Jaswinder Bhalla: ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਅੱਜ ਹੈ ਜਨਮਦਿਨ, ਜਾਣੋ ਕਲਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ

ਪੰਜਾਬ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਅੱਜ ਜਨਮਦਿਨ ਹੈ। ਜਸਵਿੰਦਰ ਭੱਲਾ 'ਛਣਕਾਟਾ' ਸਣੇ ਕਈ ਪੰਜਾਬੀ ਪ੍ਰੋਗਰਾਮਾਂ ਤੇ ਪੰਜਾਬੀ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਕਈ ਪੰਜਾਬੀ ਕਲਾਕਾਰ ਤੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।

By  Pushp Raj May 4th 2023 12:02 PM

Happy Birthday Jaswinder Bhalla: ਅੱਜ ਹੈ ਪੰਜਾਬੀ ਕਾਮੇਡੀ ਦੀ ਦੁਨੀਆ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਜਨਮ ਦਿਨ। ਹਾਸਿਆਂ ਦੇ ਨਾਲ ਹਰ ਇੱਕ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ ‘ਚ ਹੋਇਆ ਸੀ।


ਕਾਮੇਡੀ ਦੀ ਦੁਨੀਆ ‘ਚ ਉਨ੍ਹਾਂ ਨੂੰ ਇਹ ਮੁਕਾਮ ਸੌਖਾ ਹਾਸਿਲ ਨਹੀਂ ਹੋਇਆ । ਇਸ ਮੁਕਾਮ ਨੂੰ ਹਾਸਿਲ ਕਰਨ ਲਈ ਜਸਵਿੰਦਰ ਭੱਲਾ ਨੂੰ ਬਹੁਤ ਮਿਹਨਤ ਕਰਨੀ ਪਈ ਹੈ । ਜਦੋਂ ਵੀ ਜਸਵਿੰਦਰ ਭੱਲਾ ਦੇ ਕਰੀਅਰ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਉਨ੍ਹਾਂ ਦੇ ਕਾਮੇਡੀ ਸ਼ੋਅ ‘ਛਣਕਾਟਾ’ ਦਾ ਜ਼ਿਕਰ ਜ਼ਰੂਰ ਹੁੰਦਾ ਹੈ । ਇਸ ਕੰਸੈਪਟ ਨਾਲ ਹੀ ਜਸਵਿੰਦਰ ਭੱਲਾ ਨੂੰ ਪੰਜਾਬੀ ਇੰਡਸਟਰੀ ਵਿੱਚ ਪਛਾਣ ਤੇ ਕਾਮਯਾਬੀ ਮਿਲੀ ਸੀ। ਉਨ੍ਹਾਂ  ਨੂੰ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਛਣਕਾਟਾ ਦੇ ਨਾਲ ਲੋਕਾਂ ਅੱਗੇ ਹਾਸਿਆਂ ਦੇ ਨਾਲ - ਨਾਲ ਹੀ ਸਮਾਜਿਕ ਮੁੱਦਿਆਂ ਨੂੰ ਵੀ ਕਮਾਲ ਦੇ ਢੰਗ ਦੇ ਨਾਲ ਪੇਸ਼ ਕੀਤਾ ਹੈ।

ਜਸਵਿੰਦਰ ਭੱਲਾ ਦੇ ਫ਼ਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮ “ਦੁੱਲਾ ਭੱਟੀ” ਤੋਂ ਪੰਜਾਬੀ ਫਿਲਮਾਂ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਮੇਲ ਕਰਾ ਦੇ ਰੱਬਾ, ਜੱਟ ਐਂਡ ਜੂਲੀਅਟ, ਕੈਰੀ ਆਨ ਜੱਟਾ-2, ਡੈਡੀ ਕੂਲ ਮੁੰਡੇ ਫੂਲ, ਮਿਸਟਰ ਐਂਡ ਮਿਸਿਜ਼ 420 ਸਣੇ ਕਈ ਫ਼ਿਲਮਾਂ ਦੇ ਨਾਂਅ ਸ਼ਾਮਿਲ ਹਨ। ਉਹ 100 ਤੋਂ ਵੱਧ ਫ਼ਿਲਮਾਂ, ਛਣਕਾਟਾ ਦੇ 27 ਐਪਿਸੋਡਸ ਸਣੇ 20 ਵੀਡੀਓ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਆਪਣੀ ਬਹਿਤਰੀਨ ਅਦਾਕਾਰੀ ਦੇ ਲਈ ਉਨ੍ਹਾਂ ਨੂੰ ਕਈ ਅਵਾਰਡਜ਼ਾਂ ਦੇ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।

ਜਸਵਿੰਦਰ ਭੱਲਾ ਅਦਾਕਾਰਾ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ। ਬੀਤੇ ਸਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਸੀ।


ਜਸਵਿੰਦਰ ਭੱਲਾ ਦੇ ਪਰਿਵਾਰਕ ਜੀਵਨ ਬਾਰੇ ਤਾਂ ਉਨ੍ਹਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ । ਉਨ੍ਹਾਂ ਦੀ ਪਤਨੀ ਫਾਈਨ ਆਰਟਸ ਅਧਿਆਪਕ ਹੈ। ਉਹਨਾਂ ਦੇ ਬੇਟੇ ਦਾ ਨਾਮ ਪੁਖਰਾਜ ਭੱਲਾ ਹੈ  ਅਤੇ ਉਸ ਨੇ ਕੁਝ ਪੰਜਾਬੀ ਫਿਲਮਾਂ ਵਿਚ ਸ਼ਾਨਦਾਰ ਭੂਮਿਕਾਵਾਂ ਵੀ ਨਿਭਾਈਆਂ ਹਨ। ਉਨ੍ਹਾਂ ਦੀ ਇੱਕ ਧੀ ਵੀ ਜਿਸ ਦਾ ਨਾਂਅ ਅਸ਼ਪ੍ਰੀਤ ਕੌਰ ਹੈ, ਜਿਸ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ। 

 ਹੋਰ ਪੜ੍ਹੋ: Divorce photoshoot: ਤਲਾਕ ਤੋਂ ਬਾਅਦ ਅਦਾਕਾਰਾ ਹੋਈ ਇੰਨੀ ਖੁਸ਼ ਕਿ ਕਰਵਾ ਲਿਆ 'ਡਾਈਵੋਰਸ ਫੋਟੋਸ਼ੂਟ',ਵੇਖੋ ਤਸਵੀਰਾਂ

ਸੋਸ਼ਲ ਮੀਡੀਆ ਉੱਤੇ ਵੀ ਜਸਵਿੰਦਰ ਭੱਲਾ ਨੂੰ ਉਨ੍ਹਾਂ ਦਾ ਚਾਹੁਣ ਵਾਲੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਜਸਵਿੰਦਰ ਭੱਲਾ ਇਸੇ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹਿਣ ਅਤੇ ਦਰਸ਼ਕਾਂ ਦਾ ਚਿਹਰਿਆਂ ਉੱਤੇ ਹੱਸੇ ਬਿਖੇਰਦੇ ਰਹਿਣ।

ਵਰਕ ਫਰੰਟ ਦੀ ਤਾਂ ਅਜੇ ਵੀ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ । ਜਲਦ ਹੀ ਜਸਵਿੰਦਰ ਭੱਲਾ ਗਿੱਪੀ ਗਰੇਵਾਲ ਨਾਲ ਫ਼ਿਲਮ 'ਕੈਰੀ ਆਨ ਜੱਟਾ-3' ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। 


Related Post