ਪਿੰਡ ਸ਼ੇਖ ਦੌਲਤ ਦੇ ਰਹਿਣ ਵਾਲੇ ਜਗਦੇਵ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਮਾਨ ਦੇ ਗੀਤਾਂ ਨੇ ਕਈ ਗਾਇਕਾਂ ਦੀ ਬਣਾਈ ਪਹਿਚਾਣ

By  Rupinder Kaler August 5th 2019 12:57 PM

ਫ੍ਰੈਂਡਸ਼ਿਪ-ਡੇ ਦੇ ਮੌਕੇ 'ਤੇ ਗਾਇਕ ਗਿੱਪੀ ਗਰੇਵਾਲ, ਜਗਦੇਵ ਮਾਨ ਤੇ ਸੁਰਿੰਦਰ ਬੱਚਨ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਤਸਵੀਰ ਨੂੰ ਦੇਖਕੇ ਲੱਗਦਾ ਹੈ ਕਿ ਗਿੱਪੀ ਦੀ ਇਹ ਤਸਵੀਰ ਉਹਨਾਂ ਦੇ ਸੰਘਰਸ਼ ਦੇ ਦਿਨਾਂ ਦੀ ਹੈ ਕਿਉਂਕਿ ਗਿੱਪੀ ਗਰੇਵਾਲ ਤੇ ਜਗਦੇਵ ਮਾਨ ਦੀ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਜੇਕਰ ਦੇਖਿਆ ਜਾਵੇ ਤਾਂ ਗਿੱਪੀ ਗਰੇਵਾਲ ਨੂੰ ਜਗਦੇਵ ਮਾਨ ਦੇ ਗਾਣੇ 'ਫੁਲਕਾਰੀ' ਨਾਲ ਹੀ ਪੰਜਾਬੀ ਇੰਡਸਟਰੀ ਵਿੱਚ ਪਹਿਚਾਣ ਮਿਲੀ ਸੀ । ਇਸ ਗਾਣੇ ਤੋਂ  ਬਾਅਦ ਗਿੱਪੀ ਦਾ ਨਾਂ ਹਿੱਟ ਗਾਇਕਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਸੀ ।

ਗਿੱਪੀ ਗਰੇਵਾਲ ਤੋਂ ਇਲਾਵਾ  ਗੀਤਕਾਰ ਤੇ ਗਾਇਕ ਜਗਦੇਵ ਮਾਨ ਦੇ ਹੋਰ ਵੀ ਕਈ ਗਾਇਕਾਂ ਨੇ ਗਾਣੇ ਗਾਏ ਹਨ । ਹੰਸ ਰਾਜ ਹੰਸ, ਸੁਰਜੀਤ ਬਿੰਦਰਖੀਆ, ਦਿਲਸ਼ਾਦ ਅਖ਼ਤਰ, ਸੁਰਜੀਤ ਖ਼ਾਨ ਸਮੇਤ ਲੱਗਪਗ ਹਰ ਪੰਜਾਬੀ ਗਾਇਕ ਨੇ ਜਗਦੇਵ ਦੇ ਗਾਣੇ ਗਾਏ ਹਨ, ਕਿਉਂਕਿ ਜਗਦੇਵ ਦਾ ਤਕਰੀਬਨ ਹਰ ਗੀਤ ਹਿੱਟ ਹੁੰਦਾ ਹੈ । ਇੱਕ ਇੰਟਵਿਊ ਵਿੱਚ ਜਗਦੇਵ ਨੇ ਦੱਸਿਆ ਸੀ ਕਿ ਉਹਨਾਂ ਨੂੰ ਗੀਤ ਲਿਖਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ । ਪ੍ਰਾਈਮਰੀ ਸਕੂਲ ਵਿੱਚ ਪੜ੍ਹਦੇ ਹੋਏ ਉਸ ਨੇ ਦੋ ਕਵਿਤਾਵਾਂ ਲਿਖੀਆਂ ਸਨ । ਜਗਦੇਵ ਮਿਡਲ ਸਕੂਲ ਵਿੱਚ ਪਹੁੰਚਿਆ ਤਾਂ ਇਹੀ ਕਵਿਤਾਵਾਂ ਧਾਰਮਿਕ ਗੀਤਾਂ ਵਿੱਚ ਤਬਦੀਲ ਹੋ ਗਈਆਂ । ਇਹਨਾਂ ਧਾਰਮਿਕ ਗੀਤਾਂ ਨੇ ਜਗਦੇਵ ਨੂੰ ਕਈ ਇਨਾਮ ਦਿਵਾਏ ।

ਸਕੂਲ ਦੀ ਪੜ੍ਹਾਈ ਤੋਂ ਬਾਅਦ ਜਗਦੇਵ ਲੁਧਿਆਣਾ ਦੇ ਜੀਜੀਐੱਨ ਖਾਲਸਾ ਕਾਲਜ ਵਿੱਚ ਪਹੁੰਚ ਗਿਆ ਇੱਥੇ ਉਸ ਨੇ ਅਪਣੀ ਗਾਇਕੀ ਤੇ ਗੀਤਕਾਰੀ ਕਰਕੇ ਕਈ ਇਨਾਮ ਜਿੱਤੇ । ਗੀਤਕਾਰੀ ਦੇ ਨਾਲ ਨਾਲ ਜਗਦੇਵ ਨੇ ਖੇਡਾਂ ਵਿੱਚ ਵੀ ਆਪਣਾ ਕਮਾਲ ਦਿਖਾਇਆ, ਤੇ ਵਾਲੀਬਾਲ ਦਾ ਕੌਮੀ ਪੱਧਰ ਦਾ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ । ਜਗਦੇਵ ਮਾਨ ਨੇ ਸ਼ਮਸੇਰ ਸੰਧੂ ਤੋਂ ਗੀਤਕਾਰੀ ਦੇ ਕੁਝ ਗੁਰ ਸਿੱਖੇ ਜਿਸ ਨਾਲ ਉਹਨਾਂ ਦੀ ਕਲਮ ਵਿੱਚ ਹੋਰ ਨਿਖਾਰ ਆਉਣ ਲੱਗਾ । ਇਸ ਤੋਂ ਬਾਅਦ ਪੰਜਾਬ ਦੇ ਨਾਮੀ ਗਾਇਕ ਉਸ ਤੱਕ ਪਹੁੰਚ ਕਰਨ ਲੱਗੇ । ਹਰ ਕੋਈ ਉਸ ਦੀ ਲੇਖਣੀ ਦਾ ਕਾਇਲ ਹੋਣ ਲੱਗਾ ।

ਉਸ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ 'ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ', 'ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਐ', 'ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ', 'ਆਪੇ ਪਤਾ ਲੱਗਜੂ ਕੀ ਹੁੰਦਾ ਪਿਆਰ ਨੀਂ', 'ਰਗ ਰਗ ਵਿੱਚ ਜੱਟ ਖ਼ੂਨ ਵਾਂਗੂ ਦੌੜੇ' ਹਰ ਇੱਕ ਦੀ ਜ਼ੁਬਾਨ ਤੇ ਆ ਜਾਂਦੇ ਹਨ ।

ਜਗਦੇਵ ਮਾਨ ਨੇ ਗਿੱਪੀ ਨਾਲ ਲਗਭਗ 8 ਐਲਬਮ ਕੀਤੀਆਂ ਹਨ । ਇਸ ਤੋਂ ਇਲਾਵਾ ਜਗਦੇਵ ਨੇ ਯੁੱਧਵੀਰ ਮਾਣਕ ਲਈ ਵੀ ਕਈ ਗੀਤ ਲਿਖੇ । ਜਗਦੇਵ ਮਾਨ ਲੁਧਿਆਣਾ ਦੇ ਨਾਲ ਲੱਗਦੇ ਜਗਰਾਓਂ ਕਸਬੇ ਦਾ ਰਹਿਣ ਵਾਲਾ ਹੈ, ਇਸ ਲਈ ਉਸ ਦੇ ਹਰ ਗੀਤ ਵਿੱਚ ਉਸ ਦੇ ਪਿੰਡ ਸ਼ੇਖ ਦੌਲਤ ਦਾ ਜ਼ਿਕਰ ਹੁੰਦਾ ਹੈ ।

Related Post