
ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ । ਅਜਿਹਾ ਹੀ ਕੁਝ ਕੀਤਾ ਹੈ ਅਮਰੀਕੀ ਕਾਰੋਬਾਰੀ ਗੁਰਿੰਦਰ ਸਿੰਘ ਖ਼ਾਲਸਾ ਨੇ, ਉਹਨਾਂ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ ਨਾਲ ਨਿਵਾਜਿਆ ਗਿਆ ਹੈ।ਗੁਰਿੰਦਰ ਸਿੰਘ ਖ਼ਾਲਸਾ ਨੂੰ ਇਹ ਸਨਮਾਨ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਇੱਕ ਅਭਿਆਨ ਚਲਾਇਆ ਸੀ । ਉਹਨਾਂ ਦੇ ਇਸ ਅਭਿਆਨ ਕਰਕੇ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨੂੰ ਝੁਕਣ ਲਈ ਮਜਬੂਰ ਹੋ ਗਈ ਸੀ ।

ਅੰਬਾਲਾ ਦੇ ਪਿੰਡ ਅਧੋਈ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ ਵਿੱਚ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦਾ ਅਹਿਦ ਲਿਆ ਸੀ ਅਤੇ ਇਸ ਖ਼ਿਲਾਫ਼ ਮੁਹਿੰਮ ਛੇੜ ਸੀ । ਖਾਲਸਾ ਦੀ ਇਸ ਮੁਹਿੰਮ ਦੇ ਕਰਕੇ ਅਮਰੀਕੀ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਸੀ । ਇਸ ਬਦਲਾਅ ਤੋਂ ਬਾਅਦ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਖ਼ਾਲਸਾ ਦੇ ਸਿੱਖੀ ਪ੍ਰਥੀ ਇਸ ਜਜ਼ਬੇ ਨੂੰ ਦੇਖਦੇ ਹੋਏ ਅਮਰੀਕੀ ਮੈਗ਼ਜ਼ੀਨ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਹੈ। ਇੱਥੇ ਹੀ ਬੱਸ ਨਹੀਂ ਖਾਲਸੇ ਤੇ ਇੱਕ ਡਾਕੂਮੈਂਟਰੀ ਫਿਲਮ ਵੀ ਬਣਾਈ ਗਈ ਹੈ ।

ਗੁਰਿੰਦਰ ਸਿੰਘ ਖ਼ਾਲਸਾ ਦੀ ਦਸਤਾਰ ਦੇ ਵੱਕਾਰ ਦੀ ਲੜਾਈ ਸਾਲ 2007 ਤੋਂ ਸ਼ੁਰੂ ਹੋਈ, ਜਦ ਉਨ੍ਹਾਂ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕੀ ਨਿਯਮਾਂ ਮੁਤਾਬਕ ਜੇਕਰ 2੦,੦੦੦ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,੦੦੦ ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ ਸੀ ।

ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ। ਸੌਖੇ ਸ਼ਬਦਾਂ ਵਿੱਚ ਜੇਕਰ ਹੁਣ ਕਿਸੇ ਸਿੱਖ ਦੀ ਸੁਰੱਖਿਆ ਜਾਂਚ ਸਮੇਂ ਮੈਟਲ ਡਿਟੈਕਟਰ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਏਗੀ ਤਾਂ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ। ਗੁਰਿੰਦਰ ਸਿੰਘ ਖ਼ਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਇਨੌਰਿਟੀ ਬਿਜ਼ਨੈਸ ਮੈਗ਼ਜ਼ੀਨ ਨੇ 18 ਜਨਵਰੀ, 2019 ਨੂੰ ਖ਼ਾਲਸਾ ਨੂੰ *ਰੋਜ਼ਾ ਪਾਰਕ ਟ੍ਰੇਬਲੇਜ਼ਰ ਐਵਾਰਡ* ਦਿੱਤਾ ਹੈ, ਜੋ ਆਪਣੀ ਕਿਸਮ ਦੇ ਤਿੰਨ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹੈ।