ਇਸ ਗਾਇਕ ਦੇ ਗਾਣਿਆਂ ’ਚ ਅਕਸਰ ਭੰਗੜਾ ਪਾਉਂਦੇ ਹੁੰਦੇ ਸਨ ਅਮਰਿੰਦਰ ਗਿੱਲ, ਇਸ ਤਰ੍ਹਾਂ ਪਿਆ ਗਾਇਕੀ ਦਾ ਸ਼ੌਂਕ

By  Rupinder Kaler May 11th 2020 02:50 PM

ਅਮਰਿੰਦਰ ਗਿੱਲ ਉਹ ਗਾਇਕ ਹਨ, ਜਿੰਨ੍ਹਾਂ ਦੇ ਗਾਣਿਆਂ ਵਿੱਚ ਹਥਿਆਰਾਂ ਦੀ ਥਾਂ ਤੇ ਪਿਆਰ ਦੀ ਗੱਲ ਹੁੰਦੀ ਹੈ । ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਖੇਤੀਬਾੜੀ ਵਿੱਚ ਡਿਗਰੀ ਕਰਨ ਵਾਲਾ ਅਮਰਿੰਦਰ ਗਿੱਲ ਕਾਲਜ ਵਿੱਚ ਭੰਗੜੇ ਦਾ ਸ਼ੁਕੀਨ ਸੀ । ਇਸੇ ਲਈ ਉਹ ਅਕਸਰ ਸਰਬਜੀਤ ਚੀਮਾ ਦੇ ਗਾਣਿਆਂ ਵਿੱਚ ਭੰਗੜਾ ਪਾਉਂਦੇ ਹੁੰਦੇ ਸਨ, ਇੱਥੋਂ ਹੀ ਉਹਨਾਂ ਨੂੰ ਗਾਉਣ ਦਾ ਸ਼ੌਂਕ ਹੋ ਗਿਆ । ਅਮਰਿੰਦਰ ਗਿੱਲ ਦੀ ਪਹਿਲੀ ਕੈਸੇਟ 2000 ਵਿੱਚ ਆਈ, ਪਰ ਇਹ ਕੁਝ ਕਮਾਲ ਨਾ ਕਰ ਸਕੀ ।

ਅਮਰਿੰਦਰ ਗਿੱਲ ਆਪਣੀ ਗਾਇਕੀ ਦੇ ਨਾਲ ਨਾਲ ਫ਼ਿਰੋਜ਼ਪੁਰ ਦੇ ਇੱਕ ਬੈਂਕ ਵਿੱਚ ਨੌਕਰੀ ਵੀ ਕਰਦੇ ਰਹੇ । ਇਸੇ ਦੌਰਾਨ ਉਹਨਾਂ ਨੂੰ ਦੂਰਦਰਸ਼ਨ ਦੇ ਪ੍ਰੋਗਰਾਮ ‘ਕਾਲਾ ਡੋਰੀਆ’ ਵਿੱਚ ਗਾਉਣ ਦਾ ਮੌਕਾ ਮਿਲਿਆ, ਜੋ ਗਾਣਾ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਗਾਇਆ ਉਹ ਲੋਕਾਂ ਨੇ ਕਾਫੀ ਪਸੰਦ ਕੀਤਾ ।2001 ਵਿੱਚ ਅਮਰਿੰਦਰ ਦੀ ਦੂਜੀ ਐਲਬਮ ‘ਚੰਨ ਦਾ ਟੁਕੜਾ’ ਆਈ ਜਿਸ ਦਾ ਗਾਣਾ ‘ਮਧਾਣੀਆਂ’ ਪੰਜਾਬੀ ਸਰੋਤਿਆਂ ਨੂੰ ਬਹੁਤ ਪਸੰਦ ਆਇਆ ।

2002 ਵਿੱਚ ਅਮਰਿੰਦਰ ਦੀ ਇੱਕ ਹੋਰ ਕੈਸੇਟ ‘ਇੱਕ ਵਾਅਦਾ’ ਆਈ ਜਿਸ ਦਾ ਗਾਣਾ ‘ਜੇ ਮਿਲੇ ਓ ਕੁੜੀ’ ਕਾਫੀ ਹਿੱਟ ਹੋਇਆ, ਇਸ ਗਾਣੇ ਨਾਲ ਅਮਰਿੰਦਰ ਗਿੱਲ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣ ਗਈ ।

ਪਰ ਦਿਲਦਾਰੀਆ ਐਲਬਮ ਨੇ ਅਮਰਿੰਦਰ ਗਿੱਲ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾਈ । ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੰਦੇ ਆ ਰਹੇ ਹਨ । ਅਮਰਿੰਦਰ ਗਿੱਲ 11 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਉਹਨਾਂ ਨੂੰ ਆਪਣੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ ।

Related Post