Satish Kaushik Death: ਕੀ 15 ਕਰੋੜ ਦੇ ਲੈਣ-ਦੇਣ ਨੂੰ ਲੈ ਕੇ ਰਚੀ ਗਈ ਸੀ ਕਤਲ ਦੀ ਸਾਜਿਸ਼ ? ਸਤੀਸ਼ ਕੌਸ਼ਿਕ ਦੇ ਦੋਸਤ ਦੀ ਪਤਨੀ ਨੇ ਖੋਲ੍ਹੇ ਕਈ ਰਾਜ਼

By  Entertainment Desk March 12th 2023 02:07 PM -- Updated: March 12th 2023 02:09 PM

Satish Kaushik Death: ਬਾਲੀਵੁੱਡ ਅਦਾਕਾਰ ਅਤੇ ਫਿਲਮਕਾਰ ਸਤੀਸ਼ ਕੌਸ਼ਿਕ ਦੀ ਮੌਤ ਦੇ ਮਾਮਲੇ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਨੇ। ਸਤੀਸ਼ ਕੌਸ਼ਿਕ ਦੇ ਦੋਸਤ ਦੀ ਪਤਨੀ ਨੇ ਆਪਣੇ ਪਤੀ 'ਤੇ ਸਤੀਸ਼ ਕੌਸ਼ਿਕ ਦੀ ਹੱਤਿਆ ਦਾ ਸ਼ੱਕ ਜਤਾਉਂਦੇ ਹੋਏ ਕਈ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ ਅਤੇ ਇਸ ਦੀ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਦਿੱਲੀ ਦੇ ਉਪ ਰਾਜਪਾਲ ਨੂੰ ਵੀ ਭੇਜੀ ਹੈ। ਦੱਸ ਦੇਈਏ ਕਿ ਹੋਲੀ ਵਾਲੇ ਦਿਨ ਆਪਣੀ ਮੌਤ ਤੋਂ ਪਹਿਲਾਂ ਸਤੀਸ਼ ਕੌਸ਼ਿਕ ਆਪਣੇ ਦੋਸਤ ਵਿਕਾਸ ਮਾਲੂ ਦੇ ਫਾਰਮ ਹਾਊਸ 'ਤੇ ਪਾਰਟੀ 'ਚ ਸ਼ਾਮਲ ਹੋਣ ਲਈ ਦਿੱਲੀ ਆਏ ਸਨ।


ਸਾਨਵੀ ਨੇ ਸਤੀਸ਼ ਦੀ ਸ਼ੱਕੀ ਮੌਤ ਲਈ ਆਪਣੇ ਹੀ ਪਤੀ 'ਤੇ ਸ਼ੱਕ ਜਤਾਉਂਦੇ ਹੋਏ ਮਾਮਲੇ ਦੀ ਜਾਂਚ ਲਈ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਪੱਤਰ ਲਿਖਿਆ ਹੈ। ਸਾਨਵੀ ਨੇ ਇਹ ਸ਼ਿਕਾਇਤ ਈ-ਮੇਲ ਰਾਹੀਂ ਭੇਜੀ ਹੈ।

15 ਕਰੋੜ ਨੂੰ ਲੈ ਕੇ ਦੁਬਈ 'ਚ ਹੋਈ ਸੀ ਲੜਾਈ 

ਸਤੀਸ਼ ਦੇ ਦੋਸਤ ਵਿਕਾਸ ਮਾਲੂ ਦੀ ਪਤਨੀ ਸਾਨਵੀ ਮਾਲੂ ਨੇ ਦੱਸਿਆ ਕਿ ਸਤੀਸ਼ ਕੌਸ਼ਿਕ ਮੇਰੇ ਪਤੀ ਦਾ ਦੋਸਤ ਸੀ ਅਤੇ ਉਹ ਅਕਸਰ ਭਾਰਤ ਅਤੇ ਦੁਬਈ ਵਿੱਚ ਸਾਡੇ ਘਰ ਆਉਂਦਾ ਰਹਿੰਦੇ ਸੀ। ਸਾਨਵੀ ਮਾਲੂ ਨੇ ਸ਼ਨੀਵਾਰ ਨੂੰ ਆਪਣੇ ਹੀ ਪਤੀ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਕਾਸ ਮਾਲੂ ਨੇ ਲਗਭਗ ਤਿੰਨ ਸਾਲ ਪਹਿਲਾਂ ਨਿਵੇਸ਼ ਲਈ ਸਤੀਸ਼ ਕੌਸ਼ਿਕ ਤੋਂ 15 ਕਰੋੜ ਰੁਪਏ ਉਧਾਰ ਲਏ ਸਨ।


ਜਿਸ ਨੂੰ ਉਹ ਹੁਣ ਵਾਪਸ ਨਹੀਂ ਮੋੜ ਰਿਹਾ ਸੀ। ਉਕਤ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਪਿਛਲੇ ਸਾਲ 23 ਅਗਸਤ 2022 ਨੂੰ ਦੁਬਈ 'ਚ ਪੈਸਿਆਂ ਨੂੰ ਲੈ ਕੇ ਉਨ੍ਹਾਂ ਵਿਚਕਾਰ ਲੜਾਈ ਹੋਈ ਸੀ, ਲੜਾਈ ਦੌਰਾਨ ਉਹ ਵੀ ਉੱਥੇ ਮੌਜੂਦ ਸੀ। ਉਦੋਂ ਵਿਕਾਸ ਨੇ ਉਸ ਨੂੰ ਭਾਰਤ ਜਾ ਕੇ ਪੈਸੇ ਵਾਪਸ ਕਰਨ ਲਈ ਕਿਹਾ ਸੀ।

ਸਾਨਵੀ ਨੇ ਦੱਸਿਆ ਕਿ ਝਗੜੇ ਵਾਲੀ ਰਾਤ ਬੈੱਡਰੂਮ 'ਚ ਜਦੋਂ ਉਸ ਨੇ ਆਪਣੇ ਪਤੀ ਵਿਕਾਸ ਤੋਂ ਪੁੱਛਿਆ, ''ਇਹ ਸਤੀਸ਼ ਜੀ ਕਿਹੜੇ ਪੈਸੇ ਮੰਗ ਰਹੇ ਸੀ?'' ਤਾਂ ਵਿਕਾਸ ਨੇ ਕਿਹਾ, ''ਯੇ ਠਰਕੀ ਨੇ 15 ਕਰੋੜ ਦਿੱਤੇ ਜੋ ਕੋਰੋਨਾ 'ਚ ਡੁੱਬ ਗਏ।''  ਚਿੱਠੀ 'ਚ ਸਾਨਵੀ ਨੇ ਸਤੀਸ਼ ਦੀ ਮੌਤ 'ਚ ਆਪਣੇ ਪਤੀ ਦੀ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ। ਉਸ ਨੇ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਵਿਕਾਸ ਨੇ ਸਤੀਸ਼ ਨੂੰ ਗਲਤ ਦਵਾਈ ਦਿੱਤੀ ਹੋਵੇ।

ਸਾਨਵੀ ਨੇ ਦੱਸਿਆ ਕਿ ਮੇਰੇ ਪਤੀ ਵਿਕਾਸ ਕੋਲ ਕੋਕੀਨ, ਐੱਮ.ਡੀ.ਐੱਮ.ਏ., ਜੀ.ਬੀ.ਐੱਚ., ਗਾਂਜਾ, ਚਰਸ, ਬਲੂ ਪਿਲਸ, ਪਿੰਕ ਪਿਲਸ ਵਰਗੇ ਨਸ਼ੀਲੇ ਪਦਾਰਥਾਂ ਦਾ ਵੱਡਾ ਭੰਡਾਰ ਹੈ, ਜਿਸ ਦੀ ਵਰਤੋਂ ਉਹ ਦਿੱਲੀ ਦੇ ਸਾਰੇ ਫਾਰਮ ਹਾਊਸਾਂ 'ਚ ਪਾਰਟੀਆਂ ਲਈ ਕਰਦਾ ਹੈ। 

ਸਾਨਵੀ ਦਾ ਕਹਿਣਾ ਹੈ ਕਿ ਹੁਣ ਵਿਕਾਸ ਦੀਆਂ ਗੱਲਾਂ ਸੱਚ ਹੋ ਗਈਆਂ ਹਨ। ਅਜਿਹੇ 'ਚ ਸਤੀਸ਼ ਕੌਸ਼ਿਕ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਸਾਨਵੀ ਨੇ ਇਸ ਮਾਮਲੇ 'ਚ ਗਵਾਹ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ।


Related Post