ਕਿਸੇ ਸਮੇਂ ਪੰਜਾਬੀ ਫ਼ਿਲਮਾਂ ਦੀ ਹੇਮਾ ਮਾਲਿਨੀ ਆਖਿਆ ਜਾਂਦਾ ਸੀ ਪੰਜਾਬੀ ਅਦਾਕਾਰਾ ਦਲਜੀਤ ਕੌਰ ਨੂੰ, ਬਾਲੀਵੁੱਡ ‘ਚ ਇਸ ਐਕਟਰ ਨੇ ਦਿਵਾਈ ਸੀ ਐਂਟਰੀ

By  Shaminder March 14th 2020 01:28 PM

ਪੰਜਾਬੀ ਫ਼ਿਲਮਾਂ ਦੀ ਹੇਮਾ ਮਾਲਿਨੀ ਆਖੀ ਜਾਣ ਵਾਲੀ ਦਲਜੀਤ ਕੌਰ ਜਿਨ੍ਹਾਂ ਨੇ ਕਿ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ।ਦਲਜੀਤ ਕੌਰ ਇੱਕ ਅਜਿਹੇ ਅਦਾਕਾਰਾ ਹਨ ਜਿਨ੍ਹਾਂ ਨੇ ਅੱਤਵਾਦ ਤੋਂ ਬਾਅਦ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜਿਤ ਕੀਤਾ । ਪਰ ਪਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ ਅੱਜ ਇੱਕ ਅਜੀਬੋ ਗਰੀਬ ਬਿਮਾਰੀ ਦੇ ਨਾਲ ਜੂਝ ਰਹੀ ਹੈ । ਉਨ੍ਹਾਂ ਨੂੰ ਆਪਣੀ ਫ਼ਿਲਮ ਲਾਈਨ ਅਤੇ ਆਪਣੇ ਬਾਰੇ ਕੁਝ ਵੀ ਯਾਦ ਨਹੀਂ ਰਹਿੰਦਾ ।

ਅੱਜ ਕੱਲ੍ਹ ਉਹ ਮੁੰਬਈ ‘ਚ ਰਹਿ ਰਹੇ ਨੇ । ਉਹ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਨੇ । ਉਨ੍ਹਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਫ਼ਿਲਮ ਇੰਡਸਟਰੀ ‘ਚ ਸੁਨੀਲ ਦੱਤ ਉਨ੍ਹਾਂ ਨੂੰ ਲੈ ਕੇ ਆਏ ਸਨ ।ਉਹ ਕਬੱਡੀ ਅਤੇ ਹਾਕੀ ਦੇ ਵਧੀਆ ਖਿਡਾਰਨ ਰਹੇ ਹਨ । ਕਈ ਦਹਾਕਿਆਂ ਤੱਕ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਰਾਜ ਕਰਨ ਵਾਲੀ ਇਸ ਅਦਾਕਾਰਾ ਦਾ ਜਨਮ ਪੱਛਮੀ  ਬੰਗਾਲ ਦੇ ਸਿਲੀਗੁੜੀ 'ਚ ਹੋਇਆ ਸੀ ।

ਉਸ ਦਾ ਪਰਿਵਾਰ ਟ੍ਰਾਂਸਪੋਰਟ ਦਾ ਕੰਮ ਕਰਦਾ ਸੀ।ਜਿਸ ਕਾਰਨ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਉਨ੍ਹਾਂ ਨੇ ਆਪਣੀ ਪੜ੍ਹਾਈ ਦਾਰਜੀਲਿੰਗ ਦੇ ਇੱਕ ਕਾਨਵੈਂਟ ਸਕੂਲ 'ਚ ਪੂਰੀ ਕੀਤੀ ।ਉਨ੍ਹਾਂ ਨੂੰ ਅਦਾਕਾਰੀ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਸਕੂਲ 'ਚ ਹੁੰਦੇ ਡਾਂਸ ਅਤੇ ਡਰਾਮਿਆਂ 'ਚ ਉਹ ਅਕਸਰ ਭਾਗ ਲੈਂਦੀ ਸੀ ।ਦਲਜੀਤ ਕੌਰ ਪਹਿਲਾਂ ਤਾਂ ਸਿਵਲ ਸਰਵਿਸ ਦੇ ਖੇਤਰ 'ਚ ਜਾਣਾ ਚਾਹੁੰਦੀ ਸੀ, ਪਰ ਦਿੱਲੀ ਦੇ ਇੱਕ ਕਾਲਜ 'ਚ ਦਾਖਲਾ ਲਿਆ ਤਾਂ ਉੱਥੇ ਕੁਝ ਇਹੋ ਜਿਹੀਆਂ ਕੁੜੀਆਂ ਦੇ ਨਾਲ ਮਿਲਾਪ ਹੋਇਆ ਜੋ ਕਿ ਕਲਾ ਦੇ ਖੇਤਰ 'ਚ ਅੱਗੇ ਵੱਧ ਰਹੀਆਂ ਸਨ ।ਜਿਸ ਕਾਰਨ ਦਲਜੀਤ ਕੌਰ ਨੂੰ ਅਦਾਕਾਰੀ ਦੇ ਖੇਤਰ 'ਚ ਅੱਗੇ ਜਾਣ ਦੀ ਪ੍ਰੇਰਣਾ ਮਿਲੀ ।

ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੂੰ ਕਈ ਹਿੰਦੀ ਫ਼ਿਲਮਾਂ ਲਈ ਚੁਣਿਆ ਗਿਆ,ਪਰ ਫ਼ਿਲਮਾਂ ਬਣਨ 'ਚ ਹੁੰਦੀ ਦੇਰੀ ਕਰਕੇ ਉਸ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ । ਪੰਜਾਬੀ ਫ਼ਿਲਮਾਂ 'ਚ ਉਸ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ । ਦਲਜੀਤ ਕੌਰ ਦੇ ਪਰਿਵਾਰ ਦੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਐਤੀਆਣਾ 'ਚ ਪੁਰਾਣੀ ਹਵੇਲੀ ਅਤੇ ਜੱਦੀ ਜ਼ਮੀਨ ਸੀ,ਜਿਸ ਕਾਰਨ ਉਹ ਅਕਸਰ ਪੰਜਾਬ ਆਉਂਦੀ ਰਹਿੰਦੀ ਸੀ ।

Related Post