ਸਤੀਸ਼ ਕੌਸ਼ਿਕ ਦੀ ਮੌਤ ਮਾਮਲੇ 'ਚ ਆਇਆ ਨਵਾਂ ਮੋੜ, ਦਿੱਲੀ ਪੁਲਿਸ ਨੂੰ ਫਾਰਮ ਹਾਊਸ 'ਚੋਂ ਮਿਲੀਆਂ ਕੁਝ ਇਤਰਾਜ਼ਯੋਗ....

By  Entertainment Desk March 11th 2023 10:49 AM

ਬਾਲੀਵੁੱਡ ਅਦਾਕਾਰ ਅਤੇ ਫਿਲਮਕਾਰ ਸਤੀਸ਼ ਕੌਸ਼ਿਕ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ 'ਚ ਹੈ। ਸਤੀਸ਼ ਕੌਸ਼ਿਕ ਦੀ ਮੌਤ ਦੇ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਦਿੱਲੀ ਦੇ ਫਾਰਮ ਹਾਊਸ ਤੋਂ ਕੁਝ ਦਵਾਈਆਂ ਬਰਾਮਦ ਕੀਤੀਆਂ ਹਨ, ਜਿੱਥੇ ਸਤੀਸ਼ ਕੌਸ਼ਿਕ ਆਪਣੀ ਮੌਤ ਤੋਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਸਨ। ਫਿਲਹਾਲ ਦਿੱਲੀ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੌਤ ਦੇ ਪਿੱਛੇ ਅਸਲ ਕਾਰਨ ਕੀ ਹੈ।


ਸੂਤਰਾਂ ਮੁਤਾਬਕ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਥਾਰਤ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਜ਼ਿਲ੍ਹਾ ਪੁਲਿਸ ਦੀ ਕ੍ਰਾਈਮ ਟੀਮ ਨੇ ਦੱਖਣੀ ਪੱਛਮੀ ਦਿੱਲੀ ਦੇ ਫਾਰਮ ਹਾਊਸ ਦਾ ਦੌਰਾ ਕੀਤਾ ਜਿੱਥੇ ਪਾਰਟੀ ਰੱਖੀ ਗਈ ਸੀ ਅਤੇ ਉਥੋਂ ਕੁਝ 'ਨਸ਼ੇ' ਬਰਾਮਦ ਕੀਤੇ।



ਸੂਤਰਾਂ ਨੇ ਦੱਸਿਆ ਕਿ ਪਾਰਟੀ ਦਿੱਲੀ ਦੇ ਇਕ ਉਦਯੋਗਪਤੀ ਦੇ ਫਾਰਮ ਹਾਊਸ 'ਤੇ ਆਯੋਜਿਤ ਕੀਤੀ ਗਈ ਸੀ। ਪੁਲਿਸ ਮਹਿਮਾਨਾਂ ਦੀ ਸੂਚੀ ਦੀ ਜਾਂਚ ਕਰ ਰਹੀ ਹੈ। ਪਾਰਟੀ ਵਿੱਚ ਇੱਕ ਉਦਯੋਗਪਤੀ ਵੀ ਸ਼ਾਮਲ ਸੀ ਜੋ ਇੱਕ ਕੇਸ ਵਿੱਚ ਲੋੜੀਂਦਾ ਹੈ।


ਤੁਹਾਨੂੰ ਦੱਸ ਦੇਈਏ ਕਿ ਆਪਣੇ ਚਾਰ ਦਹਾਕਿਆਂ ਦੇ ਕਰੀਅਰ ਵਿੱਚ ਥੀਏਟਰ, ਸਿਨੇਮਾ, ਟੀਵੀ ਅਤੇ ਓਟੀਟੀ ਪਲੇਟਫਾਰਮਾਂ 'ਤੇ ਅਦਾਕਾਰ, ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਵਜੋਂ ਆਪਣੀ ਛਾਪ ਛੱਡਣ ਵਾਲੇ ਫ਼ਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦਾ ਵੀਰਵਾਰ ਨੂੰ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਵਿੱਚ ਦਿਹਾਂਤ ਹੋ ਗਿਆ। 


ਦੱਸ ਦਈਏ ਉਹ ਹੋਲੀ ਮਨਾਉਣ ਦਿੱਲੀ ਆਏ ਸਨ। 'ਜਾਨੇ ਭੀ ਦੋ ਯਾਰੋ' ਅਤੇ 'ਮਿਸਟਰ ਇੰਡੀਆ' ਵਰਗੀਆਂ ਫਿਲਮਾਂ 'ਚ ਯਾਦਗਾਰ ਭੂਮਿਕਾਵਾਂ ਨਿਭਾਉਣ ਵਾਲੇ ਕੌਸ਼ਿਕ ਜਦੋਂ ਦਿੱਲੀ 'ਚ ਆਪਣੇ ਇਕ ਦੋਸਤ ਦੇ ਘਰ ਸਨ ਤਾਂ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ। ਉਸ ਨੇ ਆਪਣੇ ਡਰਾਈਵਰ ਨੂੰ ਹਸਪਤਾਲ ਲਿਜਾਣ ਲਈ ਕਿਹਾ। ਉਨ੍ਹਾਂ ਨੂੰ ਦੇਰ ਰਾਤ ਕਰੀਬ ਇੱਕ ਵਜੇ ਰਸਤੇ ਵਿੱਚ (ਹਸਪਤਾਲ ਲਿਜਾਂਦੇ ਸਮੇਂ) ਦਿਲ ਦਾ ਦੌਰਾ ਪਿਆ। ਕੌਸ਼ਿਕ ਦਾ ਪੋਸਟਮਾਰਟਮ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਕੀਤਾ ਗਿਆ। ਡਾਕਟਰਾਂ ਮੁਤਾਬਕ, ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।


Related Post