ਜਾਣੋ ਕਿਉਂ ਜਰੂਰੀ ਹੈ ਕਰਵਾ ਚੌਥ ਦਾ ਵਰਤ ਇਕ ਸੁਹਾਗਣ ਲਈ

By  PTC Buzz October 8th 2017 08:42 AM

ਕਰਵਾ ਚੌਥ ਦਾ ਵਰਤ ਸੁਹਾਗਣ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ । ਕਰਵਾ ਚੌਥ ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥੀ ਨੂੰ ਭਾਰਤ ਦੇ ਕਈ ਇਲਾਕਿਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸੁਹਾਗਣ ਔਰਤਾਂ ਪਤੀ ਦੀ ਲੰਮੀ ਉਮਰ ਅਤੇ ਮੰਗਲਮਈ ਜੀਵਨ ਦੀ ਆਸ਼ਾ ਅਧੀਨ ਨਿਰਜਲ, ਨਿਰਆਹਾਰ ਚਾਰ ਪਹਿਰ ਦਾ ਵਰਤ ਰੱਖਦੀਆਂ ਹਨ।

ਇਸ ਦਿਨ ਸੁਹਾਗਣ ਔਰਤਾਂ ਤੀਜ ਵਾਲੇ ਦਿਨ ਘਰ ਦੀ ਕਿਸੇ ਕੰਧ ਉਪਰ ਕਰਵੇ ਦਾ ਚਿੱਤਰ ਉਲੀਕਦੀਆਂ ਹਨ ਜਿਸਦੇ ਚੁਫ਼ੇਰੇ ਫ਼ਲ ਫੁੱਲ, ਗਣੇਸ਼, ਸਵਾਸਤਕ ਚਿੰਨ੍ਹ, ਸੱਤ ਦੰਪਤੀ ਚਿੱਤਰ ਅਤੇ ਇੱਕ ਵੀਰਾਂ ਵਾਲੀ ਦਾ ਚਿੱਤਰ ਉਲੀਕਿਆ ਜਾਂਦਾ ਹੈ। ਚਿੱਤਰਾਂ ਦੇ ਹੇਠ ਚੌਂਕੀ ਉਪਰ ਜਲ ਨਾਲ ਭਰਿਆ ਕਰਵਾ ਰੱਖਣ ਦਾ ਤੇ ਚੱਪਣੀ ਉੱਤੇ ਜੋਤਿ ਜਗਾਉਣ ਦੀ ਰੀਤ ਹੈ। ਨੇੜੇ ਹੀ ਫ਼ਲ, ਮਿਠਿਆਈਆਂ ਆਦਿ ਰੱਖੇ ਜਾਂਦੇ ਹਨ।

ਚੌਥ ਵਾਲੇ ਦਿਨ ਇਸੇ ਜੋਤ ਨਾਲ ਕਰਵੇ ਦੀ ਪੂਜਾ ਤੋਂ ਬਾਅਦ ਆਰਤੀ ਉਤਾਰੀ ਜਾਂਦੀ ਹੈ। ਕਰਵੇ ਨੇੜੇ ਇੱਕ ਥਾਲੀ ਵਿੱਚ ਸੁੱਕੇ ਮੇਵੇ, ਫ਼ਲ, ਕੱਪੜੇ ਅਤੇ ਸੁਹਾਗੀ (ਬਿੰਦੀ, ਸੰਧੂਰ, ਚੂੜੀਆਂ, ਮੌਲੀ ਆਦਿ) ਰੱਖੀ ਜਾਂਦੀ ਹੈ। ਇਸ ਸਮਗਰੀ ਨੂੰ ਕਰਵਾ ਪੂਜਾ ਮਗਰੋਂ ਸੱਸ ਨੂੰ ਭੇਟਾ ਕੀਤਾ ਜਾਂਦਾ ਹੈ।

ਤੀਜ ਵਾਲੇ ਦਿਨ ਵਰਤ ਰੱਖਣ ਵਾਲੀ ਸੁਹਾਗਣ ਤਾਰਿਆਂ ਦੀ ਲੋਅ ਵਿੱਚ ਇਸ਼ਨਾਨ ਕਰਨ ਪਿੱਛੋਂ ਭੋਜਨ ਸੇਵਨ ਕਰ ਕੇ ਬ੍ਰਤ (ਵਰਤ) ਰੱਖਣ ਦਾ ਸੰਕਲਪ ਕਰਦੀ ਹੈ। ਇਸ ਭੋਜਨ ਨੂੰ ਸਰਘੀ ਕਿਹਾ ਜਾਂਦਾ ਹੈ। ਇਸ ਦਿਨ ਕਿਸੇ ਰੁੱਸੇ ਨੂੰ ਮਨਾਉਣਾ, ਨਵਾਂ ਕੰਮ ਛੋਹਣਾ, ਸਫ਼ਰ ਕਰਨਾ, ਚਰਖਾ ਕੱਤਣਾ, ਸੂਈ ਵਿੱਚ ਧਾਗਾ ਪਾਉਣਾ, ਖੇਤ ਵਿੱਚ ਜਾਣਾ, ਸੁੱਤੇ ਹੋਏ ਪਤੀ ਨੂੰ ਜਗਾਉਣਾ ਆਦਿ ਵਰਜਿਤ ਹੈ।

ਤ੍ਰਿਕਾਲਾਂ ਤੋਂ ਪਹਿਲਾਂ ਸੁਹਾਗਣ ਹਾਰ- ਸ਼ਿੰਗਾਰ ਕਰਨ ਉਪਰੰਤ ਨੇੜੇ ਦੇ ਮੰਦਰ ਵਿੱਚ ਜਾਂ ਕਿਸੇ ਵਡੇਰੀ ਪਾਸੋਂ ਕਰਵੇ ਦੀ ਕਥਾ ਸੁਣਦੀਆਂ ਹਨ ਜੋ ਪੰਜਾਬ ਪ੍ਰਾਂਤ ਵਿੱਚ ਥੋੜ੍ਹੇ ਬਹੁਤੇ ਪਾਠ ਭੇਦ ਨਾਲ ਇਸ ਪ੍ਰਕਾਰ ਹੈ:

ਪ੍ਰਾਚੀਨ ਸਮੇਂ ਇੰਦਰਪ੍ਰਸਥ ਨਗਰ ਵਿੱਚ ਇੱਕ ਵਿਅਕਤੀ ਦੇ ਸੱਤ ਪੁੱਤਰ ਅਤੇ ਇੱਕ ਵੀਰਾਂ ਵਾਲੀ ਨਾਂ ਦੀ ਲਾਡਲੀ ਧੀ ਰਹਿੰਦੇ ਸਨ। ਭਰਾ-ਭਰਜਾਈਆਂ ਵੀਰਾਂ ਵਾਲੀ ਨੂੰ ਬਹੁਤ ਪਿਆਰ ਕਰਦੇ। ਸਮਾਂ ਪਾ ਕੇ ਵੀਰਾਂ ਵਾਲੀ ਦਾ ਵਿਆਹ ਸੁਦਰਸ਼ਨ ਨਾਂ ਦੇ ਬ੍ਰਾਹਮਣ ਨਾਲ ਕਰ ਦਿੱਤਾ ਗਿਆ। ਵਿਆਹ ਮਗਰੋਂ ਜਦੋਂ ਪਹਿਲੇ ਕਰਵੇ ਚੌਥ ਦੇ ਬ੍ਰਤ ਦਾ ਸਮਾਂ ਆਇਆ ਤਾਂ ਵੀਰਾਂ ਵਾਲੀ ਦੇ ਭਰਾ ਉਸ ਨੂੰ ਪੇਕੇ ਘਰ ਲੈ ਆਏ। ਵੀਰਾਂ ਵਾਲੀ ਨੇ ਵਰਤ ਰੱਖ ਤਾਂ ਲਿਆ ਪਰ ਉਹ ਭੁੱਖ ਅਤੇ ਪਿਆਸ ਨਾਲ ਵਿਆਕੁਲ ਹੋ ਗਈ। ਉਸਦੇ ਭਰਾਵਾਂ ਤੋਂ ਜਦੋਂ ਭੈਣ ਦੀ ਹਾਲਤ ਵੇਖੀ ਨਾ ਗਈ ਤਾਂ ਉਹਨਾਂ ਨੇ ਨਕਲੀ ਚੰਦਰਮਾ ਦੀ ਰੋਸ਼ਨੀ ਵਿਖਾ ਕੇ ਉਸ ਦਾ ਵਰਤ ਖੁੱਲ੍ਹਵਾ ਦਿੱਤਾ ਪਰ ਜਿਉਂ ਹੀ ਵਰਤ ਦੀ ਪਵਿੱਤਰਤਾ ਖੰਡਨ ਹੋਈ, ਕਿਹਾ ਜਾਂਦਾ ਹੈ ਕਿ ਵੀਰਾਂ ਵਾਲੀ ਦੇ ਪਤੀ ਦੇ ਜਿਸਮ ਉੱਤੇ ਜਿਤਨੇ ਵਾਲ ਸਨ, ਸੂਲਾਂ ਬਣ ਗਏ। ਪੀੜ ਨਾਲ ਬੇ-ਸੁੱਧ ਹੋ ਕੇ ਉਹ ਵਿਲਕਣ ਲੱਗਾ। ਵੀਰਾਂ ਵਾਲੀ ਨੂੰ ਜਿਉਂ ਹੀ ਅਸਲੀਅਤ ਦਾ ਪਤਾ ਲੱਗਾ, ਉਸ ਨੇ ਭਰਾਵਾਂ ਨੂੰ ਬਹੁਤ ਬੁਰਾ ਭਲਾ ਕਿਹਾ। ਵੀਰਾਂ ਵਾਲੀ ਕਈ ਦਿਨ ਤੱਕ ਰੋਂਦੀ ਹੋਈ ਪਤੀ ਦੇ ਜਿਸਮ ਵਿੱਚੋਂ ਸੂਲਾਂ ਕੱਢਦੀ ਰਹੀ। ਅਚਾਨਕ ਗੌਰਾਂ (ਪਾਰਬਤੀ) ਮਾਤ ਲੋਕ ਵਿੱਚ ਆਈ ਤਾਂ ਉਸ ਤੋਂ ਵੀਰਾਂ ਵਾਲੀ ਦਾ ਦੁੱਖ ਸਹਿਨ ਨਾ ਹੋਇਆ ਜਿਸ ਤੇ ਉਸ ਨੇ ਵੀਰਾਂ ਵਾਲੀ ਨੂੰ ਅਗਲੇ ਵਰ੍ਹੇ ਕਰਵਾ ਚੌਥ ਦਾ ਵਰਤ ਵਿਧੀਵਤ ਢੰਗ ਨਾਲ ਰੱਖਣ ਲਈ ਕਿਹਾ। ਇਉਂ ਉਸ ਦਾ ਪਤੀ ਅਸਹਿ ਪੀੜਾ ਤੋਂ ਮੁਕਤ ਹੋਇਆ।

ਕਥਾ ਸੁਣਨ ਉਪਰੰਤ ਵਰਤ ਦੀ ਧਾਰਨੀ ਹਰ ਇਸਤਰੀ ਚੰਦਰਮਾ ਚੜ੍ਹਨ ਦੀ ਉਡੀਕ ਕਰਦੀ ਹੈ ਅਤੇ ਅਸਮਾਨ ਵਿੱਚ ਚੌਥ ਦੇ ਚੰਨ ਦੀ ਕਾਤਰ ਨੂੰ ਦੇਖਣ ਉਪਰੰਤ ਕਰਵੇ ਵਿੱਚ ਰੱਖੇ ਜਲ ਦਾ ਚੰਦਰਮਾ ਨੂੰ ਅਰਘ ਦੇ ਕੇ ਲੱਸੀ, ਫ਼ਲ, ਮਿਠਿਆਈ ਆਦਿ ਦਾ ਸੇਵਨ ਕਰ ਕੇ ਵਰਤ ਖੋਲ੍ਹਦੀ ਹੈ।

ਕਰਵਾ ਚੌਥ ਦੇ ਦਿਨ ਚੰਦਰਮਾ ਦੀ ਪੂਜਾ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਹੈ। ਹਿੰਦੂ ਧਰਮ ਅਨੁਸਾਰ ਚੰਦਰਮਾ ਨੂੰ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਲਈ ਆਪਣੇ ਪਿਆਰੇ ਦੀ ਲੰਮੀ ਉਮਰ ਦੀ ਦੁਆ ਮੰਗਣ ਅਤੇ ਵਰਤ ਤੋਂ ਬਾਅਦ ਪਿਆਰ ਦੇ ਦੇਵਤਾ ਚੰਦਰਮਾ ਨੂੰ ਅਰਘ ਚੜ੍ਹਾਇਆ ਜਾਂਦਾ ਹੈ। ਚੰਦਰਮਾ ਨੂੰ ਅਰਘ ਚੜ੍ਹਾ ਕੇ ਉਸ ਦੀ ਲੰਮੀ ਉਮਰ ਅਤੇ ਪ੍ਰੇਮ ਦੀ ਸਥਿਰਤਾ ਲਈ ਕਾਮਨਾ ਕੀਤੀ ਜਾਂਦੀ ਹੈ ਤਾਂਕਿ ਮਨ ਆਪਣੇ ਪ੍ਰੀਤਮ ਪਿਆਰੇ ਨਾਲ ਜੁੜਿਆ ਰਹੇ ਅਤੇ ਆਪਸੀ ਪਿਆਰ ਵਧਦਾ ਰਹੇ |

Related Post