ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਦਾਕਾਰ ਅਸਰਾਨੀ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

By  Rupinder Kaler January 1st 2020 03:05 PM

ਕਮੇਡੀਅਨ, ਅਦਾਕਾਰ ਤੇ ਨਿਰਦੇਸ਼ਕ ਅਸਰਾਨੀ ਦਾ 1 ਜਨਵਰੀ ਨੂੰ ਜਨਮ ਦਿਨ ਹੁੰਦਾ ਹੈ । ਉਹਨਾਂ ਦਾ ਜਨਮ 1 ਜਨਵਰੀ 1941 ਨੂੰ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ ਸੀ । ਉਹਨਾਂ ਨੇ ਅਦਾਕਾਰੀ ਫ਼ਿਲਮ ਤੇ ਟੈਲੀਵਿਜ਼ਨ ਇਨਸੀਚਿਊਟ ਆਫ਼ ਇੰਡੀਆ ਤੋਂ ਸਿੱਖੀ ਸੀ । ਉਹਨਾਂ ਦਾ ਪੂਰਾ ਨਾਂਅ ਗੋਵਰਧਨ ਅਸਰਾਨੀ ਹੈ । ਇਸ ਆਰਟੀਕਲ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਅਸਰਾਨੀ ਨੂੰ ਫ਼ਿਲਮਾਂ ਦਾ ਸ਼ੌਂਕ ਬਚਪਨ ਤੋਂ ਹੀ ਸੀ । ਉਹ ਅਕਸਰ ਸਕੂਲ ਵਿੱਚੋਂ ਭੱਜ ਕੇ ਸਿਨੇਮਾ ਦੇਖਣ ਜਾਂਦੇ ਸਨ ।

ਇਹ ਗੱਲ ਉਹਨਾਂ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ, ਜਿਸ ਕਰਕੇ ਉਹਨਾਂ ’ਤੇ ਸਿਨੇਮਾ ਦੇਖਣ ਤੇ ਪਾਬੰਦੀ ਵੀ ਲਗਾ ਦਿੱਤੀ ਗਈ ਸੀ । ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਅਸਰਾਨੀ ਸਰਕਾਰੀ ਨੌਕਰੀ ਕਰੇ, ਪਰ ਉਹਨਾਂ ਦਾ ਫ਼ਿਲਮਾਂ ਪ੍ਰਤੀ ਸ਼ੌਂਕ ਹੋਰ ਵੱਧਦਾ ਗਿਆ ਤੇ ਇੱਕ ਦਿਨ ਉਹ ਬਿਨ੍ਹਾਂ ਕਿਸੇ ਨੂੰ ਦੱਸੇ ਘਰੋਂ ਭੱਜ ਕੇ ਮੁੰਬਈ ਆ ਗਏ । ਮੁੰਬਈ ਆਉਣ ਤੋਂ ਬਾਅਦ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਪਰ ਕੋਈ ਸਫਲਤਾ ਨਹੀਂ ਮਿਲੀ ।

ਫਿਰ ਉਹਨਾਂ ਨੇ ਫ਼ਿਲਮਾਂ ਵਿੱਚ ਐਂਟਰੀ ਪਾਉਣ ਲਈ ਐਕਟਿੰਗ ਕੋਰਸ ਵਿੱਚ ਦਾਖਲਾ ਲੈ ਲਿਆ । ਇਸ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਵਿੱਚ ਛੋਟੇ ਮੋਟੇ ਕਿਰਦਾਰ ਮਿਲਣ ਲੱਗੇ । ਪਰ ਉਹਨਾਂ ਨੂੰ ਪਹਿਚਾਣ ਮਿਲੀ ਫ਼ਿਲਮ ਸੀਮਾ ਦੇ ਇੱਕ ਗਾਣੇ ਕਰਕੇ । ਇਸ ਗਾਣੇ ਵਿੱਚ ਜਦੋਂ ਅਸਰਾਨੀ ਨੂੰ ਉਹਨਾਂ ਦੇ ਘਰ ਵਾਲਿਆਂ ਨੇ ਦੇਖਿਆ ਤਾਂ ਉਹ ਮੁੰਬਈ ਆ ਕੇ ਅਸਰਾਨੀ ਨੂੰ ਧੱਕੇ ਨਾਲ ਆਪਣੇ ਨਾਲ ਗੁਰਦਾਸਪੁਰ ਲੈ ਆਏ ।

ਪਰ ਘਰਵਾਲਿਆਂ ਤੋਂ ਖਹਿੜਾ ਛੁਡਾ ਕੇ ਉਹ ਇੱਕ ਵਾਰ ਫਿਰ ਮੁੰਬਈ ਆ ਗਏ । ਫ਼ਿਲਮਾਂ ਵਿੱਚ ਸਫਲਤਾ ਨਾ ਮਿਲਦੀ ਦੇਖ ਉਹ ਐੱਫ ਟੀ ਆਈ ਆਈ ਵਿੱਚ ਅਧਿਆਪਕ ਬਣ ਗਏ । ਇਸ ਦੌਰਾਨ ਉਹਨਾਂ ਦਾ ਸੰਪਰਕ ਕਈ ਵੱਡੇ ਫ਼ਿਲਮ ਨਿਰਮਾਤਾਵਾਂ ਨਾਲ ਹੋਇਆ । ਇਸ ਸਭ ਦੇ ਚਲਦੇ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਪਰ 1971 ਵਿੱਚ ਆਈ ਫ਼ਿਲਮ ਗੁੱਡੀ ਨਾਲ ਉਹਨਾਂ ਨੂੰ ਬਾਲੀਵੁੱਡ ਵਿੱਚ ਪਹਿਚਾਣ ਮਿਲ ਗਈ, ਤੇ ਇਸ ਦੇ ਨਾਲ ਹੀ ਉਹਨਾਂ ਤੇ ਕਮੇਡੀਅਨ ਹੋਣ ਦਾ ਠੱਪਾ ਵੀ ਲੱਗ ਗਿਆ । ਇਸ ਤੋਂ ਬਾਅਦ ਅਸਰਾਸੀ ਦਾ ਫ਼ਿਲਮਾਂ ਵਿੱਚ ਅੱਜ ਵੀ ਸਿੱਕਾ ਚੱਲ ਰਿਹਾ ਹੈ ।

Related Post