
ਸਿਆਚਿਨ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨਾਂ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਦੇ ਨੌਜਵਾਨ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਰਹੇ ਨੇ। ਉੱਧਰ ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਂਣ ਲਈ ਸੰਘਰਸ਼ ਕਰ ਰਹੇ ਨੇ। ਇਸ ਸੰਘਰਸ਼ ਦੇ ਚੱਲਦੇ ਵੱਡੀ ਗਿਣਤੀ ਚ ਕਿਸਾਨ ਵੀ ਸ਼ਹੀਦ ਹੋ ਗਏ ਨੇ। ਅਜਿਹੇ ‘ਚ ਜਦੋਂ ਬਾਰਡਰ ਤੋਂ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੀ ਖ਼ਬਰ ਆਉਂਦੀ ਹੈ ਤਾਂ ਰੂਹ ਕੰਬ ਜਾਂਦੀ ਹੈ। ਪੰਜਾਬੀ ਗਾਇਕ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਪਾਈ ਹੈ।


ਉਨ੍ਹਾਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹਕਮਵਾਲਾ ਪਿੰਡ ਦੇ ਸਿਪਾਹੀ ਪ੍ਰਭਜੀਤ ਸਿੰਘ ਤੇ ਬਰਨਾਲਾ ਜ਼ਿਲ੍ਹੇ ਦੇ ਕਰਮਗੜ੍ਹ ਦੇ ਸਿਪਾਹੀ ਅਮਰਦੀਪ ਸਿੰਘ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ, ਇਨ੍ਹਾਂ ਸ਼ਹੀਦ ਹੋਏ ਜਵਾਨਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ ।

ਉਨ੍ਹਾਂ ਨੇ ਕਿਸੇ ਅਖਬਾਰ ਦੀ ਖਬਰ ਨੂੰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਹੁਤ ਅਫਸੋਸ......ਸਾਡੇ ਡੱਬਿਆਂ ‘ਚ ਬੰਦ ਹੋ ਕੇ ਆਉਂਦੇ ਨੇ ਜਵਾਨ , ਹੱਕਾਂ ਖਾਤਰ ਨੇ ਸੜਕਾਂ ਤੇ ਰੁਲਦੇ ਕਿਸਾਨ ...ਭਾਰਤ ਮਹਾਨ ਦੀ ਤਰਾਸਦੀ ਤਾਂ ਵੇਖੋ ਜੱਟ ਫ਼ਸਲਾਂ ਵਿਕਾਉਣ ਪਿੱਛੇ ਅੜਦਾ ਫਿਰੇ
"ਪੁੱਤ ਬਾਰਡਰਾਂ ਤੇ ਦਿੱਲੀ ਪਿੱਛੇ ਚੀਨ ਨਾਲ ਲੜੇ ਬਾਪੂ ਦਿੱਲੀ ਨਾ ਜ਼ਮੀਨਾਂ ਪਿੱਛੇ ਲੜਦਾ ਫਿਰੇ.... ਹਰਿੰਦਰ ਸੰਧੂ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਨੇ।