PTC Punjabi Weekly Review: ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰੀ ਹੈ ਲਾਵਾਂ ਫੇਰੇ, ਵੇਖ ਹੋ ਜਾਵੋਗੇ ਲੋਟ ਪੋਟ

By  Gourav Kochhar February 16th 2018 12:26 PM

Film Laavan Phere Review: ਅੱਜ ਦੇਸ਼-ਵਿਦੇਸ਼ਾਂ 'ਚ ਪੰਜਾਬੀ ਫਿਲਮ 'ਲਾਵਾਂ ਫੇਰੇ' ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੈ। ਬਹੁਤ ਲੰਮੇ ਸਮੇਂ ਬਾਅਦ ਕੋਈ ਕਾਮੇਡੀ ਪੰਜਾਬੀ ਫਿਲਮ ਪਰਦੇ 'ਤੇ ਉਤਰੀ ਹੈ। ਸਾਲ 2018 'ਚ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ। ਜਦੋਂ ਲੋਕਾਂ ਦੀਆਂ ਉਮੀਦਾਂ ਫਿਲਮ ਨਾਲ ਜੁੜ ਜਾਂਦੀਆਂ ਹਨ, ਉਦੋਂ ਫਿਲਮ ਦੇ ਟੀਮ ਮੈਂਬਰਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਫਿਲਮ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੀ ਹੈ ਜਾਂ ਨਹੀਂ, ਆਓ ਜਾਣਦੇ ਹਾਂ—

ਫਿਲਮ : ਲਾਵਾਂ ਫੇਰੇ

ਸਟਾਰ ਕਾਸਟ : ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਹਾਰਬੀ ਸੰਘਾ, ਸਮੀਪ ਕੰਗ

ਡਾਇਰੈਕਟਰ : ਸਮੀਪ ਕੰਗ

ਕਹਾਣੀ : ਪਾਲੀ ਭੁਪਿੰਦਰ ਸਿੰਘ

ਪ੍ਰੋਡਿਊਸਰ : ਕਰਮਜੀਤ ਅਨਮੋਲ, ਰੰਜੀਵ ਸਿੰਗਲਾ, ਪ੍ਰੇਮ ਪ੍ਰਕਾਸ਼ ਗੁਪਤਾ

ਸੰਗੀਤ : ਗੁਰਮੀਤ ਸਿੰਘ, ਲਾਡੀ ਗਿੱਲ, ਗੈਗਜ਼ ਸਟੂਡੀਓਜ਼, ਜੱਗੀ ਸਿੰਘ

ਗੀਤਕਾਰ : ਹੈਪੀ ਰਾਏਕੋਟੀ, ਜੱਗੀ ਸਿੰਘ

ਮਿਊਜ਼ਿਕ ਲੇਬਲ : ਟੀ-ਸੀਰੀਜ਼

ਰਿਲੀਜ਼ ਡੇਟ : 16 ਫਰਵਰੀ, 2018

ਸਮਾਂ : 124 ਮਿੰਟ

ਕਹਾਣੀ: ਫਿਲਮ ਦੀ ਕਹਾਣੀ ਹਨੀ ਤੇ ਨੀਤੂ ਯਾਨੀ ਕਿ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵੇਂ ਇਕ-ਦੂਜੇ ਦੇ ਪਿਆਰ 'ਚ ਪੈ ਜਾਂਦੇ ਹਨ ਪਰ ਮੁਸ਼ਕਿਲਾਂ ਉਦੋਂ ਸ਼ੁਰੂ ਹੁੰਦੀਆਂ ਹਨ, ਜਦੋਂ ਵਿਆਹ ਲਈ ਘਰਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਸ਼ੁਰੂ ਹੁੰਦੀ ਹੈ। ਫਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਨੇ ਰੌਸ਼ਨ ਪ੍ਰਿੰਸ ਦੇ ਜੀਜਿਆਂ ਦੀ ਭੂਮਿਕਾ ਨਿਭਾਈ ਹੈ, ਜਿਹੜੇ ਵਿਆਹ 'ਚ ਪੂਰਾ-ਪੂਰਾ ਖਰੂਦ ਪਾਉਂਦੇ ਹਨ। ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਰੁੱਸ ਜਾਣਾ ਜਾਂ ਫਿਰ ਰੁੱਸਣ ਦਾ ਬਹਾਨਾ ਲੱਭਣਾ। ਫਿਲਮ 'ਚ ਉਹ ਗੱਲਾਂ ਦਿਖਾਈਆਂ ਗਈਆਂ ਹਨ, ਜਿਹੜੀਆਂ ਪੰਜਾਬੀ ਵਿਆਹਾਂ 'ਚ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਬੀ. ਐੱਨ. ਸ਼ਰਮਾ ਨੇ ਨੀਤੂ ਯਾਨੀ ਕਿ ਰੁਬੀਨਾ ਬਾਜਵਾ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ, ਜੋ ਤਿੰਨਾਂ ਜੀਜਿਆਂ ਤੋਂ ਵੀ ਉਪਰ ਦੀ ਸ਼ਹਿ ਹੈ। ਇਕ ਮੁਸੀਬਤ ਖਤਮ ਨਹੀਂ ਹੁੰਦੀ ਕਿ ਦੂਜੀ ਰੌਸ਼ਨ ਤੇ ਰੁਬੀਨਾ ਦੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ। ਅਖੀਰ ਵਿਆਹ ਹੁੰਦਾ ਹੈ ਜਾਂ ਨਹੀਂ, ਕਿਸ ਤਰ੍ਹਾਂ ਵਿਆਹ ਹੁੰਦਾ ਹੈ, ਕੌਣ ਅਖੀਰ ਰੁੱਸਿਆਂ ਰਹਿੰਦਾ ਹੈ ਤੇ ਕੌਣ ਮੰਨ ਜਾਂਦਾ ਹੈ, ਇਸ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

ਅਦਾਕਾਰੀ: ਫਿਲਮ ਦੇ ਕਿਸੇ ਇਕ ਕਲਾਕਾਰ ਦਾ ਇਥੇ ਨਾਂ ਲੈਣਾ ਗਲਤ ਹੋਵੇਗਾ। ਫਿਲਮ ਬੇਸ਼ੱਕ ਰੌਸ਼ਨ ਤੇ ਰੁਬੀਨਾ ਦੇ ਆਲੇ-ਦੁਆਲੇ ਘੁੰਮਦੀ ਹੈ ਪਰ ਇਨ੍ਹਾਂ ਦੋਵਾਂ ਨਾਲ ਜਿੰਨੇ ਵੀ ਕਿਰਦਾਰ ਜੁੜੇ ਹਨ, ਫਿਰ ਭਾਵੇਂ ਉਹ ਜੀਜੇ ਹੋਣ, ਭੈਣਾਂ ਹੋਣ, ਮਾਂ-ਪਿਓ ਹੋਣ ਜਾਂ ਸਹੁਰਾ, ਹਰ ਇਕ ਦੀ ਅਦਾਕਾਰੀ ਸ਼ਾਨਦਾਰ ਹੈ। ਇਥੇ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਦੀ ਤਾਰੀਫ ਕਰਨੀ ਬਣਦੀ ਹੈ। ਦੋਵਾਂ ਦੀ ਇਕੱਠਿਆਂ ਪਰਦੇ 'ਤੇ ਕੈਮਿਸਟਰੀ ਦੇਖਣ ਵਾਲੀ ਹੈ। ਰੌਸ਼ਨ ਤੇ ਰੁਬੀਨਾ ਦੀ ਲਵ ਕੈਮਿਸਟਰੀ ਵੀ ਕਿਊਟ ਹੈ।

ਨਿਰਦੇਸ਼ਨ: ਸਮੀਪ ਕੰਗ ਮੰਨੇ-ਪ੍ਰਮੰਨੇ ਪੰਜਾਬੀ ਫਿਲਮ ਡਾਇਰੈਕਟਰ ਹਨ ਤੇ ਅਜਿਹੇ 'ਚ ਉਨ੍ਹਾਂ ਤੋਂ ਫਿਲਮ ਨੂੰ ਲੈ ਕੇ ਉਮੀਦਾਂ ਵੀ ਕਾਫੀ ਸਨ। ਸਮੀਪ ਕੰਗ ਨੇ ਆਪਣੇ ਪਿਛਲੇ ਤਜਰਬੇ ਦੀ ਵਰਤੋਂ ਕਰਦਿਆਂ 'ਲਾਵਾਂ ਫੇਰੇ' ਨੂੰ ਇਕ ਅਲੱਗ ਹੀ ਕਾਮੇਡੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਮ ਫਿਲਮਾਂ 'ਚ ਹਾਸਾ ਲਿਆਉਣ ਦਾ ਕੰਮ ਕਈ ਵਾਰ ਮਜਬੂਰੀ ਵਾਲਾ ਲੱਗਦਾ ਹੈ ਪਰ ਇਥੇ ਸੀਨ ਤੇ ਮਾਹੌਲ ਦੇ ਹਿਸਾਬ ਨਾਲ ਕਾਮੇਡੀ ਸੀਨਜ਼ ਫਿਲਮਾਏ ਗਏ ਹਨ। ਅਜਿਹਾ ਨਹੀਂ ਲੱਗੇਗਾ ਕਿ ਧੱਕੇ ਨਾਲ ਕੋਈ ਕਾਮੇਡੀ ਸੀਨ ਫਿਲਮ 'ਚ ਪਾਇਆ ਗਿਆ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਮਾਰੀਸ਼ੀਅਸ ਦੀ ਹੈ ਤੇ ਉਥੋਂ ਦੀਆਂ ਖੂਬਸੂਰਤ ਲੋਕੇਸ਼ਨਾਂ ਨੂੰ ਵੀ ਸਮੀਪ ਕੰਗ ਨੇ ਧਿਆਨ 'ਚ ਰੱਖਿਆ ਤੇ ਪਰਦੇ 'ਤੇ ਬਾਖੂਬੀ ਦਿਖਾਇਆ।

ਸੰਗੀਤ: ਫਿਲਮ ਦੇ ਰਿਲੀਜ਼ ਹੋਏ ਗੀਤ ਤਾਂ ਤੁਸੀਂ ਸੁਣ ਹੀ ਲਏ ਹਨ, ਉਥੇ ਫਿਲਮ ਦਾ ਬੈਕਗਰਾਊਂਡ ਮਿਊਜ਼ਿਕ ਵੀ ਤੁਹਾਨੂੰ ਪ੍ਰਭਾਵਿਤ ਕਰੇਗਾ। ਸੀਨ ਦੇ ਹਿਸਾਬ ਨਾਲ ਗੀਤਾਂ ਨੂੰ ਫਿੱਟ ਵੀ ਕੀਤਾ ਗਿਆ ਹੈ। ਜਿਥੇ ਭੰਗੜੇ ਵਾਲੇ ਗੀਤ ਦੀ ਲੋੜ ਹੈ, ਉਥੇ ਭੰਗੜੇ ਵਾਲਾ ਗੀਤ ਹੈ ਤੇ ਜਿਥੇ ਸੈਡ ਸੌਂਗ ਦੀ ਲੋੜ ਹੈ, ਉਥੇ ਸੈਡ ਸੌਂਗ ਹੀ ਰੱਖਿਆ ਗਿਆ ਹੈ।

ਕੁਲ ਮਿਲਾ ਕੇ 'ਲਾਵਾਂ ਫੇਰੇ' ਐਂਟਰਟੇਨਮੈਂਟ ਦਾ ਧਮਾਕੇਦਾਰ ਪੈਕੇਜ ਹੈ। ਲੰਮੇ ਸਮੇਂ ਬਾਅਦ ਕੋਈ ਚੰਗੀ ਪੰਜਾਬੀ ਫਿਲਮ ਰਿਲੀਜ਼ ਹੋਈ ਹੈ। ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ। ਜੋ ਉਮੀਦਾਂ ਤੁਸੀਂ ਫਿਲਮ ਤੋਂ ਲਗਾਈਆਂ ਹਨ, ਉਨ੍ਹਾਂ 'ਤੇ 'ਲਾਵਾਂ ਫੇਰੇ' ਪੂਰੀ ਤਰ੍ਹਾਂ ਨਾਲ ਖਰੀ ਉਤਰੀ ਹੈ।

Related Post