ਫ਼ਿਲਮਾਂ ’ਚ ਗਲੈਮਰ ਲੁੱਕ ’ਚ ਨਜ਼ਰ ਆਉਣ ਵਾਲੀ ਹੈਲੇਨ ਦੀ ਜ਼ਿੰਦਗੀ ਰਹੀ ਹੈ ਬਹੁਤ ਹੀ ਮੁਸ਼ਕਿਲਾਂ ਭਰੀ, 35ਵੇਂ ਜਨਮ ਦਿਨ ’ਤੇ ਟੁੱਟ ਗਿਆ ਸੀ ਵਿਆਹ

By  Rupinder Kaler November 21st 2019 11:14 AM

50 ਦੇ ਦਹਾਕੇ ਦੀਆਂ ਫ਼ਿਲਮਾਂ ਵਿੱਚ ਹੀਰੋ ਦੇ ਬਰਾਬਰ ਵਿਲੇਨ ਵੀ ਦਿਖਾਈ ਦੇਣ ਲੱਗੇ ਸਨ । ਅਜਿਹੇ ਵਿੱਚ ਫ਼ਿਲਮਾਂ ਵਿੱਚ ਕਮੀ ਸੀ ਤਾਂ ਉਹ ਗਲੈਮਰ ਦੀ ਸੀ । ਇਸ ਕਮੀ ਨੂੰ ਦੂਰ ਕੀਤਾ ਆਈਟਮ ਨੰਬਰ ਨੇ, ਜਿਸ ਦੀ ਸ਼ੁਰੂਆਤ ਹੈਲੇਨ ਨੇ ਕੀਤੀ ਸੀ । ਹੈਲਨ ਦੇ ਡਾਂਸ ਤੇ ਗਲੈਮਰ ਨੂੰ ਦੇਖ ਕੇ ਹਰ ਇੱਕ ਦੀਆਂ ਨਜ਼ਰਾਂ ਠਹਿਰ ਜਾਂਦੀਆਂ ਸਨ । ਪਰ ਹੈਲੇਨ ਦੇ ਗਲੈਮਰ ਤੇ ਮੁਸਕਰਾਹਟ ਪਿੱਛੇ ਕੀ ਦਰਦ ਛੁਪਿਆ ਹੋਇਆ ਹੈ ਇਹ ਕੋਈ ਨਹੀਂ ਜਾਣਦਾ । ਹੈਲੇਨ ਦਾ ਜਨਮ 21 ਨਵੰਬਰ 1938 ਵਿੱਚ ਹੋਇਆ ਸੀ । ਉਹਨਾਂ ਦੀ ਮਾਂ ਬਰਮਾ ਦੀ ਰਹਿਣ ਵਾਲੀ ਸੀ ।

ਉਹਨਾਂ ਦਾ ਇੱਕ ਭਰਾ ਤੇ ਇੱਕ ਮਤਰੇਈ ਭੈਣ ਸੀ । ਪਿਤਾ ਦੇ ਦਿਹਾਂਤ ਤੋਂ ਬਾਅਦ ਹੈਲੇਨ ਦੀ ਮਾਂ ਨੇ ਇੱਕ ਬਰਤਾਨਵੀਂ ਫੌਜੀ ਨਾਲ ਵਿਆਹ ਕਰਵਾ ਲਿਆ ਸੀ ਪਰ ਵਰਲਡ ਵਾਰ 2 ਦੌਰਾਨ ਮਤਰੇਏੇ ਪਿਤਾ ਦੀ ਮੌਤ ਵੀ ਹੋ ਗਈ ਸੀ । ਜਦੋਂ ਜਪਾਨ ਨੇ ਬਰਮਾ ਤੇ ਹਮਲਾ ਕੀਤਾ ਤਾਂ ਹੈਲੇਨ ਦਾ ਪੂਰਾ ਪਰਿਵਾਰ ਮੁੰਬਈ ਆ ਗਿਆ । ਮੁੰਬਈ ਆਉਣ ਤੋਂ ਪਹਿਲਾਂ ਹੈਲੇਨ ਦਾ ਪੂਰਾ ਪਰਿਵਾਰ ਕੋਲਕਾਤਾ ਠਹਿਰ ਗਿਆ ।

ਇੱਥੇ ਹੈਲੇਨ ਦੀ ਮਾਂ ਨਰਸ ਦਾ ਕੰਮ ਕਰਨ ਲੱਗੀ ਪਰ ਉਸ ਦੀ ਨੌਕਰੀ ਨਾਲ ਘਰ ਦਾ ਗੁਜਾਰਾ ਨਹੀਂ ਸੀ ਚੱਲਦਾ । ਇਸ ਦੌਰਾਨ ਹੈਲੇਨ ਤੇ ਉਸ ਦੀ ਮਾਂ ਦੀ ਮੁਲਾਕਾਤ ਕੁੱਕੂ ਮੋਰੇ ਨਾਲ ਹੋਈ । ਕੁੱਕੂ ਫ਼ਿਲਮਾਂ ਵਿੱਚ ਬੈਕਗਰਾਊਂਡ ਡਾਂਸਰ ਸੀ । ਹੈਲੇਨ ਦੇ ਆਉਂਦੇ ਹੀ ਕੁੱਕੂ ਦਾ ਚਾਰਮ ਫਿੱਕਾ ਪੈ ਗਿਆ ਤੇ ਹੈਲੇਨ ਨੇ ਆਪਣੀ ਜਗ੍ਹਾ ਬਣਾ ਲਈ । 19 ਸਾਲ ਦੀ ਉਮਰ ਵਿੱਚ ਹੈਲੇਨ ਨੂੰ ਫ਼ਿਲਮ ਹਾਵੜਾ ਬ੍ਰਿਜ ਵਿੱਚ ਵੱਡਾ ਬਰੇਕ ਮਿਲਿਆ ।

ਇਸ ਫ਼ਿਲਮ ਦੇ ਗਾਣੇ ‘ਮੇਰਾ ਨਾਮ ਚਿਨ ਚਿਨ’ ਨੇ ਹੈਲੇਨ ਦੀ ਕਿਸਮਤ ਬਦਲ ਦਿੱਤੀ ਤੇ ਉਹ ਹਿੰਦੀ ਫ਼ਿਲਮਾਂ ਦੀ ਨੰਬਰ ਵਨ ਆਈਟਮ ਨੰਬਰ ਬਣ ਗਈ । ਹੈਲੇਨ ਆਪਣੀ ਖੂਬਸੁਰਤੀ ਕਰਕੇ ਜਾਣੀ ਜਾਂਦੀ ਸੀ ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੀ ਤਾਂ ਉਹ ਬੁਰਕਾ ਪਾ ਕੇ ਨਿਕਲਦੀ । 1957 ਵਿੱਚ ਉਸ ਨੇ ਡਾਇਰੈਕਟਰ ਪੀਐੱਨ ਅਰੋੜਾ ਨਾਲ ਵਿਆਹ ਕਰ ਲਿਆ ।

ਪਰ 16 ਸਾਲ ਦਾ ਇਹ ਵਿਆਹ ਹੈਲੇਨ ਦੇ 35ਵੇਂ ਜਨਮ ਦਿਨ ਤੇ ਟੁੱਟ ਗਿਆ ਕਿਉਂਕਿ ਪੀਐੱਨ ਅਰੋੜਾ ਹੈਲੇਨ ਦੀ ਕਮਾਈ ਸ਼ਰਾਬ ਵਿੱਚ ਉਡਾਉਂਦਾ ਸੀ ਤੇ ਹੈਲੇਨ ਦਿਵਾਲੀਆ ਹੋ ਗਈ ਸੀ ।ਮੁਸ਼ਕਿਲ ਦੀ ਇਸ ਘੜੀ ਵਿੱਚ ਸਾਲ 1962 ਫ਼ਿਲਮ ਕਾਬਿਲ ਖ਼ਾਨ ਦੌਰਾਨ ਹੈਲੇਨ ਦੀ ਮੁਲਾਕਾਤ ਸਲੀਮ ਖ਼ਾਨ ਨਾਲ ਹੋਈ । ਉਹਨਾਂ ਨੇ ਹੈਲੇਨ ਦੀ ਪੂਰੀ ਮਦਦ ਕੀਤੀ । ਸਲੀਮ ਨੇ ਵਿਆਹੇ ਹੋਣ ਦੇ ਬਾਵਜੂਦ ਹੈਲੇਨ ਨਾਲ ਵਿਆਹ ਕਰਵਾਇਆ । ਹੈਲੇਨ ਨੂੰ ਫ਼ਿਲਮਾਂ ਵਿੱਚ ਦਿੱਤੇ ਯੋਗਦਾਨ ਕਰਕੇ ਪਦਮਸ਼੍ਰੀ ਤੇ ਫ਼ਿਲਮਫੇਅਰ ਅਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ ।

Related Post