ਸਕੂਲ ’ਚ ਵਿਨੋਦ ਖੰਨਾ ਨਾਲ ਅਧਿਆਪਕ ਨੇ ਕੀਤਾ ਸੀ ਧੱਕਾ, ਇਸ ਧੱਕੇ ਨੇ ਬਦਲ ਦਿੱਤੀ ਸੀ ਅਦਾਕਾਰ ਦੀ ਜ਼ਿੰਦਗੀ

By  Rupinder Kaler May 14th 2020 12:13 PM

ਵਿਨੋਦ ਖੰਨਾ ਨੂੰ ਬਾਲੀਵੁੱਡ ਦਾ ਸਭ ਤੋਂ ਹੈਂਡਸਮ ਅਦਾਕਾਰ ਕਿਹਾ ਜਾਂਦਾ ਸੀ । 27 ਅਪ੍ਰੈਲ 2017 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਆਖਰੀ ਦਿਨਾਂ ਵਿੱਚ ਉਹਨਾ ਨੇ ਇੱਕ ਇੱਛਾ ਜਤਾਈ ਸੀ, ਜਿਹੜੀ ਕਿ ਅਧੂਰੀ ਰਹਿ ਗਈ । ਉਹ ਪਾਕਿਸਤਾਨ ਵਿੱਚ ਆਪਣਾ ਪੁਸ਼ਤੈਨੀ ਘਰ ਦੇਖਣਾ ਚਾਹੁੰਦੇ ਸਨ । ਵਿਨੋਦ ਖੰਨਾ ਨੇ ਵਿਲੇਨ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ ਪਰ ਹੀਰੋ ਦੇ ਰੂਪ ਵਿੱਚ ਉਹ ਪੂਰੀ ਇੰਡਸਟਰੀ ਵਿੱਚ ਛਾ ਗਏ ।

ਵਿਨੋਦ ਖੰਨਾ ਬਚਪਨ ਵਿੱਚ ਬਹੁਤ ਸ਼ਰਮਾਕਲ ਸਨ, ਪਰ ਸਕੂਲ ਦੌਰਾਨ ਇੱਕ ਅਧਿਆਪਕ ਨੇ ਉਹਨਾਂ ਨੂੰ ਜ਼ਬਰਦਸਤੀ ਇੱਕ ਨਾਟਕ ਵਿੱਚ ਉਤਾਰ ਦਿੱਤਾ ਜਿਸ ਕਰਕੇ ਉਹਨਾਂ ਦਾ ਰੁਝਾਨ ਅਦਾਕਾਰੀ ਵੱਲ ਹੋ ਗਿਆ । ਬੋਰਡਿੰਗ ਸਕੂਲ ਵਿੱਚ ਪੜ੍ਹਦੇ ਹੋਏ ਵਿਨੋਦ ਖੰਨਾ ਨੇ ‘ਸੋਲਹਵਾਂ ਸਾਲ’ ਤੇ ‘ਮੁਗਲ ਏ ਆਜ਼ਮ’ ਵਰਗੀਆਂ ਫ਼ਿਲਮਾਂ ਦੇਖੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਮਨ ਬਣਾ ਲਿਆ ਕਿ ਉਹ ਅਦਾਕਾਰ ਬਣਨਗੇ ।ਵਿਨੋਦ ਖੰਨਾ ਮੁੰਬਈ ਦੇ ਇੱਕ ਕਾਲਜ ਵਿੱਚ ਪੜ੍ਹ ਰਹੇ ਸਨ ।

ਬਾਲੀਵੁੱਡ ਵਿੱਚ ਉਹਨਾਂ ਦੀ ਕਿਸੇ ਨਾਲ ਕੋਈ ਜਾਨ-ਪਹਿਚਾਣ ਨਹੀਂ ਸੀ । ਪਰ ਉਹਨਾਂ ਦੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਵਿਨੋਦ ਖੰਨਾ ਨੂੰ ਉਕਸਾਉਂਦੀਆਂ ਸਨ ਕਿ ਉਹ ਫ਼ਿਲਮਾਂ ਵਿੱਚ ਟਰਾਈ ਕਰੇ । ਇਸ ਸਭ ਦੇ ਚਲਦੇ ਇੱਕ ਪਾਰਟੀ ਵਿੱਚ ਵਿਨੋਦ ਖੰਨਾ ਦੀ ਨਿਰਮਾਤਾ ਨਿਰਦੇਸ਼ਕ ਸੁਨੀਲ ਦੱਤ ਨਾਲ ਮੁਲਾਕਾਤ ਹੋਈ । ਇਸ ਦੌਰਾਨ ਸੁਨੀਲ ਦੱਤ ਨੇ ਆਪਣੀ ਫ਼ਿਲਮ ‘ਮਨ ਕਾ ਮੀਤ’ ਵਿੱਚ ਕੋ ਸਟਾਰ ਦੀ ਆਫ਼ਰ ਦਿੱਤੀ, ਇਹ ਫ਼ਿਲਮ ਫਲਾਪ ਹੋ ਗਈ ਪਰ ਵਿਨੋਦ ਖੰਨਾ ਬਾਲੀਵੁੱਡ ਵਿੱਚ ਹਿੱਟ ਹੋ ਗਏ ।

ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਿਨੋਦ ਖੰਨਾ ਨੂੰ ਆਪਣੇ ਪਿਤਾ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਜਦੋਂ ਉਨ੍ਹਾਂ ਨੂੰ ਫ਼ਿਲਮ ਦੀ ਆਫ਼ਰ ਬਾਰੇ ਦੱਸਿਆ ਤਾਂ ਉਹਨਾਂ ਦੇ ਪਿਤਾ ਨੇ ਵਿਨੋਦ ਖੰਨਾ ’ਤੇ ਬੰਦੂਕ ਤਾਨ ਦਿੱਤੀ ਉਹਨਾਂ ਨੇ ਕਿਹਾ ਜੇਕਰ ਉਸ ਨੇ ਫ਼ਿਲਮਾਂ ਵਿੱਚ ਕੰਮ ਕੀਤਾ ਤਾਂ ਉਹ ਵਿਨੋਦ ਖੰਨਾ ਨੂੰ ਗੋਲੀ ਮਾਰ ਦੇਣਗੇ । ਪਰ ਵਿਨੋਦ ਖੰਨਾ ਦੀ ਮਾਂ ਨੇ ਵਿੱਚ ਪੈ ਕੇ ਵਿਨੋਦ ਖੰਨਾ ਦਾ ਪੱਖ ਪੂਰਿਆ ਤੇ ਉਹਨਾਂ ਨੂੰ ਦੋ ਸਾਲ ਦਾ ਸਮਾਂ ਫ਼ਿਲਮਾਂ ਵਿੱਚ ਕੰਮ ਕਰਨ ਲਈ ਪਿਤਾ ਤੋਂ ਦਿਵਾਇਆ ।

Related Post