ਅੱਜ ਦੇ ਪੰਜਾਬ ਦੀ ਅਸਲ ਤਸਵੀਰ ਦਿਖਾਏਗੀ ਫ਼ਿਲਮ ਸੱਗੀ ਫੁੱਲ

By  Gourav Kochhar January 16th 2018 08:54 AM

19 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫ਼ਿਲਮ ‘ਸੱਗੀ ਫੁੱਲ’ ਇਨੀਂ ਦਿਨੀਂ ਖ਼ੂਬ ਚਰਚਾ ‘ਚ ਹੈ। ਇਹ ਫ਼ਿਲਮ ਖੁਦਕੁਸ਼ੀਆਂ ਦੇ ਰਾਹ ਪਏ ਅੰਨਦਾਤੇ ਅਤੇ ਨਸ਼ਿਆਂ ਦੀ ਦਲ-ਦਲ ’ਚ ਧੱਸਦੀ ਜਾ ਰਹੀ ਅਜੋਕੀ ਨੌਜਵਾਨ ਪੀੜ੍ਹੀ ਦੀਆਂ ਦੁਸ਼ਵਾਰੀਆਂ ਨੂੰ ਬਿਆਨਦੀ ਹੈ। ਸ਼ਿਵਤਾਰ ਸ਼ਿਵ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਜਿੱਥੇ ਬਹੁ-ਮੁੱਲੀਆਂ ਮਾਨਵੀ ਕਦਰਾਂ-ਕੀਮਤਾਂ ਦੇ ਨਾਲ-ਨਾਲ ਕਿਰਤ ਸਭਿਆਚਾਰ ਦੀ ਗੱਲ ਕਰਦੀ ਹੈ, ਉਥੇ ਸਾਂਝੇ ਪਰਿਵਾਰਾਂ ’ਚ ਸਮਾਜਿਕ ਰਿਸ਼ਤਿਆਂ ਦੀ ਪੀਡੀ ਗੰਢ ਨੂੰ ਵੀ ਬਾਖੂਬੀ ਬਿਆਨਦੀ ਹੈ।

ਬਖਤਾਵਰ ਸਿੰਘ ਦੀ ਲਿਖੀ ਇਸ ਕਹਾਣੀ ਵਿੱਚ ਪਰਿਵਾਰ, ਸਮਾਜ, ਭਾਈਚਾਰਾ, ਸਭਿਆਚਾਰਕ ਸਾਂਝ ਆਦਿ ਦੇਖਣ ਨੂੰ ਮਿਲੇਗੀ। ਫ਼ਿਲਮ ਦਾ ਸੰਗੀਤ ਅਜੋਕੇ ਕੰਨ ਪਾੜਵੇਂ ਸ਼ੋਰ-ਸ਼ਰਾਬੇ ਤੋਂ ਮੁਕਤ ਰੂਹ ਨੂੰ ਸਕੂਨ ਦੇਣ ਵਾਲਾ ਹੈ । ਜਿੱਥੇ ਸਟਾਰ ਗਾਇਕਾ ਜਸਪਿੰਦਰ ਨਰੂਲਾ, ਨੂਰਾਂ ਸਿਸਟਰਜ਼, ਨਿੰਜਾ ਅਤੇ ਯਾਕੂਬ ਜਿਹੇ ਨਾਮੀ ਕਲਾਕਾਰ ਫਿਲਮ ਦੀ ਪਿੱਠ ਭੂਮੀ ’ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਫ਼ਿਲਮ ਦਾ ਸੰਗੀਤ ਦਲਜੀਤ ਸਿੰਘ ਵੱਲੋਂ ਦਿੱਤਾ ਗਿਆ ਹੈ। ਇਸ ਫਿਲਮ ’ਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਲਾਕਾਰ ਸੁਰਿੰਦਰ ਮਾਹਲ, ਅਮਿਤੋਜ਼ ਸ਼ੇਰਗਿੱਲ, ਅੰਮ੍ਰਿਤਪਾਲ, ਗੁਰਪ੍ਰੀਤ ਭੰਗੂ , ਪ੍ਰੀਤ ਸਿਮਰਨ, ਰਾਜਵਿੰਦਰ ਸਮਾਰਕਾਂ, ਨੀਟੂ ਪੰਧੇਰ, ਸੁੱਖੀ ਬੱਲ, ਰਾਜ ਧਾਲੀਵਾਲ, ਰਵਿੰਦਰ ਪਵਾਰ, ਨਵਦੀਪ ਕਲੇਰ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਰਸ਼ਕਾਂ ਦਿਲਾਂ ਤੇ ਕਿ ਛਾਪ ਛੱਡੇਗੀ ਇਹ ਤਾਂ ਹੁਣ 19 ਜਨਵਰੀ ਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।

Related Post