ਗਾਇਕ ਬਲਕਾਰ ਸਿੱਧੂ ਦਾ ਹੈ ਅੱਜ ਜਨਮ ਦਿਨ, ਇਸ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਮਿਲੀ ਸੀ ਪਹਿਚਾਣ

By  Rupinder Kaler October 10th 2019 10:56 AM

ਪੰਜਾਬ ਦੀ ਬੁਲੰਦ ਆਵਾਜ਼ ਯਾਨੀ ਬਲਕਾਰ ਸਿੱਧੂ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਪੰਜਾਬ ਦੇ ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲੇ ਦੇ ਪਿੰਡ ਪੂਹਲਾ ਵਿੱਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10ਅਕਤੂਬਰ 1973 ਨੂੰ ਹੋਇਆ ਸੀ । ਬਲਕਾਰ ਸਿੱਧੂ ਦੀ ਗਾਇਕੀ ਦੀ ਸ਼ੁਰੂਆਤ ਕਾਲਜ ਦੇ ਦਿਨਾਂ ਵਿੱਚ ਹੀ ਹੋ ਗਈ ਸੀ । ਬਲਕਾਰ ਸਿੱਧੂ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ ਵਿਚੋਂ ਹੀ ਮਿਲੀ ਹੈ, ਕਿਉਂਕਿ ਬਲਕਾਰ ਸਿੱਧੂ ਦੇ ਚਾਚਾ ਗੁਰਬਖਸ਼ ਸਿੰਘ ਰੰਗੀਲਾ ਇੱਕ ਮਸ਼ਹੂਰ ਢਾਡੀ ਹਨ ।

ਉਨਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਲੋਕ ਕਲਾਵਾਂ ਦਾ ਜ਼ਿਕਰ ਕਰਦੇ ਹੋਏ ਫੁਲਕਾਰੀ, ਚਰਖੇ ਦੀ ਗੱਲ ਕਰਕੇ ਸਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਵਿਗਸਣ ਦਾ ਮੌਕਾ ਦਿੱਤਾ ਉਥੇ ਪੰਜਾਬ ਦੀਆਂ ਹਵਾਵਾਂ ‘ਚ ਰਚੇ ਵਸੇ ਪਿਆਰ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ।ਵਿਆਹ ਦੇ ਗੀਤ ਹੋਣ ਜਾਂ ਫਿਰ ਲੋਕ ਮੇਲਿਆਂ ਦੀ ਗੱਲ ਹੋਵੇ ਇਸ ਗਾਇਕ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਇੱਕ ਸੁਨੇਹਾ ਦਿੱਤਾ ਹੈ ।ਇਹੀ ਕਾਰਨ ਹੈ ਕਿ ਮਾਂਝੇ ,ਮਾਲਵੇ ਅਤੇ ਦੁਆਬੇ ਦੀ ਗੱਲ ਕਰਨ ਵਾਲੇ ਇਸ ਗਾਇਕ ਨੇ ਹਮੇਸ਼ਾ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ ।

ਪਰ ਜਿਸ ਗੀਤ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿਵਾਈ ਉਹ ਸੀ ‘ਮਾਝੇ ਦੀਏ ਮੋਮਬੱਤੀਏ’ ਜੋ ਉਨ੍ਹਾਂ ਨੂੰ ਖੁਦ ਵੀ ਬਹੁਤ ਪਸੰਦ ਹੈ ।ਕਰੀਬ ਇੱਕ ਦਹਾਕਾ ਪਹਿਲਾਂ ਇਹ ਗੀਤ ਰਿਲੀਜ਼ ਹੋਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ‘ਦੌਲਤਾਂ ਵੀ ਮਿਲ ਗਈਆਂ ਸ਼ੌਹਰਤਾਂ ਵੀ ਮਿਲ ਗਈਆਂ’ ਵਾਲਾ ਗੀਤ ਹੋਵੇ ਜਾਂ ਫਿਰ ‘ਮੇਰੇ ਸਾਹਾਂ ਵਿੱਚ ਤੇਰੀ ਖੁਸ਼ਬੂ ਚੰਨ ਵੇ ,ਚੰਨ ਵੇ’ ਇਨਾਂ ਸਭ ਲੋਕ ਗੀਤਾਂ ਨੇ ਪੰਜਾਬੀ ਗਾਇਕੀ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।

ਜਿੱਥੇ ਇਸ ਫਨਕਾਰ ਨੇ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਉੱਥੇ ਇਸ ਗਾਇਕ ਨੇ ਹੁਣ ਅਦਾਕਾਰੀ ਦੇ ਖੇਤਰ ਵਿੱਚ ਵੀ ਕਦਮ ਰੱਖਿਆ । ‘ਦੇਸੀ ਮੁੰਡੇ’ ਫਿਲਮ ਰਾਹੀਂ ਉਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ ।ਇਸ ਫਿਲਮ ਨੂੰ ਗੁਰਪ੍ਰੀਤ ਕੌਰ ਨੇ ਪ੍ਰੋਡਿਊਸ ਕੀਤਾ ਹੈ । ਆਪਣੀ ਇਸ ਪਹਿਲੀ ਪੰਜਾਬੀ ਫਿਲਮ ਨਾਲ ਉਨ੍ਹਾਂ ਨੇ ਗਾਇਕੀ ਤੋਂ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ।

ਮੇਰੀ ਖੰਡ ਮਿਸ਼ਰੀ ,ਫੁਲਕਾਰੀ ,ਚੁਬਾਰੇ ਵਾਲੀ ਬਾਰੀ ,ਲੌਂਗ ਤਵੀਤੜੀਆਂ,ਚਰਖੇ ,ਮਹਿੰਦੀ ਦੋ ਗੱਲਾਂ ਕਰੀਏ ਅਜਿਹੇ ਗੀਤ ਹਨ ਜੋ ਸਰੋਤਿਆਂ ‘ਚ ਕਾਫੀ ਮਕਬੂਲ ਹਨ । ਉਨ੍ਹਾਂ ਨੇ ਕੁਝ ਸੈਡ ਸੌਂਗ ਵੀ ਗਾਏ ਹਨ । ਜਿਨ੍ਹਾਂ ‘ਚ ਮਾਏ ਤੇਰਾ ਪੁੱਤ ਲਾਡਲਾ ,ਗਮ ਮੈਨੂੰ ਖਾ ਗਿਆ ਸਣੇ ਹੋਰ ਕਈ ਗੀਤ ਉਨ੍ਹਾਂ ਸਰੋਤਿਆਂ ਦੀ ਝੋਲੀ ‘ਚ ਪਾਏ ਹਨ ।ਹੁਣ ਸਰੋਤੇ ਉਨ੍ਹਾਂ ਦੇ ਨਵੇਂ ਗੀਤਾਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਬਲਕਾਰ ਸਿੱਧੂ ਆਪਣਾ ਨਵਾਂ ਗੀਤ ਲੈ ਕੇ ਆਉਣਗੇ ।

Related Post