ਹਿੰਦੀ ਫ਼ਿਲਮਾਂ ‘ਚ ਖਲਨਾਇਕਾ ਦੇ ਤੌਰ ‘ਤੇ ਜਾਣੀ ਜਾਂਦੀ ਇਸ ਅਦਾਕਾਰਾ ਦੀ ਮੌਤ ਹੋਈ ਸੀ ਬਹੁਤ ਹੀ ਦਰਦਨਾਕ, ਇੱਕ ਥੱਪੜ ਨੇ ਬਦਲ ਦਿੱਤੀ ਸੀ ਜ਼ਿੰਦਗੀ

By  Shaminder April 18th 2020 01:59 PM

ਹਿੰਦੀ ਫ਼ਿਲਮ ਇੰਡਸਟਰੀ ‘ਚ ਖਲਨਾਇਕਾ ਦੇ ਕਿਰਦਾਰ ਬਹੁਤ ਸਾਰੀਆਂ ਹੀਰੋਇਨਾਂ ਨੇ ਨਿਭਾਏ। 80 ਦੇ ਦਹਾਕੇ ਦੀ ਗੱਲ ਕੀਤੀ ਜਾਵੇ ਤਾਂ ਲਲਿਤਾ ਪਵਾਰ ਦਾ ਨਾਂਅ ਇਨ੍ਹਾਂ ਖਲਨਾਇਕਾਵਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਆਉਂਦਾ ਹੈ । ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਸਦਕਾ ਇੰਡਸਟਰੀ ‘ਤੇ ਲੰਬਾ ਅਰਸਾ ਰਾਜ ਕੀਤਾ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਲਲਿਤਾ ਪਵਾਰ ਦਾ ਜਨਮ 18 ਅਪ੍ਰੈਲ 1916 ਨੂੰ ਅੱਜ ਦੇ ਦਿਨ ਹੋਇਆ ਸੀ ।

ਨਾਸਿਕ ਵਿੱਚ ਜਨਮੀ ਇਸ ਹੀਰੋਇਨ ਦਾ ਦਿਹਾਂਤ 24 ਫਰਵਰੀ 1998 ਨੂੰ ਹੋ ਗਿਆ ਸੀ । ਲਲਿਤਾ ਨੇ ਆਪਣੇ ਕਰੀਅਰ ਵਿੱਚ ਕਈ ਫ਼ਿਲਮਾਂ ਤੇ ਟੀਵੀ ਦੇ ਕਈ ਲੜੀਵਾਰ ਨਾਟਕਾਂ ਵਿੱਚ ਕੰਮ ਕੀਤਾ ਸੀ । ਲਲਿਤਾ ਦਾ ਸਭ ਤੋਂ ਮਸ਼ਹੂਰ ਕਿਰਦਾਰ ਰਮਾਇਣ ਵਿੱਚ ਮੰਥਰਾ ਦਾ ਸੀ । ਲ਼ਲਿਤਾ ਦਾ ਅਸਲੀ ਨਾਂ ਅੰਬਾ ਸੀ । ਲਲਿਤਾ ਕਦੇ ਵੀ ਸਕੂਲ ਨਹੀਂ ਸੀ ਗਈ ਕਿਉਂਕਿ ਉਸ ਸਮੇਂ ਕੁੜੀਆਂ ਨੂੰ ਸਕੂਲ ਭੇਜਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ । ਲਲਿਤਾ ਨੇ ਫ਼ਿਲਮਾਂ ਵਿੱਚ ਬਚਪਨ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਲਲਿਤਾ ਨੇ ਪਹਿਲੀ ਵਾਰ ਇੱਕ ਗੂੰਗੀ ਫ਼ਿਲਮ ਵਿੱਚ ਕੰਮ  ਕੀਤਾ ਸੀ । ਇਸ ਫ਼ਿਲਮ ਲਈ ਉਹਨਾਂ ਨੂੰ ਸਿਰਫ਼ 18 ਰੁਪਏ ਦਿੱਤੇ ਗਏ ਸਨ ।

ਲਲਿਤਾ ਚੰਗੀ ਅਦਾਕਾਰਾ ਦੇ ਨਾਲ ਨਾਲ ਵਧੀਆ ਗਾਇਕਾ ਵੀ ਸੀ । ਉਹਨਾਂ ਦਾ ਕਰੀਅਰ ਸਿਖਰਾਂ ਤੇ ਸੀ ਪਰ ਛੇਤੀ ਹੀ ਇਸ ਨੂੰ ਕਿਸੇ ਦੀ ਨਜ਼ਰ ਲੱਗ ਗਈ । 1942 ਵਿੱਚ ਲਲਿਤਾ ਫ਼ਿਲਮ 'ਜੰਗ-ਏ-ਆਜ਼ਾਦੀ' ਦੇ ਇੱਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ । ਇਸ ਸੀਨ ਵਿੱਚ ਭਗਵਾਨ ਦਾਦਾ ਨਾਂ ਦੇ ਅਦਾਕਾਰ ਨੇ ਲਲਿਤਾ ਨੂੰ ਥੱਪੜ ਮਾਰਨਾ ਸੀ ।ਉਹਨਾਂ ਨੇ ਲਲਿਤਾ ਨੂੰ ਏਨੀਂ ਜ਼ੋਰ ਦੀ ਥੱਪੜ ਮਾਰਿਆ ਕਿ ਉਹਨਾਂ ਦੇ ਕੰਨ ਵਿੱਚੋਂ ਖੂਨ ਵਗਨ ਲੱਗ ਗਿਆ ਸੀ ।

ਇਲਾਜ਼ ਦੇ ਦੌਰਾਨ ਡਾਕਟਰ ਨੇ ਉਹਨਾਂ ਨੂੰ ਕੋਈ ਗਲਤ ਦਵਾਈ ਦੇ ਦਿੱਤੀ ਸੀ ਜਿਸ ਕਰਕੇ ਉਹਨਾਂ ਦੇ ਸਰੀਰ ਦੇ ਇੱਕ ਹਿੱਸੇ ਨੂੰ ਲਕਵਾ ਮਾਰ ਗਿਆ ਸੀ । ਇਸੇ ਕਰਕੇ ਉਹਨਾਂ ਦੀ ਇੱਕ ਅੱਖ ਥੋੜੀ ਛੋਟੀ ਹੋ ਗਈ ਤੇ ਚਿਹਰਾ ਖਰਾਬ ਹੋ ਗਿਆ । ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ । ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ 1948 ਵਿੱਚ ਇੱਕ ਵਾਰ ਫਿਰ ਵਾਪਸੀ ਕੀਤੀ । ਉਹਨਾਂ ਨੇ ਅਨਾੜੀ, ਮੇਮ ਦੀਦੀ, ਸ਼੍ਰੀ 420 ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ  ਕੀਤਾ । ਲਲਿਤਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਹਿਲੇ ਪਤੀ ਗਣਪਤ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ । ਗਣਪਤ ਨੂੰ ਉਹਨਾਂ ਦੀ ਛੋਟੀ ਭੈਣ ਨਾਲ ਪਿਆਰ ਹੋ ਗਿਆ ਸੀ । ਜਿਸ ਦੀ ਵਜ੍ਹਾ ਕਰਕੇ 7੦੦ ਫ਼ਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਲਲਿਤਾ ਨੇ ਚੁੱਪੀ ਵੱਟ ਲਈ ਸੀ ।ਲਲਿਤਾ ਦਾ ਦਿਹਾਂਤ ਉਦੋਂ ਹੋਇਆ ਜਦੋਂ ਉਹਨਾਂ ਦੇ ਪਤੀ ਰਾਜਪ੍ਰਕਾਸ਼ ਹਸਪਤਾਲ ਵਿੱਚ ਭਰਤੀ ਸਨ । ਉਹਨਾਂ ਦੀ ਮੌਤ ਦੀ ਖ਼ਬਰ ਤਿੰਨ ਦਿਨ ਬਾਅਦ ਮਿਲੀ ਜਦੋਂ ਉਹਨਾਂ ਦੇ ਬੇਟੇ ਨੇ ਲਲਿਤਾ ਨੂੰ ਫੋਨ ਕੀਤਾ ਤੇ ਉਹਨਾਂ ਨੇ ਉਠਾਇਆ ਨਹੀਂ ਸੀ । ਘਰ ਦਾ ਦਰਵਾਜ਼ਾ ਤੋੜਕੇ ਪੁਲਿਸ ਨੇ ਉਹਨਾਂ ਦੀ ਤਿੰਨ ਦਿਨ ਪੁਰਾਨੀ ਲਾਸ਼ ਬਰਾਮਦ ਕੀਤੀ ਸੀ ।

Related Post