ਕਈ ਹਿੱਟ ਗਾਇਕਾਂ ਦੇ ਉਸਤਾਦ ਸਨ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਇਸ ਤਰ੍ਹਾਂ ਦਾ ਰਿਹਾ ਸੰਗੀਤਕ ਸਫ਼ਰ

By  Rupinder Kaler March 11th 2020 05:56 PM

ਪੰਜਾਬੀ ਸੰਗੀਤ ਜਗਤ ਵਿੱਚ ਕੁਝ ਅਜਿਹੇ ਗਾਇਕ ਹੋਏ ਹਨ ਜਿਨ੍ਹਾਂ ਦਾ ਨਾਂਅ ਬਹੁਤ ਹੀ ਅਦਬ ਨਾਲ ਲਿਆ ਜਾਂਦਾ ਹੈ, ਅਜਿਹਾ ਹੀ ਇੱਕ ਨਾਂਅ ਹੈ ਕਈ ਢਾਡੀਆਂ ਤੇ ਕਵੀਸ਼ਰਾਂ ਦੇ ਉਸਤਾਦ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ।ਕਰਨੈਲ ਸਿੰਘ ਪਾਰਸ ਰਾਮੂਵਾਲੀਆ ਉਹ ਸ਼ਖਸ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਇਕ ਦਿੱਤੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਜ਼ਿੰਦਗੀ ਤੋਂ ਜਾਣੂੰ ਕਰਾਵਾਂਗੇ ।ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਵਿਖੇ 28 ਜੂਨ 1916 ਨੂੰ ਹੋਇਆ ।

ਉਹਨਾਂ ਦਾ ਨਾਂਅ ਘਰਦਿਆਂ ਨੇ ਗਮਦੂਰ ਸਿੰਘ ਰੱਖਿਆ ਜੋ ਬਾਅਦ 'ਚ ਬਦਲ ਕੇ ਕਰਨੈਲ ਸਿੰਘ ਹੋ ਗਿਆ। ਉਹਨਾਂ ਦੇ ਪਿਤਾ ਦਾ ਨਾਂ ਤਾਰਾ ਸਿੰਘ ਗਿੱਲ ਤੇ ਮਾਤਾ ਦਾ ਨਾਂ ਰਾਮ ਕੌਰ ਰਾਮੀ ਸੀ। ਚੰਗੀ ਜ਼ਮੀਨ ਹੋਣ ਕਰਕੇ ਕਰਨੈਲ ਸਿੰਘ ਪਾਰਸ ਨੂੰ ਸਕੂਲ ਨਹੀਂ ਭੇਜਿਆ ਗਿਆ । ਸਕੂਲ ਨਾਂਅ ਜਾਣ ਦੇ ਬਾਵਜੂਦ ਉਹਨਾਂ ਨੇ ਊੜਾ-ਐੜਾ ਸਿੱਖ ਲਿਆ । ਇਸ ਤੋਂ ਬਾਅਦ ਕਰਨੈਲ ਦੀ ਦਾਦੀ ਨੇ ਉਸ ਨੂੰ ਡੇਰੇ ਪੜ੍ਹਾਉਂਦੇ ਮਹੰਤ ਕ੍ਰਿਸ਼ਨਾ ਨੰਦ ਕੋਲ ਸਹੀ ਤਰੀਕੇ ਨਾਲ ਵਿੱਦਿਆ ਹਾਸਲ ਕਰਨ ਲਈ ਭੇਜਿਆ। ਜਦੋਂ ਨੇਤਰਹੀਣ ਮਹੰਤ ਨੇ ਉਸ ਨੂੰ ਪੰਜ ਪੌੜੀਆਂ ਦਾ ਸਬਕ ਦਿੱਤਾ ਤਾਂ ਪਾਰਸ ਨੇ ਤਿੰਨ-ਚਾਰ ਘੰਟਿਆਂ 'ਚ ਯਾਦ ਕਰ ਕੇ ਸੁਣਾ ਦਿੱਤਾ। ਮਹੰਤ ਇਹ ਸਭ ਵੇਖ ਕੇ ਬਹੁਤ ਖ਼ੁਸ਼ ਹੋਇਆ ਤੇ ਕਹਿਣ ਲੱਗਾ 'ਕਾਕਾ ਤੂੰ ਕਦੋਂ ਆਇਆ ਤੇ ਕਦੋਂ ਸਿੱਖ ਗਿਆ। ਤੂੰ ਤਾਂ ਪਾਰਸ ਏਂ ਪਾਰਸ।'

https://www.youtube.com/watch?v=P1VwEClLunk

ਇਸ ਤਰ੍ਹਾਂ ਕਰਨੈਲ ਦੇ ਨਾਂ ਨਾਲ 'ਪਾਰਸ' ਜੁੜ ਗਿਆ। ਕਹਿੰਦੇ ਹਨ ਕਿ ਪਾਰਸ ਦੇ ਬਚਪਣ ਵਿੱਚ ਕਵੀਸ਼ਰ ਮੰਗਾ ਸਿੰਘ ਭੂੰਦੜ, ਅੱਛਰੂ ਰਾਮ, ਸ਼ੇਰ ਸਿੰਘ ਸੰਦਲ ਤਖ਼ਤੂਪੁਰ, ਕ੍ਰਿਸ਼ਨ ਲਾਲ ਸ਼ਰਮਾ ਦੀ ਬਹੁਤ ਚੜਾਈ ਸੀ ਜਿਸ ਨੂੰ ਦੇਖ ਕੇ ਪਾਰਸ ਨੇ ਵੀ ਕਵੀਸ਼ਰੀ ਸਿੱਖਣ ਦਾ ਮਨ ਬਣਾ ਲਿਆ ।ਮੁਕਤਸਰ ਸਾਹਿਬ ਦੇ ਮੇਲੇ ਵਿੱਚ ਪਾਰਸ ਦੀ ਮੁਲਾਕਾਤ ਕਵੀਸ਼ਰ ਮੋਹਨ ਸਿੰਘ ਰੋਡਿਆਂ ਨਾਲ ਹੋ ਗਈ ਤੇ ਉਹਨਾਂ ਨੇ ਮੋਹਨ ਸਿੰਘ ਰੋਡਿਆਂ ਵਾਲੇ ਨੂੰ ਉਸਤਾਦ ਧਾਰ ਲਿਆ ।ਕਵੀਸ਼ਰੀ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਪਾਰਸ ਨੇ ਸਿੱਧਵਾ ਵਾਲੇ ਰਣਜੀਤ ਸਿੰਘ ਨਾਲ ਆਪਣਾ ਜੱਥਾ ਬਣਾ ਕੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ।

1954 'ਚ ਪਾਰਸ ਨੇ ਆਲ ਇੰਡੀਆ ਰੇਡੀਓ ਜਲੰਧਰ 'ਤੇ ਪਹਿਲੀ ਵਾਰ ਕਵਿਤਾਵਾਂ ਗਾਈਆਂ। ਰੇਡੀਓ ਤੇ ਆਉਣ ਤੋਂ ਬਾਅਦ ਮਿਊਜ਼ਿਕ ਕੰਪਨੀ ਐੱਚਐੱਮਵੀ ਨੇ ਕਰਨੈਲ ਸਿੰਘ ਪਾਰਸ ਤੱਕ ਪਹੁੰਚ ਕੀਤੀ ਤੇ ਉਹਨਾਂ ਦੀ ਕਵੀਸ਼ਰੀ ਦੇ ਤਵੇ ਮਾਰਕੀਟ 'ਚ ਰਿਲੀਜ਼ ਕੀਤੇ। ਉਹਨਾਂ ਦਾ ਤਵਾ 'ਕਿਓ ਫੜੀ ਸਿਪਾਹੀਆਂ ਭੈਣੋਂ ਇਹ ਹੰਸਾਂ ਦੀ ਜੋੜੀ' ਕਰੀਬ ਡੇਢ ਲੱਖ ਤੋਂ ਵੱਧ ਵਿਕਿਆ। ਫਿਰ ਕਰਨੈਲ ਸਿੰਘ ਦੇ ਲਿਖੇ ਕਿੱਸਿਆਂ ਦੀਆਂ ਕਿਤਾਬਾਂ ਵੀ ਮੇਲਿਆਂ, ਬਾਜ਼ਾਰਾਂ 'ਚ ਵਿਕਣ ਲੱਗੀਆਂ।

ਪਾਰਸ ਦੀ ਕਵੀਸ਼ਰੀ ਦੇ ਲਗਪਗ 22 ਰਿਕਾਰਡ ਮਾਰਕੀਟ ਵਿਚ ਆਏ, ਜਿਨ੍ਹਾਂ ਨੇ ਰਿਕਾਰਡ ਤੋੜ ਕਮਾਈ ਕੀਤੀ। ਇਸ ਮਹਾਨ ਕਵੀਸ਼ਰ ਨੂੰ ਚੰਗੀ ਗਾਇਕੀ ਲਈ ਕਈ ਮਾਣ ਸਨਮਾਣ ਵੀ ਮਿਲੇ, ਜਿਨ੍ਹਾਂ 'ਚ ਪੰਜਾਬ ਸਰਕਾਰ ਵੱਲੋਂ 1985 'ਚ ਮਿਲਿਆ 'ਸ਼੍ਰੋਮਣੀ ਕਵੀਸ਼ਰ ਦਾ ਪੁਰਸਕਾਰ' ਵੀ ਸ਼ਾਮਲ ਹੈ। ਕਵੀਸ਼ਰੀ ਦੇ ਥੰਮ੍ਹ ਮੰਨੇ ਗਏ ਕਰਨੈਲ ਸਿੰਘ ਪਾਰਸ ਨੇ 28 ਫਰਵਰੀ 2009 ਨੂੰ ਹਮੇਸ਼ਾ ਲਈ ਸਰੀਰਕ ਤੌਰ 'ਤੇ ਦੁਨੀਆ ਨੂੰ ਅਲਵਿਦਾ ਆਖ ਦਿੱਤੀ।

Related Post