ਸਤਵਿੰਦਰ ਬੁੱਗਾ ਦਾ ਅੱਜ ਹੈ ਜਨਮ ਦਿਨ, ਗਾਇਕੀ ਦੇ ਨਾਲ-ਨਾਲ ਆੜਤ ਦਾ ਕੰਮ ਵੀ ਕਰਦੇ ਰਹੇ ਹਨ ਬੁੱਗਾ
ਸਤਵਿੰਦਰ ਬੁੱਗਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਉਹ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਗਾਇਕ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਾਂਗੇ।
ਸਤਵਿੰਦਰ ਬੁੱਗਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਿਆਂ ਹੈ। ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਨੇ ਵਿੱਛੜਨ ਵਿੱਛੜਣ ਕਰਦੀ ਏਂ, ਇਸ਼ਕ ਇਸ਼ਕ ਸਣੇ ਕਈ ਹਿੱਟ ਗੀਤ ਦਿੱਤੇ ਹਨ । ਸਤਵਿੰਦਰ ਬੁੱਗਾ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ੧੯੯੮ ‘ਚ ਕੀਤੀ ਸੀ ।ਉਨ੍ਹਾਂ ਦੀ ਪਹਿਲੀ ਕੈਸੇਟ ਅਤੁਲ ਸ਼ਰਮਾ ਨੇ ਰਿਲੀਜ਼ ਕੀਤੀ ਸੀ । ਗਾਇਕੀ ਦੇ ਗੁਰ ਉਨ੍ਹਾਂ ਨੇ ਸੰਗੀਤ ਸਮਰਾਟ ਚਰਨਜੀਤ ਆਹੁਜਾ, ਅਤੁਲ ਸ਼ਰਮਾ ਅਤੇ ਸੁਰਿੰਦਰ ਬੱਚਨ ਤੋਂ ਸਿੱਖੇ ਸਨ।

ਪੈਸਿਆਂ ਪੱਖੋਂ ਸਨ ਹਾਲਾਤ ਸੁਖਾਵੇਂ
ਸਤਵਿੰਦਰ ਬੁੱਗਾ ਪੜ੍ਹਾਈ ‘ਚ ਵਧੀਆ ਸਨ ਅਤੇ ਘਰ ‘ਚ ਛੋਟੇ ਸਨ ਅਤੇ ਗਾਉਣ ਦਾ ਵੀ ਸ਼ੌਂਕ ਰੱਖਦੇ ਸਨ । ੯੦ ਦੇ ਦਹਾਕੇ ‘ਚ ਜਿੱਥੇ ਟਾਵੇਂ ਟਾਵੇਂ ਲੋਕਾਂ ‘ਚ ਮੋਟਰਸਾਈਕਲ ਅਤੇ ਕਾਰਾਂ ਹੁੰਦੀਆਂ ਸਨ ਤਾਂ ਸਤਵਿੰਦਰ ਬੁੱਗਾ ਦੇ ਘਰ ਕੰਬਾਈਨਾਂ ਸਨ । ਇਸ ਲਈ ਪੈਸੇ ਪੱਖੋਂ ਉਨ੍ਹਾਂ ਨੂੰ ਕਦੇ ਕੋਈ ਦਿੱਕਤ ਨਹੀਂ ਸੀ ਆਈ । ਉਨ੍ਹਾਂ ਦਾ ਆੜ੍ਹਤ ਦਾ ਵੀ ਕੰਮ ਸੀ ਅਤੇ ਗਾਇਕੀ ਦੇ ਨਾਲ-ਨਾਲ ਉਹ ਆੜ੍ਹਤ ਤੇ ਖੇਤੀ ਦੇ ਕੰਮਾਂ ‘ਚ ਵੀ ਹੱਥ ਵਟਾਉਂਦੇ ਰਹੇ ।ਇਸ ਲਈ ਘਰ ਵਾਲਿਆਂ ਨੇ ਉਨ੍ਹਾਂ ਨੂੰ ਗੀਤ ਗਾਉਣ ‘ਚ ਕਦੇ ਵੀ ਕੋਈ ਅੜਿੱਕਾ ਨਹੀਂ ਪਾਇਆ ।

ਵਿਵਾਦਾਂ ਨਾਲ ਨਾਤਾ
ਸਤਵਿੰਦਰ ਬੁੱਗਾ ਦੀ ਜ਼ਿੰਦਗੀ ‘ਚ ਸਭ ਕੁਝ ਠੀਕ ਰਿਹਾ । ਪਰ ਪਿਛਲੇ ਕੁਝ ਸਮੇਂ ਤੋਂ ਭਰਾ ਦੇ ਨਾਲ ਜਾਇਦਾਦ ਦੇ ਝਗੜੇ ਕਾਰਨ ਉਹ ਸੁਰਖੀਆਂ ‘ਚ ਰਹੇ ਹਨ । ਇਸੇ ਝਗੜੇ ਦੇ ਦੌਰਾਨ ਉਨ੍ਹਾਂ ਦੀ ਭਰਜਾਈ ਦਾ ਦਿਹਾਂਤ ਵੀ ਹੋ ਗਿਆ । ਜਿਸ ਦੇ ਇਲਜ਼ਾਮ ਸਤਵਿੰਦਰ ਬੁੱਗਾ ‘ਤੇ ਲੱਗੇ ਸਨ ।