ਮੌਤ ਦੇ ਮੂੰਹ ਵਿੱਚ ਜਾਂਦੇ ਜਾਂਦੇ ਭਾਰਤ ਨੂੰ ਸੋਨੇ ਦੇ ਤਗਮੇ ਦਿਵਾ ਗਿਆ ਇਹ ਬੰਦਾ, ਜੀਵਨ 'ਤੇ ਬਣ ਰਹੀ ਹੈ ਫ਼ਿਲਮ 

By  Rupinder Kaler August 21st 2019 04:36 PM

ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਆਪਣੀ ਨਵੀਂ ਫ਼ਿਲਮ 'ਮੈਦਾਨ' ਦਾ ਐਲਾਨ ਕੀਤਾ ਹੈ ।ਇਸ ਫ਼ਿਲਮ ਦੀ ਕਹਾਣੀ ਹੋਵੇਗੀ ਭਾਰਤ ਦੇ ਸਭ ਤੋਂ ਸਫ਼ਲ ਫੁੱਟਬਾਲ ਕੋਚ ਸਈਅਦ ਅਬਦੁਲ ਰਹੀਮ ਦੀ ਜ਼ਿੰਦਗੀ ਤੇ ਅਧਾਰਿਤ ਹੋਵੇਗੀ । ਇਸ ਫ਼ਿਲਮ ਵਿੱਚ ਅਜੈ ਦੇ ਨਾਲ ਸਾਊਥ ਦੀ ਹੀਰੋਇਨ ਕੀਰਤੀ ਸੁਰੇਸ਼ ਵੀ ਨਜ਼ਰ ਆਵੇਗੀ । ਮੈਦਾਨ ਉਹਨਾਂ ਦੀ ਪਹਿਲੀ ਹਿੰਦੀ ਫ਼ਿਲਮ ਹੋਵੇਗੀ । ਇਸ ਫ਼ਿਲਮ ਨੂੰ ਡਾਇਰੈਕਟ ਅਮਿਤ ਸ਼ਰਮਾ ਕਰਨਗੇ । ਇਸ ਫ਼ਿਲਮ ਵਿੱਚ ਅਜੈ ਦੇਵਗਨ ਸਈਅਦ ਅਬਦੁਲ ਰਹੀਮ ਦਾ ਰੋਲ ਅਦਾ ਕਰਨਗੇ ਜਦੋਂ ਕਿ ਕੀਰਤੀ ਉਹਨਾਂ ਦੀ ਪਤਨੀ ਦੇ ਰੋਲ ਵਿੱਚ ਨਜ਼ਰ ਆਵੇਗੀ । ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਕੀ ਹੈ ਸਈਅਦ ਅਬਦੁਲ ਰਹੀਮ ਵਿੱਚ ਕਿ ਉਹਨਾਂ ਦੀ ਮੌਤ ਦੇ 56  ਸਾਲਾਂ ਬਾਅਦ ਉਹਨਾਂ ਦੇ ਜੀਵਨ ਤੇ ਫ਼ਿਲਮ ਬਣ ਰਹੀ ਹੈ ।

ਜੇਕਰ ਛੋਟੀ ਗੱਲ ਵਿੱਚ ਸਮਝਾਇਆ ਜਾਵੇ ਤਾਂ ਉਹਨਾਂ ਨੂੰ ਕੋਚਿੰਗ ਦਾ ਧਿਆਨ ਚੰਦ ਕਿਹਾ ਜਾਂਦਾ ਹੈ । ਧਿਆਨ ਚੰਦ ਹਾਕੀ ਦੇ ਮੈਦਾਨ ਵਿੱਚ ਕਮਾਲ ਦਿਖਾਉਂਦੇ  ਸਨ ਜਦੋਂ ਕਿ ਸਈਅਦ ਦੇ ਚੇਲੇ ਫੁੱਟਬਾਲ ਦੇ ਮੈਦਾਨ ਵਿੱਚ । 17 ਅਗਸਤ 1909 ਵਿੱਚ ਹੈਦਰਾਬਾਦ ਵਿੱਚ ਪੈਦਾ ਹੋਏ ਰਹੀਮ ਪੇਸ਼ੇ ਤੋਂ ਅਧਿਆਪਕ ਸਨ । ਪਰ ਉਹ ਲੋਕਾਂ ਨੂੰ ਇਸ ਤਰੀਕੇ ਨਾਲ ਕਿਸੇ ਕੰਮ ਲਈ ਪ੍ਰੇਰਦੇ ਸਨ ਕਿ ਉਹਨਾਂ ਦੇ ਕਹਿਣ ਤੇ ਕੋਈ ਬੰਦਾ ਜਾਨ ਵੀ ਦੇ ਸਕਦਾ ਸੀ । ਉਹਨਾਂ ਦੀ ਇਸੇ ਕਾਬਲੀਅਤ ਨੂੰ ਭਾਪਦੇ ਹੋਏ, 1943 ਵਿੱਚ ਉਹਨਾਂ ਨੂੰ ਹੈਦਰਾਬਾਦ ਸਿਟੀ ਪੁਲਿਸ ਦੀ ਫੁੱਟਬਾਲ ਟੀਮ ਦਾ ਕੋਚ ਤੇ ਸੈਕਟਰੀ ਲਗਾ ਦਿੱਤਾ ਗਿਆ ।

ਰਹੀਮ ਦੀ ਕੋਚਿੰਗ ਵਿੱਚ ਇਸ ਟੀਮ ਨੇ ਲਗਾਤਾਰ ਪੰਜ ਰੋਵਰਸ ਕੱਪ ਜਿੱਤੇ । ਇਸ ਤੋਂ ਇਲਾਵਾ ਰਹੀਮ ਦੀ ਅਗਵਾਈ ਵਿੱਚ ਟੀਮ ਨੇ ਹੋਰ ਵੀ ਕਈ ਮੈਦਾਨ ਫ਼ਤਿਹ ਕੀਤੇ । ਰਹੀਮ ਦੀ ਅਗਵਾਈ ਵਿੱਚ ਕੁਝ ਹੀ ਦਿਨਾਂ ਵਿੱਚ ਹੈਦਰਾਬਾਦ ਸਿਟੀ ਪੁਲਿਸ ਦੀ ਫੁੱਟਬਾਲ ਟੀਮ ਸਭ ਤੋਂ ਧਾਕੜ ਟੀਮ ਬਣ ਗਈ । ਇਸ ਤੋਂ ਬਾਅਦ ਰਹੀਮ ਤੇ ਇੰਡੀਅਨ ਫੁੱਟਬਾਲ ਫੈਡਰੇਸ਼ਨ ਦੀ ਨਜ਼ਰ ਰਹੀਮ ਤੇ ਪਈ । 1950 ਵਿੱਚ ਰਹੀਮ ਇੰਡੀਅਨ ਫੁੱਟਬਾਲ ਟੀਮ ਦੇ ਕੋਚ ਤੇ ਮੈਨੇਜਰ ਬਣ ਗਏ । 1951  ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਰਹੀਮ ਦੀ ਅਗਵਾਈ ਵਿੱਚ ਭਾਰਤ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ, ਪਰ ਓਲੰਪਿਕ ਵਿੱਚ ਇਹ ਟੀਮ ਹਾਰ ਗਈ ।

1956 ਵਿੱਚ ਆਸਟ੍ਰੇਲੀਆ ਵਿੱਚ ਹੋਏ ਓਲੰਪਿਕ ਵਿੱਚ ਭਾਰਤ ਦੀ ਫੁੱਟਬਾਲ ਟੀਮ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ । ਭਾਰਤ ਨੇ ਇਸ ਨਾਕ ਆਊਟ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ । ਭਾਰਤ ਦੀ ਟੀਮ ਭਾਵੇਂ ਸੈਮੀਫਾਈਨਲ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਸੀ ਪਰ ਇਹ ਗੱਲ ਆਪਣੇ ਆਪ ਵਿੱਚ ਇਤਿਹਾਸ ਹੈ ਕਿ ਓਲੰਪਿਕ ਦੇ ਮੈਦਾਨ ਵਿੱਚ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਸਿਰਫ਼ ਇਹੀ ਇੱਕ ਟੀਮ ਸੀ । ਮੈਲਬੋਰਨ ਓਲੰਪਿਕ ਤੋਂ ਬਾਅਦ ਰਹੀਮ ਦੀ ਤਬੀਅਤ ਵਿਗੜਨ ਲੱਗ ਗਈ ਸੀ, ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਕੈਂਸਰ ਹੈ ।

ਇਸ ਸਭ ਦੇ ਚਲਦੇ ਜਕਾਰਤਾ ਵਿੱਚ 1962  ਵਿੱਚ ਏਸ਼ੀਅਨ ਖੇਡਾਂ ਹੋਣ ਜਾ ਰਹੀਆਂ ਸਨ । ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ, ਰਹੀਮ ਨੇ ਇੱਕ ਵਾਰ ਫਿਰ ਆਪਣੀ ਟੀਮ ਇੱਕਠੀ ਕੀਤੀ । ਰਹੀਮ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਸੀ ਪਰ ਉਹਨਾਂ ਨੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਰ ਤਿਆਰੀ ਕਰ ਲਈ ਸੀ । ਮੈਦਾਨ ਵਿੱਚ ਉਤਰਦੇ ਹੀ ਇਸ ਟੀਮ ਨੇ ਸਾਊਥ ਵੀਅਤਨਾਮ ਨੂੰ ਹਰਾਕੇ ਦੂਸਰੀ ਵਾਰ ਏਸ਼ੀਅਨ ਖੇਡਾਂ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ ।

ਇਸ ਟੀਮ ਦਾ ਫਾਈਨਲ ਮੈਚ  ਸਾਊਥ ਕੋਰੀਆ ਨਾਲ ਹੋਣਾ ਸੀ । ਭਾਰਤੀ ਟੀਮ ਦੇ ਕਈ ਖਿਡਾਰੀ ਹੁਣ ਤੱਕ ਜ਼ਖਮੀ ਹੋ ਗਏ ਸਨ ਤੇ ਰਹੀਮ ਦੀ ਵੀ ਤਬੀਅਤ ਕਾਫੀ ਵਿਗੜ ਗਈ ਸੀ । ਇਸ ਦੇ ਬਾਵਜੂਦ ਭਾਰਤੀ ਟੀਮ ਨੇ ਸਾਊਥ ਕੋਰੀਆ ਨੂੰ 2-1 ਦੇ ਫਰਕ ਨਾਲ ਹਰਾ ਦਿੱਤਾ ਸੀ । ਇਹ ਦੂਜਾ ਮੌਕਾ ਸੀ ਜਦੋਂ ਏਸ਼ੀਅਨ ਖੇਡਾਂ ਵਿੱਚ ਰਹੀਮ ਦੀ ਅਗਵਾਈ ਵਿੱਚ ਭਾਰਤੀ ਫੁੱਟਬਾਲ ਟੀਮ ਨੇ ਸੋਨੇ ਦਾ ਮੈਡਲ ਹਾਸਲ ਕੀਤਾ ਸੀ । ਇਸ ਜਿੱਤ ਤੋਂ 7 ਮਹੀਨੇ ਬਆਦ ਰਹੀਮ 1963 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ।

Related Post