ਦੁਰਗਾ ਰੰਗੀਲਾ ਨੇ 'ਕਾਲੀ ਗਾਨੀ ਮਿੱਤਰਾਂ ਦੀ' ਵਰਗੇ ਦਿੱਤੇ ਹਿੱਟ ਗੀਤ,ਬਾਲੀਵੁੱਡ 'ਚ ਵੀ ਮਨਵਾ ਚੁੱਕੇ ਆਪਣੀ ਗਾਇਕੀ ਦਾ ਲੋਹਾ, ਇਸ ਮੰਤਰੀ ਨੇ ਦਿੱਤਾ ਸੀ ਰੰਗੀਲਾ ਨਾਂਅ  

By  Shaminder August 23rd 2019 04:49 PM -- Updated: August 23rd 2019 05:02 PM

ਦੁਰਗਾ ਰੰਗੀਲਾ ਜਿਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ ।ਉਨ੍ਹਾਂ ਦੇ ਗੀਤਾਂ ਵਿੱਚੋਂ ਸੂਫ਼ੀ ਰੰਗ ਦੇ ਨਾਲ –ਨਾਲ ਲੋਕ ਗੀਤ,ਧਾਰਮਿਕ ਅਤੇ ਹਰ ਰੰਗ ਵੇਖਣ ਨੂੰ ਮਿਲਦਾ ਹੈ । 22 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤਾ ਹੈ । ਉਨ੍ਹਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਪਿਤਾ ਸਾਧੂ ਰਾਮ ਦੇ ਘਰ ਜਨਮੇ ਦੁਰਗਾ ਰੰਗੀਲਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਪ੍ਰਾਇਮਰੀ ਸਕੂਲ 'ਚ ਪੜ੍ਹਾਈ ਦੌਰਾਨ ਉਹ ਆਪਣੇ ਹੁਨਰ ਦਾ ਮੁਜ਼ਾਹਰਾ ਸਕੁਲ ਦੇ ਪ੍ਰੋਗਰਾਮਾਂ 'ਚ ਕਰਦੇ ਰਹਿੰਦੇ ਸਨ ।

ਹੋਰ ਵੇਖੋ:ਗੀਤਕਾਰ ਵਿਜੈ ਧਾਮੀ ਨੇ ਲਿਖੇ ਹਨ ਕਈ ਹਿੱਟ ਗੀਤ ‘ਪਵਾੜੇ ਸੋਹਣਿਆਂ ਦੀ ਵੰਗ’ ਨੇ ਦਿਵਾਈ ਕੌਮਾਂਤਰੀ ਪੱਧਰ ਤੇ ਪਛਾਣ

ਕਿਉਂਕਿ ਉਨ੍ਹਾਂ ਦੇ ਪਿਤਾ ਵੀ ਪਾਠੀ ਸਨ ਇਸ ਲਈ ਸੰਗੀਤ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ । ਦੁਰਗਾ ਰੰਗੀਲਾ ਨੇ ਹੋਸ਼ ਸੰਭਾਲੀ ਤਾਂ ਉਨ੍ਹਾਂ ਨੇ ਪੰਡਤ ਰਾਮ ਲਾਲ ਜੀ ਤੋਂ ਸੰਗੀਤ ਦੇ ਗੁਰ ਸਿੱਖੇ ਅਤੇ ਕਰੀਬ 14 ਸਾਲ ਤੱਕ ਉਨ੍ਹਾਂ ਦੀ ਸੁਹਬਤ 'ਚ ਰਹੇ । ਆਪਣੇ ਗੁਜ਼ਾਰੇ ਲਈ ਉਹ ਮਾਤਾ ਦੀਆਂ ਭੇਂਟਾ ਗਾਉਂਦੇ ਅਤੇ ਇਸ ਦੇ ਨਾਲ ਹੀ ਅਖਾੜੇ ਵੀ ਲਗਾਉਂਦੇ ਸਨ ।

ਉਨ੍ਹਾਂ ਦੇ ਨਾਂਅ ਨਾਲ ਰੰਗੀਲਾ ਤਖ਼ੱਲਸ ਲਗਾਉਣ ਦੀ ਗੱਲ ਕੀਤੀ ਜਾਵੇ ਤਾਂ ਗਿਆਨੀ ਜ਼ੈਲ ਸਿੰਘ ਜੋ ਉਸ ਸਮੇਂ ਮੰਤਰੀ ਸਨ । ਇੱਕ ਪ੍ਰੋਗਰਾਮ ਦੌਰਾਨ ਜਦੋਂ ਦੁਰਗਾ ਰੰਗੀਲਾ ਨੇ ਗਾਣਾ ਗਾਇਆ ਤਾਂ ਗਿਆਨੀ ਜ਼ੈਲ ਸਿੰਘ ਉਨ੍ਹਾਂ ਦੇ ਗਾਣੇ ਤੋਂ ਏਨਾ ਖ਼ੁਸ਼ ਹੋਏ ਕਿ ਉਨ੍ਹਾਂ ਨੇ ਦੁਰਗਾ ਰੰਗੀਲਾ ਦਾ ਨਾਂਅ ਪੁੱਛਿਆ ਤਾਂ ਕਿਹਾ ਕਿ ਇਸ ਨੇ ਤਾਂ ਰੰਗ ਬੰਨ ਦਿੱਤਾ ਹੈ ਇਸ ਦਾ ਨਾਂਅ ਤਾਂ ਦੁਰਗਾ ਰੰਗੀਲਾ ਹੋਣਾ ਚਾਹੀਦਾ ਹੈ । ਬਸ ਫਿਰ ਕੀ ਸੀ ਇਸ ਤੋਂ ਬਾਅਦ ਉਨ੍ਹਾਂ ਨੇ ਇਸੇ ਤਰ੍ਹਾਂ ਰੰਗੀਲਾ ਨੂੰ ਆਪਣੇ ਨਾਂਅ ਨਾਲ ਜੁੜਿਆ ਰਹਿਣ ਦਿੱਤਾ ।

ਉਨ੍ਹਾਂ ਨੇ ਆਪਣੀ ਪਹਿਲੀ ਕੈਸੇਟ 80-90ਦੇ ਦਹਾਕੇ 'ਚ ਕੱਢੀ ਸੀ ਜਿਸ 'ਚ ਇੱਕ ਗੀਤ ਬਹੁਤ ਹੀ ਮਕਬੂਲ ਹੋਇਆ ਸੀ 'ਜੀਅ ਵੇ ਜੀਅ ਸੋਹਣਿਆਂ'। ਇਸ ਤੋਂ ਬਾਅਦ ਉਨ੍ਹਾਂ ਦੇ ਸੰਗੀਤ ਸਮਰਾਟ ਚਰਨਜੀਤ ਆਹੁਜਾ ਜੀ ਤੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ । ਦੁਰਗਾ ਰੰਗੀਲਾ ਨੇ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ 'ਚ ਵੀ ਗਾਇਆ ਉਨ੍ਹਾਂ ਨੇ ਪਹਿਲੀ ਬਾਲੀਵੁੱਡ ਫ਼ਿਲਮ 'ਚ ਗਾਇਆ ਉਹ ਸੀ ਅਮਰੀਸ਼ ਪੁਰੀ ਦੀ ਫ਼ਿਲਮ ਸ਼ਹੀਦ ਉਧਮ ਸਿੰਘ 'ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ' ।

ਦੁਰਗਾ ਰੰਗੀਲਾ ਨੇ ਗਾਇਕੀ ਦਾ ਹਰ ਦੌਰ ਵੇਖਿਆ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਲੀਕ ਤੋਂ ਹਟ ਕੇ ਕਦੇ ਵੀ ਕੁਝ ਅਜਿਹਾ ਨਹੀਂ ਗਾਉਣਗੇ ਜਿਸ ਨਾਲ ਪੰਜਾਬੀ ਸੱਭਿਆਚਾਰ ਨੂੰ ਢਾਹ ਲੱਗੇ ।

ਉਨ੍ਹਾਂ ਦਾ ਗੀਤ 'ਕਾਲੀ ਗਾਨੀ ਮਿੱਤਰਾਂ ਦੀ' ਕਾਫੀ ਮਕਬੂਲ ਹੋਇਆ ਸੀ ਅਤੇ ਸਰੋਤੇ ਅੱਜ ਵੀ ਇਸ ਗੀਤ ਨੂੰ ਸੁਣਦੇ ਹਨ । ਵਿਹਲੇ ਸਮੇਂ 'ਚ ਦੁਰਗਾ ਰੰਗੀਲਾ ਆਪਣੇ ਬੱਚਿਆਂ ਨਾਲ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ । ਇਸ ਤੋਂ ਇਲਾਵਾ ਵਿਹਲੇ ਸਮੇਂ 'ਚ ਉਹ ਰਿਆਜ਼ ਕਰਨਾ ਪਸੰਦ ਕਰਦੇ ਹਨ ।ਦੁਰਗਾ ਰੰਗੀਲਾ ਜਿਨ੍ਹਾਂ ਨੇ ਕਲਾਸੀਕਸਲ ਸੰਗੀਤ ਤੋਂ ਲੈ ਕੇ ਲੋਕ ਗੀਤਾਂ ਦੀ ਹਰ ਵੰਨਗੀ ਨੂੰ ਗਾਇਆ ਹੈ ।

 

 

Related Post