ਚਿੱਠੀ ਵਿਚ ਲੁੱਕੇ ਹੋਏ ਪਿਆਰ ਤੇ ਭਾਵਨਾ ਦੀ ਕੀਮਤ ਨੂੰ ਬਿਆਨ ਕਰਦਾ ਹੈ ਸੂਬੇਦਾਰ ਜੋਗਿੰਦਰ ਸਿੰਘ ਦਾ ਇਹ ਗੀਤ

By  Gourav Kochhar March 17th 2018 06:33 AM

ਪਰਮਵੀਰ ਚੱਕਰ ਜੇਤੂ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ 'ਤੇ ਬਣੀ ਫਿਲਮ ਆਪਣੀ ਸ਼ੈਲੀ, ਕੰਸੈਪਟ ਅਤੇ ਗਿੱਪੀ ਗਰੇਵਾਲ ਸਮੇਤ ਪੰਜਾਬ ਦੇ ਸਾਰੇ ਵੱਡੇ ਕਲਾਕਾਰਾਂ ਨੂੰ ਇਕੋ ਮੰਚ 'ਤੇ ਇਕੱਠਿਆਂ ਦਿਖਾਉਣ ਦੀ ਵਜ੍ਹਾ ਕਾਰਨ ਹੈਰਾਨੀਜਨਕ ਤਰੀਕੇ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।

ਇਕ ਵਾਰ ਫਿਰ ਡਿਜੀਟਲ ਜਗਤ ਵਿਚ ਇਹ ਫਿਲਮ ਇਕ ਨਵਾਂ ਤੋਹਫ਼ਾ ਲੈ ਕੇ ਆਈ ਹੈ। ਅੱਜ ਫਿਲਮ ਦਾ ਪਹਿਲਾ ਗੀਤ 'ਗੱਲ ਦਿਲ ਦੀ Gal Dil Di' ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਗਿੱਪੀ ਗਰੇਵਾਲ Gippy Grewal, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਸ਼ਰਨ ਮਾਨ ਆਦਿ 'ਤੇ ਫਿਲਮਾਇਆ ਗਿਆ ਹੈ।

ਇਸ ਗੀਤ ਨੂੰ ਕਿਸੇ ਹੋਰ ਨੇ ਨਹੀਂ, ਬਲਕਿ ਕੁਲਵਿੰਦਰ ਬਿੱਲਾ Kulwinder Billa ਨੇ ਆਪ ਲਿਖਿਆ ਹੈ, ਜੋ ਇਸ ਫਿਲਮ ਨਾਲ ਅਦਾਕਾਰੀ ਦੇ ਖੇਤਰ ਵਿਚ ਇਕ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੇ ਹਨ। 'ਗੱਲ ਦਿਲ ਦੀ' ਗੀਤ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਇਕ ਸੰਗ੍ਰਹਿ ਹੈ। ਇਹ ਗੀਤ ਦਿਲ ਨੂੰ ਗਹਿਰਾਈ ਤਕ ਛੂਹ ਜਾਂਦਾ ਹੈ। ਇਹ ਬਹੁਤ ਨਾਜ਼ੁਕ ਅਤੇ ਭਾਵਨਾਤਮਕ ਰੂਪ ਨਾਲ ਸਰਹੱਦ 'ਤੇ ਤਾਇਨਾਤ ਫੌਜੀਆਂ ਦੀ ਜ਼ਿੰਦਗੀ ਨੂੰ ਪੇਸ਼ ਕਰਦਾ ਹੈ।

ਸਾਡੇ ਜਵਾਨ ਜੋ ਆਪਣੀ ਧਰਤੀ ਮਾਂ ਦੀ ਰੱਖਿਆ ਲਈ ਘਰ ਤੋਂ ਦੂਰ ਰਹਿੰਦੇ ਹਨ, ਯਕੀਨੀ ਤੌਰ 'ਤੇ ਉਹ ਆਪਣੇ ਪਿੱਛੇ ਘਰ ਬੈਠੇ ਪਰਿਵਾਰ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਬੇਹੱਦ ਪਿਆਰ ਕਰਦੇ ਹਨ। ਇਸ ਲਈ ਇਹ ਗੀਤ ਫੌਜੀਆਂ ਦੇ ਇਕ ਜਸ਼ਨ ਦੇ ਰੂਪ ਵਿਚ ਦਰਸ਼ਾਇਆ ਗਿਆ ਹੈ, ਜਦੋਂ ਉਹ ਘਰਵਾਲਿਆਂ ਨੂੰ ਯਾਦ ਕਰਕੇ ਹੱਸਦੇ-ਖੇਡਦੇ ਹਨ। ਇਸ ਫਿਲਮ ਦਾ ਸੰਗੀਤ 'ਸਾਗਾ ਮਿਊਜ਼ਿਕ' ਵਲੋਂ ਰਿਲੀਜ਼ ਕੀਤਾ ਜਾਵੇਗਾ। ਅਸੀਂ ਇਸ ਧਮਾਕੇਦਾਰ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੇ ਗਾਣਿਆਂ ਨੂੰ ਸੁਣਨ ਲਈ ਬੇਤਾਬ ਹਾਂ, ਜੋ ਕਿ 6 ਅਪ੍ਰੈਲ, 2018 ਨੂੰ ਪੂਰੀ ਦੁਨੀਆ ਵਿਚ ਰਿਲੀਜ਼ ਹੋਣ ਜਾ ਰਹੀ ਹੈ।

Watch Gal Dil Di Song Of Subedar Joginder Singh Punjabi Movie:

Related Post