ਹਰਭਜਨ ਮਾਨ ਨੇ ਸਾਂਝੀ ਕੀਤੀ ਪੁਰਾਣੀ ਯਾਦ, ਦੱਸਿਆ ਨਾਨਕੇ ਜਾਣ ਦਾ ਹੁੰਦਾ ਸੀ ਕਿੰਨਾ ਚਾਅ

By  Rupinder Kaler June 25th 2020 04:01 PM

ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਹਨ ਜਿਹੜੇ ਆਪਣੇ ਪਿਛੋਕੜ ਨਾਲ ਜੁੜੇ ਹੋਏ ਹਨ, ਤੇ ਇਸ ਸਭ ਦੀ ਝਲਕ ਉਹਨਾਂ ਦੇ ਗੀਤਾਂ ਵਿੱਚ ਵੀ ਦਿਖਾਈ ਦਿੰਦੀ ਹੈ । ਹਰਭਜਨ ਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਤਸਵੀਰ ਸਾਂਝੀ ਕਰਕੇ ਆਪਣੇ ਨਾਨਕਿਆਂ ਬਾਰੇ ਦੱਸਿਆ ਹੈ । ਇਸ ਤਸਵੀਰ ਵਿੱਚ ਹਰਭਜਨ ਮਾਨ ਦੇ ਤਿੰਨ ਮਾਮੇ ਨਜ਼ਰ ਆ ਰਹੇ ਹਨ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ ‘ਨਾਨਕਿਆਂ ਨਾਲ ਕੀਹਦਾ ਮੋਹ ਨਹੀਂ ਹੁੰਦਾ? ਅੱਜ ਦਾ ਤਾਂ ਪਤਾ ਨਹੀਂ ਪਰ ਮੇਰੇ ਬਚਪਨ ਦੇ ਦਿਨਾਂ ਵਿੱਚ ਜਦੋਂ ਮੈਨੂੰ ਪਤਾ ਲਗਦਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਭਗਤਾ ਭਾਈ ਕਾ ਵਿਖੇ ਨਾਨਕੇ ਜਾਣਾ ਹੈ ਤਾਂ ਜਿਹੜੀ ਖ਼ੁਸ਼ੀ ਤੇ ਜਿਹੜਾ ਚਾਅ ਮਹਿਸੂਸ ਹੁੰਦਾ ਸੀ, ਉਸ ਨੂੰ ਮੈਂ ਅੱਜ ਵੀ ਬਿਆਨ ਨਹੀਂ ਕਰ ਸਕਦਾ! ਮੇਰੇ ਛੇ ਮਾਮੇ ਤੇ ਦੋ ਮਾਸੀਆਂ ਹਨ! ਛੇ ਮਾਮਿਆਂ ਵਿੱਚੋਂ ਜਦੋਂ ਇੱਕ ਮਾਮਾ 1947 ਦੀ ਵੰਡ ਸਮੇਂ ਓਧਰਲੇ ਪੰਜਾਬੋਂ ਉੱਜੜ ਕੇ ਇੱਧਰ ਆ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਬਾਕੀ ਪੰਜ ਮਾਮਿਆਂ ਵਿੱਚੋਂ ਇੱਕ ਮਾਮਾ ਸ. ਹਰਜੀਤ ਸਿੰਘ ਜੀ ਸਾਲ 1965 ਦੀ ਜੰਗ ਵਿੱਚ ਸ਼ਹੀਦੀ ਪਾ ਗਏ ਅਤੇ ਇੱਕ ਮਾਮਾ ਸ. ਰਣਜੀਤ ਸਿੰਘ ਸਿੱਧੂ ਜੀ ਕੁਝ ਵਰ੍ਹੇ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ। ਮੇਰੇ ਮਾਤਾ ਜੀ ਸਾਲ 1977 ਵਿੱਚ ਚੜ੍ਹਾਈ ਕਰ ਗਏ ਸਨ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਯਾਨੀ ਮੇਰੀਆਂ ਮਾਸੀਆਂ ਵੀ ਮੇਰੇ ਪਿੰਡ ਖੇਮੂਆਣੇ ਵਿਆਹੀਆਂ ਸਨ। ਮੇਰੇ ਮਾਮੇ ਅਤੇ ਮਾਮੀਆਂ ਮੋਹ ਅਤੇ ਪਿਆਰ ਨਾਲ ਨੱਕੋ-ਨੱਕ ਭਰੇ ਹੋਏ ਜੀਅ ਨੇ। ਮੈਂ ਜਦੋਂ ਕਦੀ ਆਪਣੇ ਪਿੰਡ ਖੇਮੂਆਣੇ ਜਾਂਦਾ ਹਾਂ ਤਾਂ ਇਹ ਕਦੀ ਨਹੀਂ ਹੋਇਆ ਕਿ ਮੈਂ ਆਪਣੇ ਨਾਨਕੇ ਭਗਤਾ ਭਾਈ ਕਾ ਨਾ ਗਿਆ ਹੋਵਾਂ।

ਕੁਝ ਦਿਨ ਪਹਿਲਾਂ ਜਦੋਂ ਪਿੰਡ ਖੇਮੂਆਣੇ ਗਿਆ ਤਾਂ ਵਾਪਸ ਆਉਂਦੇ ਹੋਏ ਨਾਨਕੇ ਸਭ ਨੂੰ ਮਿਲ ਕੇ ਆਇਆ ਅਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਇਹ ਮੇਰੇ ਤਿੰਨ ਮਾਮੇ ਸ. ਦਲੀਪ ਸਿੰਘ ਜੀ, ਸ. ਮਲਕੀਤ ਸਿੰਘ ਜੀ ਅਤੇ ਸ. ਨਛੱਤਰ ਸਿੰਘ ਸਿੱਧੂ ਨੇ। ਆਉਣ ਵਾਲੇ ਕੁਝ ਦਿਨਾਂ ਵਿੱਚ ਮੈਂ ਪਾਕਿਸਤਾਨ, ਚੱਕ ਨੰਬਰ 200, ਤਹਿਸੀਲ ਸਮੁੰਦਰੀ ਅਤੇ ਹੁਣ ਜ਼ਿਲ੍ਹਾ ਫ਼ੈਸਲਾਬਾਦ ਤੋਂ ਉੱਜੜ ਕੇ ਆਏ ਅਤੇ ਭਗਤਾ ਭਾਈ ਕਾ ਵੱਸੇ ਮੇਰੇ ਨਾਨਕੇ ਪਰਿਵਾਰ ਦੀ ਕਹਾਣੀ ਵੀਡੀਓ ਜ਼ਰੀਏ ਐੱਚ.ਐੱਮ. ਰਿਕਾਰਡਜ਼ ਤੋਂ ਤੁਹਾਡੇ ਸਭ ਨਾਲ ਸਾਂਝੀ ਕਰਾਂਗਾ’

Related Post