'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ

By  Pushp Raj April 21st 2022 08:48 AM

ਸਿੱਖ ਇਤਿਹਾਸ ਦੇ ਵਿੱਚ ਜਦੋਂ ਵੀ ਧਰਮ ਦੇ ਨਾਂਅ ਉੱਤੇ ਮਰ ਮਿਟਣ ਦੀ ਗੱਲ ਆਉਂਦੀ ਹੈ ਤਾਂ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂਅ ਬੜੇ ਅਦਬ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ। ਧਰਮ ਦੇ ਨਾਮ ‘ਤੇ ਉਨ੍ਹਾਂ ਨੇ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੱਤਾ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ ਸੀ ਤੇ ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਿੰਘ ਦੇ ਪੰਜਵੇਂ ਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜ਼ਿਲਾ ਜਲੰਧਰ ਵਿਖੇ ਚਲੇ ਗਏ। ਅੱਠਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੱਦੀ ਮਿਲੀ ਸੀ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ। ਸਿਰਫ਼ ਚੌਦਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁਗਲਾਂ ਵਿਰੁੱਧ ਲੜਾਈ ਵਿੱਚ ਆਪਣੇ ਪਿਤਾ ਨਾਲ ਬਹਾਦਰੀ ਦਿਖਾਈ ਸੀ। ਉਨ੍ਹਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਨੇ ਸਿੱਖ ਮਨੁੱਖਤਾ ਲਈ ਵੱਡੀ ਸ਼ਹਾਦਤ ਦਿੱਤੀ ਤੇ ਹਿੰਦ ਲਈ ਆਪਣਾ ਜੀਵਨ ਵਾਰ ਦਿੱਤਾ।

ਇਤਿਹਾਸਕ ਮਿੱਥਾਂ ਮੁਤਾਬਕ ਔਰੰਗਜੇਬ ਉਸ ਵੇਲੇ ਰੋਜਾਨਾ ਸਵਾ ਮਣ ਜਨੇਊ ਲੁਹਾ ਕੇ ਸੌਂਦਾ ਸੀ। ਹਿੰਦੂਆਂ ਨੂੰ ਜਬਰੀ ਮੁਸਲਮਾਨ ਧਰਮ ਵਿੱਚ ਸ਼ਾਮਲ ਕਰਵਾਇਆ ਜਾਂਦਾ ਸੀ ਤੇ ਹਿੰਦੂ ਧਰਮ ਦੀਆਂ ਔਰਤਾਂ ਤੇ ਬੱਚੀਆਂ ਦੀ ਪੱਤ ਮਹਿਫੂਜ ਨਹੀਂ ਸੀ। ਅਜਿਹੇ ਜੁਲਮ ਕਾਰਨ ਕਸ਼ਮੀਰੀ ਪੰਡਤਾਂ ਨੇ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜੁਲਮ ਤੋਂ ਬਚਾਇਆ ਜਾਵੇ, ਕਿਉਂਕਿ ਔਰੰਗਜੇਬ ਨੇ ਕਿਹਾ ਹੈ ਕਿ ਜੇਕਰ ਉਹ ਸਾਰੇ ਇਸਲਾਮ ਨਹੀਂ ਅਪਣਾਉਂਦੇ ਤਾਂ ਉਹ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ।

ਇਸ ‘ਤੇ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਉਹ ਔਰੰਗਜੇਬ ਨੂੰ ਕਹਿ ਦੇਣ ਕਿ ਜੇਕਰ ਉਹ ਤੇਗ ਬਹਾਦਰ ਕੋਲੋਂ ਇਸਲਾਮ ਕਬੂਲ ਕਰਵਾ ਲੈਂਦਾ ਹੈ ਤਾਂ ਪੰਡਤ ਵੀ ਇਸਲਾਮ ਕਬੂਲ ਕਰ ਲੈਣਗੇ। ਔਰੰਗਜੇਬ ਇਸ ਸੁਨੇਹੇ ਤੋਂ ਖੁਸ਼ ਹੋਇਆ ਕਿ ਇੱਕ ਵਿਅਕਤੀ ਨੂੰ ਮਨਾ ਕੇ 1000 ਪੰਡਤ ਮੁਸਲਮਾਨ ਬਣ ਜਾਣਗੇ, ਪਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਨੇ ਇਸਲਾਮ ਕਬੂਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਪਰ ਉਨ੍ਹਾਂ ਨੇ ਮੂੰਹੋਂ ਸੀਅ ਨਾ ਉਚਾਰੀ।

ਸ਼ਾਹੀ ਆਦੇਸ਼ ਸੀ ਕਿ ਗੁਰੂ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰ ਕੇ ਦਿੱਲੀ ਸ਼ਹਿਰ ਦੇ ਦਰਵਾਜ਼ਿਆਂ 'ਤੇ ਲਟਕਾਏ ਜਾਣ, ਪਰ ਸ਼ਹੀਦੀ ਤੋਂ ਬਾਅਦ ਅਜਿਹੀ ਹਨੇਰੀ ਝੁੱਲੀ ਕਿ ਸਭ ਆਪੋ ਆਪਣੇ ਬਚਾਅ ਲਈ ਭੱਜ ਉੱਠੇ। ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਸਤਿਕਾਰ ਪੂਰਵਕ ਪ੍ਰਾਪਤ ਕਰਦਿਆਂ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਵਰ ਦਿੱਤਾ। ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਆਪਣੇ ਘਰ ਲੈ ਗਿਆ। ਉਸ ਨੇ ਆਪਣੇ ਘਰ ਨੂੰ ਅਗਨ-ਭੇਂਟ ਕਰ ਕੇ ਗੁਰੂ ਜੀ ਦਾ ਦਾਹ-ਸੰਸਕਾਰ ਕੀਤਾ ਅਤੇ ਆਪ ਜੀ ਦੀਆਂ ਅਸਥੀਆਂ ਨੂੰ ਗਾਗਰ 'ਚ ਪਾ ਕੇ ਉਥੇ ਹੀ ਦੱਬ ਦਿੱਤਾ।

ਹੋਰ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਡਾਕ ਟਿਕਟ ਅਤੇ ਸਿੱਕਾ ਕਰਨਗੇ ਜਾਰੀ

ਇਸ ਨਾਲ ਸਮੁੱਚੇ ਹਿੰਦੁਸਤਾਨ ਵਿੱਚ ਆਤਮ ਵਿਸ਼ਵਾਸ਼ ਜਾਗਿਆ ਕਿ ਜੁਲਮ ਦਾ ਟਾਕਰਾ ਕਰਨ ਲਈ ਹਿੰਮਤ ਤੇ ਦ੍ਰਿੜ ਨਿਸ਼ਚੈ ਦੀ ਲੋੜ ਹੁੰਦੀ ਹੈ। ਇਸੇ ਸ਼ਹਾਦਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਯਾਨੀ ਹਿੰਦੁਸਤਾਨ ਦਾ ਸੁਰੱਖਿਆ ਕਵਚ ਮੰਨਿਆ ਗਿਆ। ਇਸੇ ਸ਼ਹਾਦਤ ਦੇ 400 ਸਾਲ ਪੂਰੇ ਹੋਣ ਉਪਰੰਤ ਦੇਸ਼ ਵਿੱਚ ਵੱਖ-ਵੱਖ ਥਾਈਂ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾ ਰਹੇ ਹਨ।

Related Post