ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦੀ ਹੈ ਰਿਸ਼ੀ ਕਪੂਰ ਦੇ ਪੁਰਖਿਆਂ ਦੀ ਹਵੇਲੀ, ਹੋਈ ਖਸਤਾ ਹਾਲਤ

By  Rupinder Kaler July 13th 2020 10:37 AM

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਕਪੂਰ ਪਰਿਵਾਰ ਦੀ ਇਤਿਹਾਸਕ ਖਾਨਦਾਨੀ ਹਵੇਲੀ ਏਨੀ ਖਸਤਾਹਾਲ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਪਾਕਿਸਤਾਨ ਸਰਕਾਰ ਇਸ ਨੂੰ ਮਿਊਜ਼ੀਅਮ ਬਨਾਉਣਾ ਚਾਹੁੰਦੀ ਹੈ, ਪਰ ਹਵੇਲੀ ਦੇ ਮਾਲਕ ਨਾਲ ਸੌਦਾ ਨਹੀਂ ਹੋ ਸਕਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਸ਼ੀ ਕਪੂਰ ਨੇ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਸਥਿਤ 'ਕਪੂਰ ਹਵੇਲੀ' ਨੂੰ ਮਿਊਜ਼ੀਅਮ ਵਿਚ ਬਦਲਣ ਦੀ ਬੇਨਤੀ ਕੀਤੀ ਸੀ। 2018 ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਉਨ੍ਹਾਂ ਦੀ ਇਹ ਇੱਛਾ ਪੂਰੀ ਕਰਨ ਦੀ ਗੱਲ ਵੀ ਕਹੀ ਸੀ। ਹਵੇਲੀ ਦੇ ਨਾਲ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਹਵੇਲੀ ਹੁਣ ਭੂਤ ਬੰਗਲਾ ਬਣ ਗਈ ਹੈ।

ਇਸ ਦੀ ਹਾਲਤ ਏਨੀ ਜ਼ਿਆਦਾ ਖਸਤਾ ਹੋ ਗਈ ਹੈ ਕਿ ਕਦੇ ਵੀ ਡਿੱਗ ਸਕਦੀ ਹੈ। ਖ਼ੈਬਰ ਪਖਤੂਨਖਵਾ ਦੀ ਸੂਬਾਈ ਸਰਕਾਰ ਹਵੇਲੀ ਦਾ ਇਤਿਹਾਸਕ ਮਹੱਤਵ ਸਮਝਦੀ ਹੈ ਅਤੇ ਸੈਲਾਨੀਆਂ ਲਈ ਇਸ ਦੇ ਮੂਲ ਸਰੂਪ ਨੂੰ ਬਚਾਏ ਰੱਖਣਾ ਚਾਹੁੰਦੀ ਹੈ। ਸਰਕਾਰ ਨੇ ਇਸ ਨੂੰ ਖ਼ਰੀਦਣ ਦੀ ਕੋਸ਼ਿਸ਼ ਵੀ ਕੀਤੀ, ਪਰ ਗੱਲ ਕੀਮਤ 'ਤੇ ਆ ਕੇ ਅਟਕ ਗਈ। ਸਰਕਾਰ ਦੀ ਸੁਸਤੀ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਖਸਤਾਹਾਲ ਹਵੇਲੀ ਕਿਤੇ ਖ਼ੁਦ ਹੀ ਡਿੱਗ ਨਾ ਜਾਵੇ।

ਸਥਾਨਕ ਵਾਸੀ ਮੁਜੀਬ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਦੇ ਬਚਪਨ ਦੇ ਦਿਨਾਂ ਵਿਚ ਰਿਸ਼ੀ ਕਪੂਰ ਆਪਣੇ ਭਰਾ ਰਣਧੀਰ ਕਪੂਰ ਨਾਲ ਇੱਥੇ ਆਏ ਸਨ। ਕਪੂਰ ਹਵੇਲੀ ਦੇ ਮਾਲਕ ਮੁਹੰਮਦ ਇਸਰਾਰ ਸ਼ਹਿਰ ਦੇ ਅਮੀਰ ਜਿਊਲਰ ਹਨ। ਉਹ ਇੱਥੇ ਇਕ ਕਾਰੋਬਾਰੀ ਇਮਾਰਤ ਖੜ੍ਹੀ ਕਰਨਾ ਚਾਹੁੰਦੇ ਹਨ। ਉਹ ਤਿੰਨ-ਚਾਰ ਵਾਰ ਹਵੇਲੀ ਨੂੰ ਡੇਗਣ ਦੀ ਕੋਸ਼ਿਸ਼ ਵੀ ਕਰ ਚੁੱਕੇ ਹਨ, ਪਰ ਨਾਕਾਮ ਰਹੇ।

ਖ਼ੈਬਰ ਪਖਤੂਨਖਵਾ ਦੇ ਹੈਰੀਟੇਜ ਡਿਪਾਰਟਮੈਂਟ ਨੇ ਇਸ ਮਾਮਲੇ ਵਿਚ ਇਸਰਾਰ ਖ਼ਿਲਾਫ਼ ਐੱਫਆਈਆਰ ਦਰਜ ਕਰਵਾ ਰੱਖੀ ਹੈ। 102 ਸਾਲ ਪਹਿਲਾਂ 'ਕਪੂਰ ਹਵੇਲੀ' ਦਾ ਨਿਰਮਾਣ ਰਿਸ਼ੀ ਕਪੂਰ ਦੇ ਦਾਦਾ ਪ੍ਰਿਥਵੀਰਾਜ ਕਪੂਰ ਦੇ ਪਿਤਾ ਬਸ਼ੇਸ਼ਵਰਨਾਥ ਕਪੂਰ ਨੇ ਕਰਵਾਇਆ ਸੀ। ਰਿਸ਼ੀ ਕਪੂਰ ਦੇ ਪਿਤਾ ਰਾਜ ਕਪੂਰ ਅਤੇ ਦਾਦਾ ਪ੍ਰਿਥਵੀਰਾਜ ਕਪੂਰ ਦਾ ਜਨਮ ਇਸੇ ਹਵੇਲੀ ਵਿਚ ਹੋਇਆ ਸੀ। 1947 ਵਿਚ ਦੇਸ਼ ਦੀ ਵੰਡ ਮਗਰੋਂ ਕਪੂਰ ਪਰਿਵਾਰ ਭਾਰਤ ਚਲਾ ਗਿਆ ਸੀ।

Related Post