ਰਘਵੀਰ ਬੋਲੀ ਆਪਣੇ ਪਿਤਾ ਦੀ ਬਰਸੀ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ ‘ਤੁਹਾਡੀ ਬਰਸੀ ‘ਤੇ ਤੁਹਾਡੇ ਤੇ ਬੀਬੀ ਦੇ ਆਸ਼ੀਵਾਦ ਦੇ ਨਾਲ ਨਵੇਂ ਘਰ ਦੀ ਨੀਂਹ ਰੱਖਣ ਲੱਗਾ ਹਾਂ’

ਰਘਵੀਰ ਬੋਲੀ ਜਿਨ੍ਹਾਂ ਦੇ ਪਿਤਾ ਜੀ ਅੱਜ ਤੋਂ ਕਈ ਸਾਲ ਪਹਿਲਾਂ ਸਵਰਗ ਸਿਧਾਰ ਗਏ ਸਨ । ਅੱਜ ਉਨ੍ਹਾਂ ਦੇ ਪਿਤਾ ਜੀ ਦੀ ਬਰਸੀ ਹੈ ਅਤੇ ਇਸ ਮੌਕੇ ‘ਤੇ ਉਹ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ । ਉਨ੍ਹਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ।

By  Shaminder September 11th 2023 11:17 AM

ਰਘਵੀਰ ਬੋਲੀ (Raghveer Boli) ਜਿਨ੍ਹਾਂ ਦੇ ਪਿਤਾ ਜੀ ਅੱਜ ਤੋਂ ਕਈ ਸਾਲ ਪਹਿਲਾਂ ਸਵਰਗ ਸਿਧਾਰ ਗਏ ਸਨ । ਅੱਜ ਉਨ੍ਹਾਂ ਦੇ ਪਿਤਾ ਜੀ ਦੀ ਬਰਸੀ ਹੈ ਅਤੇ ਇਸ ਮੌਕੇ ‘ਤੇ ਉਹ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋ ਗਏ ਹਨ । ਉਨ੍ਹਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ ਕਿ ਅੱਜ ਜੇ ਉਨ੍ਹਾਂ ਦੇ ਪਿਤਾ ਜੀ ਹੁੰਦੇ ਤਾਂ ਕਿੰਨਾ ਖੁਸ਼ ਹੋਣਾ ਸੀ । ਕਿਉਂ ਕਿ ਉਨ੍ਹਾਂ ਨੇ ਆਪਣੇ ਨਵੇਂ ਘਰ ਦੀ ਨੀਂਹ ਰੱਖੀ ਹੈ ਅਤੇ ਪੁਰਾਣੇ ਘਰ ਨੂੰ ਢਾਹ ਕੇ ਨਵਾਂ ਘਰ ਬਨਾਉਣ ਜਾ ਰਹੇ ਹਨ ।

ਹੋਰ ਪੜ੍ਹੋ :  ਨੀਰੂ ਬਾਜਵਾ ‘ਜੱਟ ਐਂਡ ਜੂਲੀਅਟ-3’ ਦਾ ਕੀਤਾ ਐਲਾਨ, ਜਾਣੋ ਕਦੋਂ ਹੋਣ ਜਾ ਰਹੀ ਰਿਲੀਜ਼  

ਅਦਾਕਾਰ ਨੇ ਲਿਖਿਆ ‘ਥੋਡੀ ਬਰਸੀ ਤੇ …11-੦9-2003 ਅੱਜ 20 ਸਾਲ ਹੋਗੇ ਪਾਪਾ ਜੀ ਥੋਨੂੰ ਗਿਆਂ , ਕਿੰਨੇ ਹੀ ੳਤਰਾ-ਚੜ੍ਹਾਅ ਆਏ ਜ਼ਿੰਦਗੀ ਵਿੱਚ ਪਰ ਥੋਡੀ ਤੇ ਬੀਬੀ ਦੀ ਨਸੀਅਤ ਸਦਕਾ ਸਭਨੂੰ ਚੜਦੀਕਲਾ ਨਾਲ ਸਵੀਕਾਰ ਕੀਤਾ । ਜਦ ਵੀ ਆਪਣੇ ਖੇਤਰ ਵਿੱਚ ਕਦੇ ਮੇਰੇ ਕੰਮ ਲਈ ਮੈਨੂੰ ਮੇਰੇ ਦਰਸ਼ਕਾਂ ਜਾਂ ਮੇਰੇ ਪੇਸ਼ੇ ਨਾਲ ਜੁੜੇ ਹੋਏ ਕਲਾਕਾਰਾਂ ਵੱਲੋਂ ਮੇਰੇ ਕੰਮ ਦੀ ਵਡਿਆਈ ਮਿਲੀ ਤਾਂ ਇੱਕੋ ਘਾਟ ਹਮੇਸ਼ਾ ਮਹਿਸੂਸ ਹੋਈ ਤੇ ਉਹ ਸੀ ਤੁਸੀਂ । ਅੱਗੇ ਵੀ ਮਿਹਨਤ ਜਾਰੀ ਹੈ ।


ਇੱਕ ਗੱਲ ਦੱਸਣੀ ਸੀ ਜੋ ਤੁਸੀਂ ਤੇ ਬੀਬੀ ਨੇ ਦਿਨ ਰਾਤ ਇੱਕ ਕਰਕੇ ਸਾਡੇ ਲਈ ਆਪਣੀ ਮਿਹਨਤ ਮਜ਼ਦੂਰੀ ਨਾਲ ਘਰ ( ਜੋ ਸਾਡੇ ਲਈ ਹਮੇਸ਼ਾ ਮਹਿਲ ਸੀ ਤੇ ਰਹਿਣਾ ) ਪਾਇਆ ਸੀ , ਬੀਬੀ ਦੇ ਕਹਿਣ ਤੇ ਅੱਜ ਉਸ  ਮਹਿਲ ਨੂੰ ਢਾਹ ਕੇ ਆਪਣੀ ਮਿਹਨਤ ਨਾਲ ਛੋਟਾ ਜਿਹਾ ਆਲਣਾ ਪਾਉਣ ਦੀ ਕੋਸ਼ਿਸ਼ ਕਰ ਰਿਹਾਂ । ਮੈਂ ਬੀਬੀ ਨੂੰ ਹਮੇਸ਼ਾ ਕਿਹਾ ਕਿ ਮੈਂ ਇਹ ਘਰ ਨੀ ਢ੍ਹਾਉਣਾ , ਕੋਈ ਹੋਰ ਜਗ੍ਹਾ ਲੈ ਕੇ ਬਣਾ ਲੈਨੇ ਆਂ ਕਿਉਂਕਿ ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਸੀ ਕਿ ਇਹ ਮੇਰੇ ਪਾਪਾ ਤੇ ਬੀਬੀ ਦੀ ਮਿਹਨਤ ਨਾਲ ਬਣਾਇਆ ਮਹਿਲ ਆ ਜਿੱਥੇ ਸਾਡੇ ਬਚਪਣ ਤੇ ਤੁਹਾਡੇ ਨਾਲ ਗੁਜ਼ਾਰੀਆਂ ਯਾਦਾਂ ਨੇ ਤੇ ਮੈਂ ਕਹਿੰਦਾ ਸੀ ਕਿ ਬੀਬੀ ਇਹ ਪਾਪਾ ਦੀ ਨਿਸ਼ਾਨੀ ਆ ਮੈਂ ਨੀ ਤੋੜਨਾ ਇਹ ਘਰ ਤਾਂ ਬੀਬੀ ਕਹਿੰਦੀ “ ਉਹਦੀ ( ਪਾਪਾ ਦੀ ) ਨਿਸ਼ਾਨੀ ਤੂੰ ਤੇ ਰਣਬੀਰ ਹੈਗੇ ਤਾਂ ਹੋ ਮੇਰੇ ਕੋਲ , ਕੋਈ ਨਾ ਪੁੱਤ ਇੱਥੇ ਈ ਬਣਾ ਲੈਨੇ ਆਂ “ ਤੇ ਫਿਰ ਮਾਂ ਦਾ ਹੁਕਮ ਸਿਰ ਮੱਥੇ , ਏਸ ਘਰ ਚ ਮੈਂ ਬਹੁਤ ਦੁੱਖ ਸੁੱਖ ਦੇਖੇ ਨੇ ਛੱਤਾਂ ਚੋਂਦੀਆਂ ਦੇਖੀਆਂ ।


ਆਟੇ ਤੋਂ ਖਾਲੀ ਢੋਲ ਦੇਖੇ ਤੇ ਹੋਰ ਕਿੰਨਾ ਕੁਛ ਮੇਰੇ ਬਚਪਨ ਤੋਂ ਜਵਾਨੀ ਵੱਲ ਜਾਣ ਤੱਕ ਦਾ । ਪਰ ਅੱਜ ਮਾਂ ਖੁਸ਼ ਹੈ ਤਾਂ ਲੱਗਦਾ ਤੁਸੀਂ ਵੀ ਬੀਬੀ ਦੇ ਏਸ ਫੈਸਲੇ ਨਾਲ ਖੁਸ਼ ਹੋਂਵੋਂਗੇ । ਇਹ ਸੋਚ ਕੇ ਭਾਵੁਕ ਤੇ ਖੁਸ਼ ਹਾਂ ਕਿ ਜੇ ਤੁਸੀਂ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀ ਤੇ ਸਭ ਨੂੰ ਕਹਿਣਾ ਸੀ “ ਮੇਰਾ ਬੀਰਾ “ ( ਮੇਰਾ ਘਰ ਦਾ ਨਾਮ ) ਆਪਣੀ ਕਮਾਈ ਨਾਲ ਘਰ ਪਾ ਰਿਹਾ’’। ਮੇਰੀ ਕਮਾਈ ਥੋਡੀ ਤੇ ਬੀਬੀ ਦੀ ਕਮਾਈ ਅੱਗੇ ਕੁਛ ਵੀ ਨੀ ਹੈ । ਮੈਂ ਤਾਂ ਕੋਸ਼ਿਸ਼ ਕਰ ਰਿਹਾਂ ਮਾਂ ਨੂੰ ਖੁਸ਼ ਕਰਨ ਦੀ ਤੇ ਜੋ ਤੁਸੀਂ ਸੁਪਨੇ ਦੇਖੇ ਸੀ ਆਪਣੇ ਕਲਾਕਾਰ ਪੁੱਤ ਲਈ ਉਹਨਾਂ ਨੂੰ ਪੂਰਾ ਕਰਨ ਦੀ ।

View this post on Instagram

A post shared by Raghveer Boli 🤡 ਰਘਵੀਰ ਬੋਲੀ 🤡 (@raghveerboliofficial)



ਬਹੁਤ ਕੁਛ ਲਿਖ ਸਕਦਾਂ ਪਰ ਅੱਜ ਇਹਨਾਂ ਈ ਦੱਸਣਾ ਸੀ ਕਿ ਜਿਹੜੇ ਘਰ ਦੇ ਵਿਹੜੇ ਵਿੱਚ ਤੁਸੀਂ ਆਖਰੀ ਵਾਰ ਸਾਹ ਲਏ ਸੀ ਤੇ ਜਿਸ ਘਰ ਦੀਆਂ ਕੰਧਾਂ ਨੂੰ ਤੁਸੀ ਤੇ ਬੀਬੀ ਨੇ ਆਪਣੇ ਮੁੜਕੇ ਦੀ ਕਮਾਈ ਨਾਲ ਖੜਾ ਕੀਤਾ ਸੀ ਮੈਂ ਉਸੇ ਜਗ੍ਹਾ ਤੇ ਥੋਨੂੰ ਹਾਜ਼ਰ ਨਾਜ਼ਰ ਸਮਝ ਕੇ ਥੋਡੇ ਕਲਾਕਾਰ ਪੁੱਤ ਦੀ ਕਮਾਈ ਵਿੱਚੋਂ ਥੋਡੀ ਤੇ ਬੀਬੀ ਦੇ ਅਸ਼ੀਰਵਾਦ ਨਾਲ ਆਪਣੇ ਮੁੜਕੇ ਦੀ ਕਮਾਈ ਦੀ ਇੱਟ ਧਰਨ ਲੱਗਾਂ । ਬਾਲਿਆਂ ਵਾਲੀਆਂ ਚੋਂਦੀਆਂ ਛੱਤਾਂ ਨੂੰ ਮਿਹਨਤ ਤੇ ਸਿਦਕ ਨਾਲ ਪੱਕਾ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾਂ ।

View this post on Instagram

A post shared by Raghveer Boli 🤡 ਰਘਵੀਰ ਬੋਲੀ 🤡 (@raghveerboliofficial)


ਪਰ ਥੋਡੇ ਤੇ ਬੀਬੀ ਵਰਗੇ ਬਣਾਏ ਮਹਿਲ ਵਰਗਾ ਘਰ ਮੈਂ ਕਦੇ ਵੀ ਨੀ ਬਣਾ ਸਕਣਾ । ਮੈਂ ਧੂੜ ਹਾਂ ਥੋਡੇ ਤੇ ਬੀਬੀ ਦੇ ਪੈਰਾਂ ਦੀ । ਰਣਬੀਰ ਬਹੁਤ ਜ਼ਿਆਦਾ ਤੇ ਜਿੰਮੇਵਾਰੀ ਨਾਲ ਕੰਮ ਕਰ ਰਿਹਾ , ਬਹੁਤ ਸਿਆਣਾ ਤੇ ਆਗਿਆਕਾਰੀ ਪੁੱਤ ਐ ਥੋਡਾ ਤੇ ਗੋਲੋ … ਗੋਲੋ ਭੈਣ ਵੀ ਭੱਜ ਭੱਜ ਕੰਮ ਕਰਦੀ ਫਿਰਦੀ ਐ । ਬਹੁਤ ਯਾਦ ਆ ਰਹੀ ਐ ਥੋਡੀ ਕਿਉਂਕਿ ਤੁਸੀਂ ਹੁੰਦੇ ਤਾਂ ਇਹ ਦੇਖ ਕੇ ਬੀਬੀ ਵਾਂਗੂੰ ਬਹੁਤ ਖੁਸ਼ ਹੋਣਾ ਸੀ । 

  



Related Post