Jenny Johal: ਜੈਨੀ ਜੌਹਲ ਨੇ ਕਿਉਂ ਲਿਖਿਆ ਗੀਤ 'ਲੈਟਰ ਟੂ ਸੀਐਮ', ਗਾਇਕਾ ਨੇ ਦੱਸੀ ਇਸ ਪਿਛੇ ਦੀ ਅਸਲ ਵਜ੍ਹਾ

ਮਸ਼ਹੂਰ ਪੰਜਾਬੀ ਗਾਇਕ ਜੈਨੀ ਜੌਹਲ ਨੇ ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਵਿੱਚ ਆਪਣੇ ਇੱਕ ਗੀਤ 'ਲੈਟਰ ਟੂ ਸੀਐਮ' ਲਿਖਣ ਬਾਰੇ ਗੱਲ ਕੀਤੀ। ਗਾਇਕ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਮਾਪਿਆਂ ਦੀ ਹਾਲਤ ਵੇਖ ਕੇ ਬੇਹੱਦ ਦੁਖੀ ਹੋ ਗਈ ਸੀ। ਉਹ ਮਰਹੂਮ ਗਾਇਕ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਹੈ, ਇਸ ਦੇ ਲਈ ਉਸ ਨੇ ਲੈਟਰ ਟੂ ਸੀਐਮ ਗੀਤ ਲਿਖਿਆ ਤੇ ਗਾਇਆ।

By  Pushp Raj March 4th 2023 12:37 PM

Jenny Johal talk about song 'Letter to CM': ਮਸ਼ਹੂਰ ਪੰਜਾਬੀ ਗਾਇਕ ਜੈਨੀ ਜੌਹਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਮੁੜ ਇੱਕ ਵਾਰ ਫਿਰ ਤੋਂ  ਸੁਰਖੀਆਂ 'ਚ ਉਦੋਂ ਆ ਗਈ, ਜਦੋਂ ਉਸ ਨੇ ਆਪਣੇ ਗੀਤ 'ਲੈਟਰ ਟੂ ਸੀਐਮ' ਨੂੰ ਲਿਖਣ ਤੇ ਇਸ ਨੂੰ ਗਾਉਣ ਦੇ ਪਿੱਛੇ ਦਾ ਕਾਰਨ ਦੱਸਿਆ। ਆਓ ਜਾਣਦੇ ਹਾਂ ਕਿ ਗਾਇਕ ਨੇ ਇਸ ਗੀਤ ਬਾਰੇ ਕੀ ਦੱਸਿਆ ਹੈ। 

ਦੱਸਣਯੋਗ ਹੈ  ਕਿ ਜੈਨੀ ਜੌਹਲ ਨੂੰ ਗੀਤ 'ਲੈਟਰ ਟੂ ਸੀਐਮ' ਤੋਂ ਕਾਫੀ ਫੇਮ ਮਿਲਿਆ। ਗਾਇਕਾ ਨੇ ਹਾਲ ਹੀ 'ਚ ਦਿੱਤੇ ਗਏ ਆਪਣੇ ਇੱਕ ਇੰਟਰਵਿਊ ਦੌਰਾਨ ਇਸ ਗੀਤ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਕੀ ਕਿਉਂ ਉਹ 'ਲੈਟਰ ਟੂ ਸੀਐਮ' ਗੀਤ ਲਿਖਣ ਲਈ ਮਜਬੂਰ ਹੋਈ।


ਗਾਇਕਾ ਨੇ ਦੱਸਿਆ ਇਹ ਗੀਤ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਗਾਇਆ ਸੀ। ਜੈਨੀ ਜੌਹਲ ਨੇ ਦੱਸਿਆ, 'ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹ ਜਦੋਂ ਉਨ੍ਹਾਂ ਦੇ ਘਰ ਅਫਸੋਸ ਲਈ ਗਈ, ਤਾਂ ਉਸ ਦੇ ਮਾਪਿਆਂ ਦੀ ਹਾਲਤ ਦੇਖ ਉਸ ਦਾ ਦਿਲ ਕੰਬ ਗਿਆ।' 

ਜੈਨੀ ਜੌਹਲ ਨੇ ਕਿਹਾ, 'ਜਦੋਂ ਵੀ ਸਿੱਧੂ ਮਾਪੇ ਕਿਸੇ ਨੂੰ ਦੇਖਦੇ ਹਨ, ਤਾਂ ਉਸ ਨੂੰ ਦੇਖ ਕੇ ਰੋਣ ਲੱਗ ਪੈਂਦੇ ਹਨ। ਸਿੱਧੂ ਦੀ ਮਾਂ ਚਰਨ ਕੌਰ ਆਪਣੇ ਪੁੱਤਰ ਦੇ ਪੁਰਾਣੇ ਸ਼ੋਅਜ਼ ਦੀਆਂ ਵੀਡੀਓਜ਼ ਕੱਢ ਕੇ ਦੇਖਦੀ ਹੈ । ਮਾਂ ਚਰਨ ਕੌਰ ਉਨ੍ਹਾਂ ਨੂੰ ਕਈ ਕਈ ਘੰਟੇ ਦੇਖਦੀ ਰਹਿੰਦੀ ਹੈ। ਸਿੱਧੂ ਨੂੰ ਵੀਡੀਓਜ਼ 'ਚ ਜ਼ਿੰਦਾ ਦੇਖ ਕੇ ਮਾਂ ਚਰਨ ਕੌਰ ਮੁਸਕਰਾਉਂਦੀ ਹੈ, ਪਰ ਜਦੋਂ ਉਹ ਵੀਡੀਓ ਮੁੱਕਦੀ ਹੈ ਤਾਂ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਸਿੱਧੂ ਤਾਂ ਇਸ ਦੁਨੀਆ 'ਚ ਹੈ ਹੀ ਨਹੀਂ। ਇਸ ਤੋਂ ਬਾਅਦ ਉਹ ਰੋਣ ਲੱਗ ਪੈਂਦੇ ਹਨ।' 


ਹੋਰ ਪੜ੍ਹੋ: Sidhu Moose Wala Death Anniversary:19 ਮਾਰਚ ਨੂੰ ਮਨਾਈ ਜਾਵੇਗੀ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ, ਪਿਤਾ ਬਲਕੌਰ ਸਿੰਘ ਨੇ ਕੀਤਾ ਐਲਾਨ

ਇਸ ਦੇ ਨਾਲ ਹੀ ਜੈਨੀ ਨੇ ਇਹ ਕਿਹਾ ਕਿ 'ਉਹ ਸਿੱਧੂ ਦੇ ਮਾਪਿਆਂ ਦੇ ਹਾਲਾਤ ਦੇਖ ਪਰੇਸ਼ਾਨ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਘਰ ਆ ਕੇ 'ਲੈਟਰ ਟੂ ਸੀਐਮ' ਗੀਤ ਲਿਖਿਆ ਸੀ। ਮੈਂ ਇਹ ਗਾਣਾ ਸਿਰਫ 15-20 ਮਿੰਟਾਂ 'ਚ ਹੀ ਲਿਖ ਦਿੱਤਾ ਸੀ।' ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦੇ ਗਾਣੇ 'ਲੈਟਰ ਟੂ ਸੀਐਮ' ਨੂੰ ਲੈਕੇ ਪੰਜਾਬ 'ਚ ਸਿਆਸੀ ਮਾਹੌਲ ਕਾਫੀ ਭਖਿਆ ਸੀ। ਬਹੁਤ ਜ਼ਿਆਦਾ ਵਿਰੋਧ ਹੋਣ ਤੋਂ ਬਾਅਦ ਇਸ ਗਾਣੇ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ, ਪਰ ਦਰਸ਼ਕਾਂ ਵੱਲੋਂ ਗਾਇਕਾ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ। 


Related Post