ਅਨੁਸ਼ਕਾ ਦੀ ਦਮਦਾਰ ਅਦਾਕਾਰੀ, ਡਰਾਵਣੀ ਫ਼ਿਲਮਾਂ ਦੀ ਤਰਾਂ ਭੂਤੀਆ ਡਰਾਮੇ ਨਹੀਂ

By  Gourav Kochhar March 2nd 2018 01:32 PM -- Updated: March 2nd 2018 01:33 PM

Pari Movie Review: ਬਾਲੀਵੁੱਡ ਅਦਾਕਾਰਾ ਦੇ ਤੌਰ 'ਤੇ ਅਨੁਸ਼ਕਾ ਸ਼ਰਮਾ ਨੇ ਬੀ ਟਾਊਨ ਦੇ ਕਈ ਵੱਡੇ ਸਿਤਾਰੇ ਜਿਵੇਂ ਕਿ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਨਾਲ ਕੰਮ ਕੀਤਾ ਹੈ। ਇਸ ਤੋਂ ਬਾਅਦ ਨਿਰਮਾਤਾ ਬਣਨ 'ਤੇ ਵੀ 'ਐੱਨ. ਐੱਚ. 10' ਵਰਗੀ ਫਿਲਮ ਦਰਸ਼ਕਾਂ ਤੱਕ ਪਹੁੰਚਾਈ। ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਦੇ ਹੀ ਬੈਨਰ ਹੇਠ ਬਣੀ ਫਿਲਮ 'ਫਿਲੌਰੀ' ਨੂੰ ਦਰਸ਼ਕਾਂ ਨੇ ਇੰਨਾ ਪਸੰਦ ਨਹੀਂ ਕੀਤਾ। ਹੁਣ ਇਕ ਵਾਰ ਫਿਰ ਤੋਂ ਅਨੁਸ਼ਕਾ ਵੱਖਰੇ ਹੀ ਅੰਦਾਜ਼ 'ਚ ਡਰਾਉਣ ਲਈ ਤਿਆਰ ਹੈ। ਫਿਲਮ ਦੇ ਟੀਜ਼ਰ ਤੇ ਪੋਸਟਰਜ਼ ਨੇ ਤਾਂ ਪਹਿਲਾਂ ਤੋਂ ਹੀ ਤਹਿਲਕਾ ਮਚਾ ਰੱਖਿਆ ਸੀ। ਇਸ ਫਿਲਮ ਨਾਲ ਨਿਰਦੇਸ਼ਕ ਦੇ ਖੇਤਰ 'ਚ ਪ੍ਰੋਸਿਤ ਰਾਏ ਨੇ ਕਦਮ ਰੱਖਿਆ ਹੈ।

ਕਹਾਣੀ

ਫਿਲਮ ਦੀ ਕਹਾਣੀ ਅਰਨਬ (ਪਰੰਬ੍ਰਤਾ ਚੈਟਰਜੀ) ਅਤੇ ਪਿਆਲੀ (ਰਿਤਾਭਰੀ ਚਕਰਵਰਤੀ) ਦੇ ਮੇਲ-ਮਿਲਾਪ ਨਾਲ ਸ਼ੁਰੂ ਹੁੰਦੀ ਹੈ, ਜਦੋਂ ਇਹ ਦੋਵੇਂ ਇਕ-ਦੂਜੇ ਨੂੰ ਵਿਆਹ ਲਈ ਪਹਿਲੀ ਮੁਲਾਕਾਤ 'ਚ ਮਿਲਦੇ ਹਨ। ਇਸ ਮੁਲਾਕਾਤ ਤੋਂ ਬਾਅਦ ਜਦੋਂ ਅਰਨਬ ਆਪਣੇ ਮਾਤਾ-ਪਿਤਾ ਨਾਲ ਕਾਰ ਰਾਹੀਂ ਘਰ ਵਾਪਸ ਆਉਂਦਾ ਹੈ ਤਾਂ ਉਸੇ ਦੌਰਾਨ ਸੜਕ ਹਾਦਸੇ 'ਚ ਇਕ ਅਜੀਬੋ- ਗਰੀਬ ਘਟਨਾ ਵਾਪਰ ਜਾਂਦੀ ਹੈ, ਜਿਸ ਦੀ ਵਜ੍ਹਾ ਕਾਰਨ ਉਨ੍ਹਾਂ ਦੀ ਮੁਲਾਕਾਤ 'ਰੁਖਸਾਨਾ ਖਾਤੂਨ' (ਅਨੁਸ਼ਕਾ ਸ਼ਰਮਾ) ਨਾਲ ਹੁੰਦੀ ਹੈ। ਰੁਸਖਾਨਾ ਦੇ ਪੈਰਾਂ 'ਚ ਬੇੜੀਆਂ ਹੁੰਦੀਆਂ ਹਨ ਤੇ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਉਸ ਨੂੰ ਅਰਨਬ ਨਾਲ ਉਨ੍ਹਾਂ ਦੇ ਘਰ ਜਾਣਾ ਪੈਂਦਾ ਹੈ। ਅਰਨਬ ਇੱਕਲਾ ਇਕ ਘਰ 'ਚ ਰਹਿੰਦਾ ਹੈ ਤੇ ਉਸ ਦੇ ਮਾਤਾ-ਪਿਤਾ ਕਿਸੇ ਹੋਰ ਘਰ 'ਚ ਰਹਿੰਦੇ ਹਨ। ਕਹਾਣੀ 'ਚ ਟਵਿਸਟ ਉਸ ਸਮੇਂ ਆਉਂਦਾ ਹੈ, ਜਦੋਂ ਹਾਸਿਨ ਅਲੀ (ਰਜਤ ਕਪੂਰ) ਦੀ ਐਂਟਰੀ ਹੁੰਦੀ ਹੈ। ਕਈ ਸਾਰੇ ਰਾਜ਼ 'ਤੋਂ ਪਰਦਾ ਉੱਠਦਾ ਹੈ ਤੇ ਅੰਤ ਇਸ ਕਥਾ ਨੂੰ ਅੰਜਾਮ ਮਿਲਦਾ ਹੈ, ਜਿਸ ਨੂੰ ਜਾਣਨ ਲਈ ਤੁਹਾਨੂੰ ਸਿਨੇਮਾਘਰ 'ਚ ਜਾਣਾ ਚਾਹੀਦਾ ਹੈ।

ਕਮਜ਼ੋਰ ਕੜੀ

ਫਿਲਮ ਦੀ ਕਮਜ਼ੋਰ ਕੜੀ ਉਂਝ ਤਾਂ ਕੋਈ ਨਹੀਂ ਹੈ, ਬਸ ਇਹ ਫਿਲਮ ਐਡਲਟ ਫਿਲਮ ਹੈ ਤੇ ਐਡਲਟ ਹੋਣ ਕਾਰਨ ਸ਼ਾਇਦ ਇਕ ਖਾਸ ਵਰਗ ਇਸ ਫਿਲਮ ਨੂੰ ਨਹੀਂ ਦੇਖ ਸਕੇਗਾ। ਉੱਥੇ ਕੁਝ ਅਜਿਹੇ ਦ੍ਰਿਸ਼ ਵੀ ਹਨ, ਜੋ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹਨ।

ਬਾਕਸ ਆਫਿਸ

ਅਨੁਸ਼ਕਾ ਦੀ ਫੀਸ ਕੱਢ ਦੇਈਏ ਤਾਂ ਫਿਲਮ ਦਾ ਬਜਟ ਲਗਭਗ 18 ਕਰੋੜ ਦੱਸਿਆ ਜਾ ਰਿਹਾ ਹੈ। ਅਨੁਸ਼ਕਾ ਦੀ 'ਫਿਲੌਰੀ' ਫਿਲਮ ਨੇ ਪਹਿਲੇ ਦਿਨ ਲਗਭਗ 4 ਕਰੋੜ ਤੇ 'ਐਨ. ਐੱਚ. 10' ਨੇ ਲਗਭਗ ਸਾਢੇ ਤਿੰਨ ਕਰੋੜ ਦਾ ਕਾਰੋਬਾਰ ਕੀਤਾ ਸੀ। ਅੰਦਾਜ਼ੇ ਮੁਤਾਬਕ ਹੋਲੀ ਦੇ ਦਿਨ ਫਿਲਮ 'ਪਰੀ' ਦੀ ਓਪਨਿੰਗ 2-3 ਕਰੋੜ ਦੀ ਹੋ ਸਕਦੀ ਹੈ। ਫਿਲਮ ਨੂੰ 1500 ਤੋਂ ਵੱਧ ਸਕ੍ਰੀਨਸ 'ਚ ਰਿਲੀਜ਼ ਕੀਤਾ ਗਿਆ ਹੈ।

Related Post