮ ਡਾਂਸ ਇੰਡੀਆਂ ਡਾਂਸ 'ਚ ਭਾਗ ਲਿਆ ਇਸ ਸ਼ੋਅ ਦੋਰਾਨ ਉਸਨੇ ਡਾਂਸ ਦੇ ਨਾਲ ਨਾਲ ਗਤਕੇ 'ਤੇ ਪਰਫਾਰਮੈਂਸ ਦਿੱਤੀ । ਹਰ ਕੋਈ ਰਸ਼ਪਾਲ ਦੇ ਇਸ ਜਜ਼ਬੇ ਨੰੂੰ ਵੇਖ ਕੇ ਹੈਰਾਨ ਸੀ ਕਿਉਂਕਿ ਅੱਖਾਂ ਦੀ ਰੋਸ਼ਨੀ ਨਾ ਹੁੰਦੇ ਹੋਏ ਵੀ ਉਸਨੇ ਗੱਤਕੇ 'ਚ ਆਪਣੀ ਬੇਹਤਰੀਨ ਪਰਫਾਰਮੈਂਸ ਦਿੱਤੀ । ਸ਼ੋਅ ਦੇ ਜੱਜ ਮਿਥੁਨ ਚੱਕਰਵਰਤੀ ਰਸ਼ਪਾਲ ਦੀ ਇਸ ਕਲਾ ਨੂੰ ਵੇਖ ਕੇ ਬਹੁਤ ਹੈਰਾਨ ਹੋਏ । ਰਸ਼ਪਾਲ ਨੇ ਅੱਖਾਂ ਨਾ ਹੁੰਦੇ ਹੋਏ ਵੀ ਆਪਣੀ ਬੇਹਤਰੀਨ ਪਰਫਾਰਮੈਂਸ ਨਾਲ ਜੱਜਾਂ ਦਾ ਦਿਲ ਜਿੱਤ ਲਿਆ । ਮਿਥੁਨ ਚੱਕਰਵਰਤੀ ਨੇ ਖੁਦ ਸ਼ੋਅ ਦੇ ਦੋਰਾਨ ਸਭ ਦੇ ਸਾਹਮਣੇ ਇਸਦਾ ਐਲਾਨ ਕੀਤਾ ਸੀ ਕਿ ਉਹ ਮੌਤ ਤੋਂ ਬਾਅਦ ਰਸ਼ਪਾਲ ਨੂੰ ਆਪਣੀਆਂ ਅੱਖਾਂ ਦਾਨ ਕਰਨਗੇ।ਇਸ ਸ਼ੋਅ ਨੇ ਨਾ ਸਿਰਫ ਉਸ ਨੂੰ ਪੂਰੀ ਦੁਨੀਆਂ 'ਚ ਪਹਿਚਾਣ ਦਿਵਾਈ ਬਲਕਿ ਇੱਕ ਨਵਾਂ ਹੌਂਸਲਾ ਵੀ ਦਿੱਤਾ ।ਜਿਸ ਨਾਲ ਉਸ ਨੂੰ ਲਗਾਤਾਰ ਅੱਗੇ ਵੱਧਣ ਦੀ ਪ੍ਰੇਰਨਾ ਮਿਲੀ । ਰਸ਼ਪਾਲ ਨੇ ਇਹ ਸਾਬਿਤ ਕਰ ਦਿੱਤਾ ਕਿ ਦਿਲ 'ਚ ਕੁਝ ਕਰਨ ਦਾ ਜੋਸ਼ ,ਜਜ਼ਬਾ 'ਤੇ ਜਨੂੰਨ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਇਸਦੇ ਨਾਲ ਹੀ ਉਹ ਉਨਾਂ ਲੋਕਾਂ ਲਈ ਵੀ ਪ੍ਰੇਰਨਾਸ੍ਰੋਤ ਬਣੀ ਹੈ ਜੋ ਹਾਲਾਤਾਂ ਦਾ  ਮੁਕਾਬਲਾ ਕਰਨ ਦੀ ਬਜਾਏ ਜ਼ਿੰਦਗੀ ਤੋਂਨਿਰਾਸ਼ 'ਤੇ ਉਦਾਸ ਹੋ ਜਾਂਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network