ਪੁਰਾਣੇ ਸਮਿਆਂ ’ਚ ਪੰਜਾਬ ਦੇ ਹਰ ਘਰ ਵਿੱਚ ਹੁੰਦੀ ਸੀ ਇਹ ਚੀਜ਼, ਬੁੱਝੋ ਤਾਂ ਜਾਣੀਏ …!

By  Rupinder Kaler May 4th 2020 03:28 PM

ਅੱਜ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਕੱਪੜੇ ਮੌਜੂਦ ਹਨ ਪਰ ਇੱਕ ਸਮਾਂ ਅਜਿਹਾ ਸੀ ਜਦੋਂ ਕੱਪੜੇ ਤਿਆਰ ਕਰਨ ਲਈ ਘਰ ਦੀਆਂ ਸੁਆਣੀਆਂ ਨੂੰ ਬਹੁਤ ਮਿਹਨਤ ਤੇ ਘਾਲਣਾ ਘਾਲਣੀ ਪੈਂਦੀ ਸੀ । ਕੱਪੜੇ ਨੂੰ ਤਿਆਰ ਕਰਨ ਤੋਂ ਪਹਿਲਾਂ ਕਪਾਹ ਨੂੰ ਵੇਲਣੇ ਰਾਹੀਂ ਪਿੰਜਿਆ ਜਾਂਦਾ ਸੀ, ਫਿਰ ਪਿੰਜੇ ਰੂੰ ਨੂੰ ਔਰਤਾਂ ਇਕੱਠੀਆਂ ਹੋ ਕੇ ਕਾਨੇ ਦੀਆਂ ਸਲਾਈਆਂ ਨਾਲ ਪੂਣੀਆਂ ਵੱਟਦੀਆਂ ਸੀ । ਇਸ ਤੋਂ ਬਾਅਦ ਇਹਨਾਂ ਪੂਣੀਆ ਨੂੰ ਕੱਤਿਆ ਜਾਂਦਾ ਸੀ ।

ਚਰਖੇ ’ਤੇ ਸੁਆਣੀਆਂ ਲੰਮੇ-ਲੰਮੇ ਤੰਦ ਪਾਉਂਦੀਆਂ ਗਲੋਟੇ ਲਾਉਂਦੀਆਂ। ਇੰਨਾ ਗਲੋਟਿਆਂ ਨੂੰ ਕੋਲ ਬੈਠੀ ਕੋਈ ਬਜ਼ੁਰਗ ਔਰਤ ਅਟੇਰਨ ਨਾਲ ਅਟੇਰਦੀ ਰਹਿੰਦੀ । ਅਟੇਰਨ ਉਹ ਸੰਦ ਹੈ ਜਿਸ ਨਾਲ ਸੂਤ ਦੇ ਗੋਲਿਆਂ ਨੂੰ ਅੱਟੀਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ । ਅਟੇਰਨ ਦਾ ਸ਼ਾਬਦਿਕ ਅਰਥ ਹੁੰਦਾ ਹੈ ਅਟਨ ਵਾਲਾ ਯੰਤਰ ਭਾਵ ਘੁੰਮਣ ਵਾਲਾ ਯੰਤਰ ।

ਸੁਆਣੀਆਂ ਅਟੇਰੇ ਹੋਏ ਸੂਤ ਨੂੰ ਆਪਣੇ ਮਨ ਪਸੰਦ ਦਾ ਰੰਗ ਦੇ ਕੇ ਰੰਗਦੀਆਂ ਜਿਸ ਤੋਂ ਦਰੀਆਂ ਖੇਸ ਟੋਟੇ, ਫੁਲਕਾਰੀਆਂ ਤੇ ਮੰਜੇ ਲਈ ਵਾਣ ਤਿਆਰ ਕੀਤਾ ਜਾਂਦਾ ਸੀ । ਪੰਜਾਬ ਦੇ ਪੁਰਾਣੇ ਲੋਕ ਆਪਣੇ ਕੱਪੜੇ ਵੀ ਸੂਤ ਤੋਂ ਘਰੇ ਬਣਾਏ ਖੱਦਰ ਨੂੰ ਰੰਗ ਕੇ ਹੀ ਸਿਲਾਈ ਕਰਕੇ ਪਾਉਂਦੇ ਸਨ । ਇਹ ਖੱਦਰ ਗਰਮੀਆਂ ਵਿੱਚ ਠੰਡਾ ਤੇ ਸਰਦੀਆਂ ਵਿੱਚ ਨਿੱਘਾ ਰਹਿੰਦਾ। ਹੁਣ ਚਰਖੇ ਦੇ ਨਾਲ ਨਾਲ ਚਰਖੇ ਦੇ ਸੂਤ ਤੋਂ ਤਿਆਰ ਕੱਪੜੇ ਵੀ ਅਲੋਪ ਹੋ ਗਏ।

Related Post