'ਸੰਦਲੀ ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ ਮੁੰਡਿਆ' ਸਣੇ ਕਈ ਹਿੱਟ ਗੀਤ ਦੇਣ ਵਾਲੀ ਮੰਨਤ ਨੂਰ ਦਾ ਸੰਗੀਤਕ ਸਫ਼ਰ ਇਸ ਤਰ੍ਹਾਂ ਹੋਇਆ ਸੀ ਸ਼ੁਰੂ,ਇਸ ਗਾਇਕ ਨਾਲ ਗਾਉਣ ਦੀ ਹੈ ਦਿਲੀ ਇੱਛਾ

By  Shaminder November 16th 2019 01:21 PM

ਮੰਨਤ ਨੂਰ ਜਿਨ੍ਹਾਂ ਨੇ 'ਸੰਦਲੀ ਸੰਦਲੀ ਨੈਣਾਂ' ਗੀਤ ਗਾ ਕੇ ਪੰਜਾਬੀ ਸੰਗੀਤ ਜਗਤ 'ਚ ਆਪਣੀ ਅਜਿਹੀ ਪਛਾਣ ਬਣਾਈ ਕਿ ਇਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਕਾਮਯਾਬ ਗਾਇਕਾਂ ਦੀ ਸੂਚੀ 'ਚ ਸ਼ੁਮਾਰ ਹੋ ਗਿਆ । ਮੰਨਤ ਨੂਰ ਜੱਦੀ ਤੌਰ 'ਤੇ ਜੰਮੂ ਦੇ ਰਹਿਣ ਵਾਲੇ ਹਨ ਜਦਕਿ ਉਨ੍ਹਾਂ ਦੀ ਇੱਕ ਭੈਣ ਦਾ ਵਿਆਹ ਮੋਹਾਲੀ 'ਚ ਹੋਇਆ ਹੈ । ਜਿਸ ਕਾਰਨ ਉਨ੍ਹਾਂ ਦਾ ਆਉਣ ਜਾਣ ਪੰਜਾਬ 'ਚ ਲੱਗਿਆ ਰਹਿੰਦਾ ਹੈ ।

ਹੋਰ ਵੇਖੋ:ਕਿੰਨਾ ਬਦਲ ਗਈ ਗੀਤਾਂ ‘ਚ ਮਾਡਲਿੰਗ ਅਤੇ ਅਦਾਕਾਰੀ ਕਰਨ ਵਾਲੀ ਸੁੱਖੀ ਪਵਾਰ ਉਰਫ਼ ਮੰਨਤ ਸਿੰਘ !

ਮੰਨਤ ਨੂਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ ਅਤੇ ਕਾਲਜ ਦੀਆਂ ਸਟੇਜਾਂ 'ਤੇ ਉਹ ਅਕਸਰ ਗਾਉਂਦੇ ਹੁੰਦੇ ਸੀ ।ਜਿਸ ਕਾਰਨ ਉਨ੍ਹਾਂ ਦਾ ਇਹ ਸ਼ੌਂਕ ਪ੍ਰੋਫੈਸ਼ਨ 'ਚ ਤਬਦੀਲ ਹੋ ਗਿਆ ।ਉਹ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਚੇਰੀ ਸਿੱਖਿਆ ਲਈ ਚੰਡੀਗੜ੍ਹ ਆ ਗਏ ਸਨ ।

ਇੱਥੇ ਵੀ ਉਹ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ ਅਤੇ ਹਮੇਸ਼ਾ ਹੀ ਉਨ੍ਹਾਂ ਦੇ ਇਸ ਹੁਨਰ ਨੂੰ ਹੌਂਸਲਾ ਅਫਜ਼ਾਈ ਮਿਲਦੀ ਰਹਿੰਦੀ ਸੀ ।ਪਰਿਵਾਰ ਵੱਲੋਂ ਉਨ੍ਹਾਂ ਨੂੰ ਇਸ ਖੇਤਰ 'ਚ ਆਉਣ ਲਈ ਹਮੇਸ਼ਾ ਹੀ ਸਹਿਯੋਗ ਮਿਲਿਆ ਪਰ ਸਭ ਤੋਂ ਜ਼ਿਆਦਾ ਉਨ੍ਹਾਂ ਦੀ ਭੈਣ ਦੀ ਹੌਂਸਲਾ ਅਫਜ਼ਾਈ ਕਰਦੀ ਸੀ ਜਿਨ੍ਹਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ ।

ਉਨ੍ਹਾਂ ਨੇ 'ਸਾਰੀ ਰਾਤ ਨੱਚਣਾ' ਨਾਲ ਪੰਜਾਬੀ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ । ਪਵਿਤਰ ਪੀਤਾ ਜੋ ਕਿ ਇੱਕ ਪ੍ਰੋਡਿਊਸਰ ਹਨ ਉਨ੍ਹਾਂ ਦੀ ਮਦਦ ਨਾਲ ਇਹ ਗੀਤ ਗਾਉਣ ਦਾ ਮੌਕਾ ਮਿਲਿਆ ਸੀ ਅਤੇ ਉਹ ਹੀ ਗਾਇਕੀ ਦੇ ਖੇਤਰ 'ਚ ਉਨ੍ਹਾਂ ਨੂੰ ਲੈ ਕੇ ਆਏ ਸਨ। ਉਨ੍ਹਾਂ ਦੇ ਆਈਡਲ ਅਲਕਾ ਯਾਗਨਿਕ ਹਨ ਅਤੇ ਉਨ੍ਹਾਂ ਨੂੰ ਆਪਣੇ ਦੂਜੀ ਮਾਂ ਮੰਨਦੇ ਹਨ ।

ਪਹਿਲਾ ਇੰਟਰਵਿਊ ਉਨ੍ਹਾਂ ਨੇ ਪੀਟੀਸੀ ਪੰਜਾਬੀ ਨੂੰ ਹੀ ਦਿੱਤਾ ਸੀ ।ਦਿਲਜੀਤ ਦੋਸਾਂਝ ਦੀ ਗਾਇਕੀ ਉਨ੍ਹਾਂ ਨੂੰ ਬਹੁਤ ਪਸੰਦ ਅਤੇ ਉਨ੍ਹਾਂ ਦੀ ਰੀਝ ਹੈ ਕਿ ਉਨ੍ਹਾਂ ਨੂੰ ਦਿਲਜੀਤ ਨਾਲ ਗਾਉਣ ਦਾ ਮੌਕਾ ਮਿਲੇ । ਉਨ੍ਹਾਂ ਨੂੰ ਅਲਕਾ ਯਾਗਨਿਕ ਦਾ ਗਾਇਆ 'ਮੰਨਤ' ਮੂਵੀ ਦਾ ਗੀਤ 'ਉਮਰਾਂ ਦੀ ਸਾਂਝ ਹੋਵੇ' ਬੇਹੱਦ ਪਸੰਦ ਹੈ ।

 

Related Post