
ਅੱਖਰਾਂ ਵਿੱਚ ਔਰਤ ਦੇ ਮਨ ਦੀ ਵੇਦਨਾ ਅਤੇ ਪੀੜ ਨੂੰ ਪੇਸ਼ ਕਰਨ ਵਿੱਚ ਜੇ ਕੋਈ ਮਾਹਿਰ ਸੀ ਤਾਂ ਉਹ ਅੰਮ੍ਰਿਤਾ ਪ੍ਰੀਤਮ ਸੀ । ਉਹਨਾਂ ਦੀ ਹਰ ਕਵਿਤਾ ਕਹਾਣੀ ਸਮਾਜ ਦੇ ਉਹਨਾਂ ਪਹਿਲੂਆਂ ਨੂੰ ਪੇਸ਼ ਕਰਦੀ ਹੈ ਜਿਹੜੇ ਪਹਿਲੂ ਕਿਸੇ ਹੋਰ ਦੀ ਨਜ਼ਰ ਵਿੱਚ ਨਹੀਂ ਆਉਂਦੇ । ਪਰ ਇਸ ਸਭ ਦੇ ਬਾਵਜੂਦ ਉਹਨਾਂ ਦੀ ਜ਼ਿੰਦਗੀ ਦੇ ਕੁਝ ਹੋਰ ਪਹਿਲੂ ਵੀ ਹਨ ਜਿਨ੍ਹਾਂ ਨੂੰ ਹਰ ਕੋਈ ਨਹੀਂ ਜਾਣਦਾ ।

ਅੰਮ੍ਰਿਤਾ ਦੀ ਜ਼ਿੰਦਗੀ 'ਚ ਦੋ ਸ਼ਖਸਾਂ ਦੀ ਸਭ ਤੋਂ ਜ਼ਿਆਦਾ ਅਹਿਮੀਅਤ ਰਹੀ ਹੈ ਸਾਹਿਰ ਲੁਧਿਆਣਵੀਂ ਤੇ ਇਮਰੋਜ਼ । ਸਾਹਿਰ ਲੁਧਿਆਣਵੀਂ ਜਿਸ ਨਾਲ ਅੰਮ੍ਰਿਤਾ ਨੇ ਜ਼ਿੰਦਗੀ ਤਾਂ ਨਹੀਂ ਗੁਜ਼ਾਰੀ ਪਰ ਉਹਨਾਂ ਨੇ ਉਸ ਨੂੰ ਤਾਉਮਰ ਪਿਆਰ ਕੀਤਾ ।ਇਮਰੋਜ਼ ਜਿਸ ਨੇ ਅੰਮ੍ਰਿਤਾ ਨਾਲ ਇਸ਼ਕ ਕੀਤਾ ਤੇ ਉਸ ਨਾਲ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ । ਸ਼ਾਇਦ ਇਮਰੋਜ਼ ਚਿੱਤਰਕਾਰੀ ਵੀ ਅੰਮ੍ਰਿਤਾ ਲਈ ਹੀ ਕਰਦਾ ਸੀ ਕਿਉਂਕਿ ਉਹ ਦੇ ਘਰ ਦੇ ਹਰ ਕੋਨੇ ਵਿੱਚ ਅੰਮ੍ਰਿਤਾ ਦੀਆਂ ਹੀ ਤਸਵੀਰਾਂ ਹਨ ।

ਪਰ ਅੰਮ੍ਰਿਤਾ ਨੇ ਜ਼ਿੰਦਗੀ ਤਾਂ ਇਮਰੋਜ਼ ਨਾਲ ਗੁਜਾਰੀ ਪਰ ਤਾਉਮਰ ਪਿਆਰ ਸਾਹਿਰ ਲੁਧਿਆਣਵੀਂ ਨਾਲ ਕੀਤਾ । ਅੰਮ੍ਰਿਤਾ ਆਪਣੀ ਆਤਮਕਥਾ ਰਸੀਦੀ ਟਿਕਟ ਵਿੱਚ ਸਾਹਿਰ ਲੁਧਿਆਣਵੀਂ ਬਾਰੇ ਲਿਖਦੇ ਹਨ, ਉਹ ਚੁੱਪਚਾਪ ਮੇਰੇ ਕਮਰੇ ਵਿੱਚ ਸਿਗਰਟ ਪੀਂਦਾ ਸੀ। ਅੱਧੀ ਸਿਗਰਟ ਪੀਣ ਤੋਂ ਬਾਅਦ ਬੁਝਾ ਦਿੰਦਾ ਅਤੇ ਨਵੀਂ ਸਿਗਰਟ ਸੁਲਗਾ ਲੈਂਦਾ ਸੀ।'' ਜਦੋਂ ਉਹ ਜਾਂਦਾ ਤਾਂ ਕਮਰੇ ਵਿੱਚ ਉਸ ਦੀ ਸਿਗਰਟ ਦੀ ਮਹਿਕ ਰਹਿ ਜਾਂਦੀ। ਮੈਂ ਉਨ੍ਹਾਂ ਬਚੀਆਂ ਹੋਈਆਂ ਸਿਗਰਟਾਂ ਨੂੰ ਸਾਂਭ ਕੇ ਰੱਖਦੀ ਅਤੇ ਇਕੱਲੇ ਵਕਤ ਵਿੱਚ ਉਨ੍ਹਾਂ ਨੂੰ ਦੁਬਾਰਾ ਸੁਲਗਾਉਂਦੀ।'' ਜਦੋਂ ਮੈਂ ਉਨ੍ਹਾਂ ਨੂੰ ਆਪਣੀਆਂ ਉਂਗਲਾਂ ਵਿੱਚ ਫੜ੍ਹਦੀ ਤਾਂ ਮੈਨੂੰ ਲਗਦਾ ਕਿ ਮੈਂ ਸਾਹਿਰ ਦੇ ਹੱਥਾਂ ਨੂੰ ਛੂਹ ਰਹੀ ਹਾਂ। ਇਸ ਤਰ੍ਹਾਂ ਮੈਨੂੰ ਸਿਗਰਟ ਪੀਣ ਦੀ ਲਤ ਲੱਗੀ।''

ਸਾਹਿਰ ਦੀ ਮੌਤ ਤੋਂ ਬਾਅਦ ਅੰਮ੍ਰਿਤਾ ਨੇ ਇਕੱਲੇ ਹੀ ਆਪਣੀ ਜ਼ਿੰਦਗੀ ਗੁਜ਼ਾਰੀ ਭਾਵੇਂ ਉਹਨਾਂ ਨੂੰ ਇਮਰੋਜ਼ ਦਾ ਸਾਥ ਮਿਲ ਗਿਆ ਸੀ ਪਰ ਉਹ ਫਿਰ ਵੀ ਤਨਹਾ ਸਨ । ੨੦੦੫ ਵਿੱਚ ਅੰਮ੍ਰਿਤਾ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਇਸ ਤਰ੍ਹਾਂ ਇੱਕ ਹੋਰ ਪ੍ਰੇਮ ਕਹਾਣੀ ਅਧੂਰੀ ਰਹਿ ਗਈ ।