ਪੰਜਾਬ ਦੇ ਇਸ ਅਦਾਕਾਰ ਕਰਕੇ ਕਾਲਾ ਕੋਟ ਪਾਉਣ ’ਤੇ ਪਾਬੰਦੀ ਲੱਗ ਗਈ ਸੀ, ਬਰਸੀ ’ਤੇ ਜਾਣੋਂ ਪੂਰੀ ਕਹਾਣੀ

By  Rupinder Kaler December 3rd 2019 12:10 PM -- Updated: December 3rd 2019 12:11 PM

ਦੇਵ ਆਨੰਦ ਨੂੰ ਉਹਨਾਂ ਦੇ ਜ਼ਮਾਨੇ ਦੇ ਸੁਪਰ ਸਟਾਰ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।ਉਹ ਇੱਕ ਕਲਾਕਾਰ ਨਹੀਂ ਬਲਕਿ ਸਟਾਰ ਸਨ । ਤਿੰਨ ਦਸੰਬਰ ਨੂੰ ਦੇਵ ਆਨੰਦ ਦੀ ਬਰਸੀ ਹੁੰਦੀ ਹੈ । ਇਸ ਮੌਕੇ ਤੇ ਇੱਕ ਨਜ਼ਰ ਪਾਉਂਦੇ ਹਾਂ ਉਹਨਾਂ ਦੀ ਜ਼ਿੰਦਗੀ ਤੇ । ਦੇਵ ਆਨੰਦ ਇੱਕ ਅਦਾਕਾਰ ਸਨ, ਨਿਰਦੇਸ਼ਕ ਸਨ, ਨਿਰਮਾਤਾ ਸਨ ਇੱਥੋਂ ਤੱਕ ਕਿ ਸੰਗੀਤ ਦੀ ਸਮਝ ਵੀ ਰੱਖਦੇ ਸਨ । ਬਤੌਰ ਹੀਰੋ ਉਹਨਾਂ ਦੀ ਪਹਿਲੀ ਫ਼ਿਲਮ 1946 ਵਿੱਚ ਆਈ ਸੀ ਜਿਸ ਦਾ ਨਾਂਅ ਸੀ ‘ਹਮ ਏਕ ਹੈ’ । ਦੇਵ ਆਨੰਦ ਦੀ ਅਦਾਕਾਰੀ ਨੇ ਉਹਨਾਂ ਨੂੰ ਅਦਾਕਾਰਾਂ ਦੀ ਭੀੜ ਤੋਂ ਹਮੇਸ਼ਾ ਵੱਖ ਰੱਖਿਆ ।

ਉਹਨਾਂ ਦੇ ਦੌਰ ਵਿੱਚ ਗਰਦਨ ਝੁਕਾ ਕੇ ਗੱਲ ਕਰਨ ਦਾ ਉਹਨਾਂ ਦਾ ਸਟਾਈਲ ਬਹੁਤ ਹੀ ਮਸ਼ਹੂਰ ਹੋਇਆ ਸੀ । ਕਾਲੀ ਪੈਂਟ ਸ਼ਰਟ ਵਾਲਾ ਲਿਬਾਸ ਕੁੜੀਆਂ ਨੂੰ ਬੇਹੋਸ਼ ਕਰ ਦਿੰਦਾ ਸੀ । ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਦੇਖ ਕੇ ਚਿੱਟੇ ਰੰਗ ਦੀ ਸ਼ਰਟ ਤੇ ਕਾਲਾ ਕੋਟ ਪਾਉਣ ਦਾ ਉਹਨਾਂ ਦਾ ਸਟਾਈਲ ਬਹੁਤ ਮਸ਼ਹੂਰ ਹੋਇਆ ਸੀ । ਜਿਸ ਕਰਕੇ ਕੁਝ ਥਾਵਾਂ ਤੇ ਕਾਲਾ ਕੋਟ ਪਾਉਣ ਤੇ ਪਾਬੰਦੀ ਵੀ ਲੱਗ ਗਈ ਸੀ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਦੇਵ ਆਨੰਦ ਦਾ ਜਨਮ 26 ਸਤੰਬਰ 1923 ਨੂੰ ਹੋਇਆ ਸੀ । ਉਹਨਾਂ ਦਾ ਅਸਲੀ ਨਾਂਅ ਧਰਮਦੇਵ ਪਿਸ਼ੋਰੀਮਲ ਆਨੰਦ ਸੀ, ਪਰ ਉਹਨਾਂ ਨੂੰ ਬਾਲੀਵੁੱਡ ਵਿੱਚ ਦੇਵ ਆਨੰਦ ਦੇ ਤੌਰ ਤੇ ਹੀ ਜਾਣਿਆ ਜਾਂਦਾ ਹੈ ।

ਉਹਨਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ।ਦੇਵ ਦੇ ਘਰ ਵਾਲੇ ਉਹਨਾਂ ਨੂੰ ਚੀਰੂ ਕਹਿ ਕੇ ਬੁਲਾਉਂਦੇ ਸਨ । ਦੇਵ ਆਨੰਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ 85 ਰੁਪਏ ਤਨਖਾਹ ਦੇ ਨਾਲ ਅਕਾਊਂਟੈਟ ਦੇ ਤੌਰ ਤੇ ਕੀਤੀ ਸੀ । ਉਹਨਾਂ ਦੀ ਪਹਿਲੀ ਫ਼ਿਲਮ ਹਮ ਏਕ ਹੈ 1946 ਵਿੱਚ ਰਿਲੀਜ਼ ਹੋਈ ਸੀ । 1949 ਵਿੱਚ ਦੇਵ ਆਨੰਦ ਨੇ ਨਵਕੇਤਨ ਫ਼ਿਲਮਸ ਦੇ ਬੈਨਰ ਹੇਠ ਆਪਣੀ ਪ੍ਰੋਡਕਸ਼ਨ ਕੰਪਨੀ ਖੋਲੀ ਸੀ ।

ਉਹਨਾਂ ਨੇ ਹੀ ਗੁਰੂ ਦੱਤ ਨੂੰ ਫ਼ਿਲਮਾਂ ਵਿੱਚ ਪਹਿਲਾ ਬਰੇਕ ਦਿੱਤਾ ਸੀ । ਦੇਵ ਆਨੰਦ ਦਾ ਪਹਿਲਾ ਪਿਆਰ ਸੁਰੈਯਾ ਸੀ । ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਸੁਰੈਯਾ ਪਾਣੀ ਵਿੱਚ ਡੁੱਬ ਰਹੀ ਸੀ ਦੇਵ ਆਨੰਦ ਨੇ ਆਪਣੀ ਜਾਨ ਤੇ ਖੇਡ ਕੇ ਉਹਨਾਂ ਨੂੰ ਬਚਾਇਆ ਸੀ ਇੱਥੋਂ ਹੀ ਉਹਨਾਂ ਦੇ ਪ੍ਰੇਮ ਕਹਾਣੀ ਸ਼ੁਰੂ ਹੋਈ। ਫ਼ਿਲਮ ਟੈਕਸੀ ਡਰਾਈਵਰ ਦੀ ਸ਼ੂਟਿੰਗ ਦੌਰਾਨ ਦੇਵ ਸਾਹਿਬ ਆਪਣੀ ਨਵੀਂ ਹੀਰੋਇਨ ਕਲਪਨਾ ਕਾਰਤਿਕ ਦੇ ਪਿਆਰ ਵਿੱਚ ਪੈ ਗਏ ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਲੰਚ ਬਰੇਕ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ । ਕਲਪਨਾ ਆਖਰੀ ਦਮ ਤੱਕ ਦੇਵ ਆਨੰਦ ਦੀ ਪਤਨੀ ਰਹੀ ।

Related Post